ਨਹਿਰੀ ਬੰਦੀ: ਸਿਰਸਾ ’ਚ ਨਰਮੇ ਤੇ ਗੁਆਰੇ ਦੀ ਬਿਜਾਈ ਤੋਂ ਕਿਸਾਨ ਖੁੰਝੇ
ਪ੍ਰਭੂ ਦਿਆਲ
ਸਿਰਸਾ, 12 ਜੂਨ
ਹਰਿਆਣਾ ’ਚ ਨਹਿਰ ਬੰਦੀ ਦਾ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਨਹਿਰੀ ਪਾਣੀ ਦੇ ਮਾਮਲੇ ’ਚ ਸਿਰਸਾ ਜ਼ਿਲ੍ਹਾ ਦੇ ਕਿਸਾਨਾਂ ਨੇ ਵਿਤਕਰਾ ਕਰ ਰਹੀ ਹੈ। ਨਹਿਰਾਂ ਦੀ ਲੰਮੀ ਬੰਦੀ ਹੋਣ ਕਾਰਨ ਜ਼ਿਲ੍ਹੇ ਦੇ ਬਹੁਤੇ ਕਿਸਾਨ ਨਰਮਾ, ਕਪਾਹ ਤੇ ਗੁਆਰੇ ਦੀ ਬਿਜਾਈ ਨਹੀਂ ਕਰ ਸਕੇ ਹਨ। ਕਿਸਾਨੀ ਮੁੱਦਿਆਂ ਨੂੰ ਲੈ ਕੇ 13 ਜੂਨ ਨੂੰ ਜਾਟ ਧਰਮਸ਼ਾਲ ’ਚ ਬੀਕੇਈ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਅਗਲੇ ਕਿਸਾਨੀ ਸੰਘਰਸ਼ ਦੀ ਰਣਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਮਗਰੋਂ ਪਾਣੀ ਦੀ ਮੰਗ ਨੂੰ ਲੈ ਕੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ।
ਸ੍ਰੀ ਔਲਖ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜਿਥੇ ਹੁਣ ਕਿਸਾਨਾਂ ਨੂੰ ਲੋਡੀਂਦੀ ਡੀਏਪੀ ਖਾਦ ਨਹੀਂ ਮਿਲ ਰਹੀ ਹੈ ਉਥੇ ਹੀ ਨਕਲੀ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਇਹ ਸਭ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਉਨ੍ਹਾਂ ਕੰਪਨੀਆਂ ਦੇ ਨਕਲੀ ਉਤਪਾਦ ਹਰਿਆਣਾ ਵਿੱਚ ਵੀ ਖੁੱਲ੍ਹੇਆਮ ਵੇਚੇ ਜਾ ਰਹੇ ਹਨ। ਇਸ ਮੀਟਿੰਗ ਵਿੱਚ ਟੇਲ ਤੱਕ ਨਹਿਰੀ ਪਾਣੀ ਦੀ ਸਪਲਾਈ, ਬਿਜਲੀ, ਬੀਮਾ ਪ੍ਰੀਮੀਅਮ ਰਿਫੰਡ, ਬਕਾਇਆ ਬੀਮਾ ਦਾਅਵਾ, ਅੱਗਜ਼ਨੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ, ਜੰਗਲੀ ਸੂਰਾਂ ਦੇ ਆਤੰਕ ਤੋਂ ਰਾਹਤ, ਡੀਐਸਆਰ ਸਕੀਮ ਦੀ ਬਕਾਇਆ ਰਕਮ, ਖੇਤਾਂ ਵਿੱਚ ਪਾਣੀ ਦੀਆਂ ਟੈਂਕੀਆਂ ਦੀ ਬਕਾਇਆ ਰਕਮ ਸਮੇਤ ਸਾਰੇ ਕਿਸਾਨ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ’ਤੇ ਬੀਕੇਈ ਦੇ ਕਿਸਾਨ ਦੀਪੂ ਗਿੱਲ ਪੰਜੂਆਣਾ, ਸਰਬਜੀਤ ਕੰਬੋਜ, ਕੁਲਦੀਪ ਸ਼ਰਮਾ, ਰਾਜਿੰਦਰ ਕੁਮਾਰ, ਹਰਵਿੰਦਰ ਕੁਮਾਰ ਗਾਂਧੀ, ਬਿੰਦਾ ਸਿੰਘ, ਚਰਨ ਸਿੰਘ ਨੰਬਰਦਾਰ, ਰਣਜੀਤ ਸਿੰਘ ਜੀਤਾ ਅਤੇ ਹੋਰ ਕਿਸਾਨ ਮੌਜੂਦ ਸਨ।