ਨਹਿਰ ’ਚੋਂ ਪਾਈਪਾਂ ਪੁੱਟਣ ਮੌਕੇ ਪੁਲੀਸ ਤੇ ਕਿਸਾਨਾਂ ਵਿਚਾਲੇ ਧੱਕਾ-ਮੁੱਕੀ
ਪ੍ਰਭੂ ਦਿਆਲ
ਸਿਰਸਾ, 29 ਮਈ
ਘੱਗਰ ’ਚੋਂ ਕੱਢੇ ਗਈ ਸਦੈਵਾ ਖਰੀਫ ਚੈਨਲ ਨਹਿਰ ’ਚੋਂ ਕਿਸਾਨਾਂ ਵੱਲੋਂ ਪਾਈਆਂ ਗਈਆਂ ਪਾਈਪਾਂ ਹਟਾਉਣ ਦੇ ਵਿਰੋਧ ’ਚ ਅੱਜ ਕਿਸਾਨਾਂ ਤੇ ਪੁਲੀਸ ਵਿਚਾਲੇ ਧੱਕਾ-ਮੁੱਕੀ ਹੋਈ। ਪੁਲੀਸ ਨੇ ਕੁਝ ਕਿਸਾਨਾਂ ਨੂੰ ਰਿਹਾਸਤ ਵਿੱਚ ਲਿਆ ਹੈ। ਕਿਸਾਨਾਂ ਨੇ ਜਿਥੇ ਪਾਈਪਾਂ ਹਟਾਉਣ ’ਤੇ ਤਿੱਖੇ ਅੰਦੋਲਨ ਦੀ ਚਿਤਾਵਨੀ ਦਿੱਤੀ ਉਥੇ ਹੀ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਵੱਲੋਂ ਪਾਈਆਂ ਗਈਆਂ ਗੈਰ-ਕਾਨੂੰਨੀ ਤੌਰ ’ਤੇ ਪਾਈਪਾਂ ਕਾਰਨ ਟੇਲਾਂ ਤੱਕ ਪਾਣੀ ਨਾ ਪਹੁੰਚਣ ਦੀ ਗੱਲ ਕਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਗੈਰ-ਕਾਨੂੰਨੀ ਤੌਰ ’ਤੇ ਨਹਿਰਾਂ ’ਚ ਪਾਈਆਂ ਗਈਆਂ ਪਾਈਪਾਂ ਪੁੱਟੀਆਂ ਜਾਣਗੀਆਂ।
ਪਿੰਡ ਝੋਰੜ ਨਾਲੀ ਨੇੜੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਦੀ ਸਿੰਜਾਈ ਲਈ ਸਦੈਵਾ ਖਰੀਫ ਚੈਨਲ ਨਹਿਰ ’ਚ ਪਾਈਆਂ ਗਈਆਂ ਪਾਈਪਾਂ ਨੂੰ ਹਟਾਉਣ ਲਈ ਸਿੰਜਾਈ ਵਿਭਾਗ ਦੇ ਅਧਿਕਾਰੀ ਤੇ ਪੁਲੀਸ ਵੱਡੀ ਗਿਣਤੀ ’ਚ ਪੁੱਜੇ ਜਿਸ ਦਾ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਢਾਣੀਆਂ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ। ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਹੁੰਚ ਗਏ ਤੇ ਪੁਲੀਸ ਵੱਲੋਂ ਪੁੱਟੀਆਂ ਜਾ ਰਹੀਆਂ ਪਾਈਪਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲੀਸ ਤੇ ਕਿਸਾਨਾਂ ਵਿਚਾਲੇ ਪਹਿਲਾਂ ਤਿੱਖੀ ਬਹਿਸ ਹੋਈ ਜਿਸ ਮਗਰੋਂ ਗੱਲ ਧੱਕਾ-ਮੁੱਕੀ ’ਤੇ ਪਹੁੰਚ ਗਈ। ਪੁਲੀਸ, ਕਿਸਾਨਾਂ ਨੂੰ ਦੂਰ ਤੱਕ ਧੱਕ ਕੇ ਲੈ ਗਈ ਤੇ ਕੁਝ ਕਿਸਾਨ ਆਗੂਆਂ ਨੂੰ ਰਿਹਾਸਤ ਵਿੱਚ ਲੈ ਲਿਆ। ਸਿੰਜਾਈ ਵਿਭਾਗ ਤੇ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਕਿਸਾਨਾਂ ਵੱਲੋਂ ਗੈਰ ਕਾਨੂੰਨੀ ਤੌਰ ’ਤੇ ਨਹਿਰ ਤੇ ਪਾਈਪਾਂ ਦੱਬੀਆਂ ਹੋਈਆਂ ਹਨ, ਜਿਨ੍ਹਾਂ ਤੋਂ ਉਹ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਗੈਰ ਕਾਨੂੰਨੀ ਤੌਰ ’ਤੇ ਪਾਈਆਂ ਗਈਆਂ ਪਾਈਪਾਂ ਕਾਰਨ ਟੇਲਾਂ ਤੱਕ ਪਾਣੀ ਨਹੀਂ ਪਹੁੰਚਦਾ ਜਿਸ ਕਾਰਨ ਅੱਧੀ ਦਰਜਨ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਨਹਿਰਾਂ ’ਚ ਗੈਰ ਕਾਨੂੰਨੀ ਪਾਈਆਂ ਗਈਆਂ ਪਾਈਪਾਂ ਨੂੰ ਹਟਾਇਆ ਜਾਵੇਗਾ। ਉਧਰ ਕਿਸਾਨਾਂ ਨੇ ਕਿਹਾ ਹੈ ਕਿ ਨਹਿਰ ਕਿਸਾਨਾਂ ਦੀ ਜ਼ਮੀਨ ਨੂੰ ਐਕੁਆਇਰ ਕਰਕੇ ਬਣਾਈ ਗਈ ਹੈ ਤੇ ਹੁਣ ਕਿਸਾਨਾਂ ਨੂੰ ਇਸ ਨਹਿਰ ਚੋਂ ਪਾਣੀ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਪਾਈਪਾਂ ਹਟਾਈਆਂ ਗਈਆਂ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।