ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਸੱਤਿਆ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ
ਲੁਧਿਆਣਾ, 12 ਜਨਵਰੀ
ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ ਆਪਣੇ ਸੰਸਥਾਪਕ ਸਤਪਾਲ ਮਿੱਤਲ ਦੀ 33ਵੀਂ ਬਰਸੀ ਮੌਕੇ ਲੁਧਿਆਣਾ ਦੇ ਹੁਸ਼ਿਆਰ ਅਤੇ ਗਰੀਬ ਵਿਦਿਆਰਥੀਆਂ ਲਈ ‘ਸੱਤਿਆ ਸਕਾਲਰਸ਼ਿਪ ਪ੍ਰੋਗਰਾਮ’ ਦਾ ਐਲਾਨ ਕੀਤਾ ਹੈ। ਇਸ ਯੋਗਤਾ-ਕਮ-ਸਾਧਨ-ਅਧਾਰਿਤ ਸਕਾਲਰਸ਼ਿਪ ਪ੍ਰੋਗਰਾਮ ਦਾ ਉਦੇਸ਼ ਸਮਾਜਿਕ-ਆਰਥਿਕ ਪਿਛੋਕੜ ਵਾਲੇ ਯੋਗ ਵਿਦਿਆਰਥੀਆਂ ਦਾ ਸਮਰਥਨ ਕਰਨਾ ਹੈ। ਇਸ ਵਿੱਚ ਲੜਕੀਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਜੋ ਲੁਧਿਆਣਾ ਦੇ ਚੋਣਵੇਂ ਕਾਲਜਾਂ/ਯੂਨੀਵਰਸਿਟੀਆਂ ਵਿੱਚ ਇੰਜਨੀਅਰਿੰਗ (ਬੀ.ਟੈੱਕ, ਬੀ.ਈ., ਬੀ.ਐੱਸਸੀ (ਇੰਜਨੀਅਰਿੰਗ), ਕੰਪਿਊਟਰ ਸਾਇੰਸ, ਮੈਡੀਕਲ (ਐੱਮ.ਬੀ.ਬੀ.ਐੱਸ., ਬੀ.ਡੀ.ਐੱਸ., ਬੀ.ਪੀ.ਟੀ., ਬੀ.ਐੱਸਸੀ (ਨਰਸਿੰਗ) ਬੀ.ਐੱਸਸੀ (ਪੈਰਾ ਮੈਡੀਕਲ), ਅਤੇ ਕਾਮਰਸ (ਬੀ.ਬੀ.ਏ., ਬੀ.ਕਾਮ.) ਵਿੱਚ ਅੰਡਰਗ੍ਰੈਜੂਏਟ ਅਤੇ ਏਕੀਕ੍ਰਿਤ ਪ੍ਰੋਗਰਾਮਾਂ (3-5 ਸਾਲ) ਦੀ ਪੜ੍ਹਾਈ ਕਰ ਰਹੀਆਂ ਹਨ। ਇਹ ਅਗਸਤ 2025 ਵਿੱਚ ਦਾਖਲੇ ਲਈ ਯੋਗ ਵਿਦਿਆਰਥੀਆਂ ’ਤੇ ਲਾਗੂ ਹੋਵੇਗਾ। ਇਸ ਪ੍ਰੋਗਰਾਮ ਤਹਿਤ ਪਹਿਲਾਂ 100 ਵਿਦਿਆਰਥੀਆਂ ਨੂੰ ਸਹੂਲਤ ਦਿੱਤੀ ਜਾਵੇਗੀ।
ਇਸ ਪਹਿਲਕਦਮੀ ਦਾ ਐਲਾਨ ਕਰਦਿਆਂ ਟਰੱਸਟ ਦੇ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ ਕਿ ਇਹ ਪਹਿਲਕਦਮੀ ਲੋੜਵੰਦ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਹਾਸਲ ਕਰਨ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਮਰੱਥ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਪ੍ਰੋਗਰਾਮ ਸਾਡੇ ਸੰਸਥਾਪਕ ਸਤਪਾਲ ਮਿੱਤਲ ਦੇ ਨੌਜਵਾਨਾਂ ਦੀ ਸਮਰੱਥਾ ਅਤੇ ਸਮਾਜ ਨੂੰ ਬਦਲਣ ਲਈ ਸਿੱਖਿਆ ਦੀ ਸ਼ਕਤੀ ਵਿੱਚ ਅਟੁੱਟ ਵਿਸ਼ਵਾਸ ਨੂੰ ਸ਼ਰਧਾਂਜਲੀ ਹੈ। ਇਹ ਸਕਾਲਰਸ਼ਿਪ 5 ਲੱਖ ਤੱਕ ਸਾਲਾਨਾ ਪਰਿਵਾਰਕ ਆਮਦਨ ਵਾਲੇ ਵਿਦਿਆਰਥੀਆਂ ਲਈ ਉਪਲੱਬਧ ਹੋਵੇਗੀ। ਯੋਗਤਾ ਤੋਂ ਪਰੇ, ਸਕਾਲਰਸ਼ਿਪ ਵਿਦਿਆਰਥਣਾਂ, ਅਪਾਹਜ ਵਿਅਕਤੀਆਂ (ਪੀਡਬਲਯੂਡੀ), ਅਨਾਥ, ਸਿੰਗਲ-ਮਾਪਿਆਂ ਵਾਲੇ ਪਰਿਵਾਰਾਂ ਦੇ ਬੱਚਿਆਂ ਅਤੇ ਅਥਲੀਟਾਂ (ਰਾਜ, ਖੇਤਰੀ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ) ਨੂੰ ਸਸ਼ਕਤ ਬਣਾਉਂਦੀ ਹੈ। ਇਸ ਸਕਾਲਰਸ਼ਿਪ ਦੇ ਪ੍ਰਾਪਤਕਰਤਾਵਾਂ ਨੂੰ ਸਤਿਆ ਸਕਾਲਰ ਵਜੋਂ ਜਾਣਿਆ ਜਾਵੇਗਾ। ਸਫਲ ਗ੍ਰੈਜੂਏਸ਼ਨ ਅਤੇ ਬਾਅਦ ਵਿੱਚ ਲਾਭਦਾਇਕ ਰੁਜ਼ਗਾਰ ’ਤੇ, ਸੱਤਿਆ ਸਕਾਲਰਾਂ ਨੂੰ ਸਕੂਲ ਜਾਂ ਕਾਲਜ ਪੱਧਰ ’ਤੇ ਘੱਟੋ-ਘੱਟ ਇੱਕ ਵਿਦਿਆਰਥੀ ਨੂੰ ਸਵੈ-ਇੱਛਾ ਨਾਲ ਨਿਰੰਤਰ ਆਧਾਰ ’ਤੇ ਸਹਾਇਤਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।