ਨਹਿਰੀ ਪਾਣੀ ਵਾਲੀ ਪਾਈਪ ਦਾ ਕੰਮ ਅਧੂਰਾ ਹੋਣ ਕਾਰਨ ਰੋਸ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 27 ਮਈ
ਪਿੰਡ ਕੋਠਾ ਗੁਰੂ ਵਿਚ ਨਹਿਰੀ ਪਾਣੀ ਵਾਲੀ ਜ਼ਮੀਨਦੋਜ਼ ਪਾਈਪ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਜੇਕਰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਇਹ ਕੰਮ ਸਿਰੇ ਨਾ ਚੜ੍ਹਿਆ ਤਾਂ ਉਹ ਝੋਨੇ ਦੀ ਸਿੰਜਾਈ ਕਿਵੇਂ ਕਰਨਗੇ। ਕਿਸਾਨਾਂ ਨੇ ਅਧੂਰੇ ਕੰਮ ਵਾਲ਼ੀ ਜਗ੍ਹਾ 'ਤੇ ਇਕੱਤਰ ਹੋ ਕੇ ਮਹਿਕਮੇ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਇਸ ਕਾਰਜ ਨੂੰ ਜਲਦੀ ਸਿਰੇ ਲਾਇਆ ਜਾਵੇ। ਇਸ ਸਬੰਧੀ ਬਣੀ ਕਮੇਟੀ ਦੇ ਪ੍ਰਧਾਨ ਸੁਖਮੰਦਰ ਸਿੰਘ ਸਰਾਂ, ਮੀਤ ਪ੍ਰਧਾਨ ਗੁਰਚਰਨ ਸਿੰਘ, ਸਕੱਤਰ ਮਾਸਟਰ ਹਰਦੀਪ ਸਿੰਘ ਤੇ ਖਜ਼ਾਨਚੀ ਰਣਜੀਤ ਸਿੰਘ ਭਾਈਕਾ ਨੇ ਦੱਸਿਆ ਕਿ ਭਦੌੜ ਰਜਵਾਹੇ 'ਚੋਂ ਮੋਘਾ ਨੰਬਰ 108584 ਆਰ ਤੋਂ ਨਹਿਰੀ ਪਾਣੀ ਲਈ ਪੰਜਾਬ ਵਾਟਰ ਰਿਸੋਰਸਿਜ਼ ਮੈਨੇਜਮੈਂਟ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਸਾਢੇ ਸੱਤ ਕਿਲੋਮੀਟਰ ਲੰਬੀ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਕੰਮ ਬੀਤੇ ਸਾਲ ਅਕਤੂਬਰ ਮਹੀਨੇ ਵਿਚ ਸ਼ੁਰੂ ਕੀਤਾ ਸੀ। ਇਹ ਪਾਈਪ ਲਾਈਨ ਮਲੂਕਾ ਮਾਈਨਰ ਦੇ ਹੇਠੋਂ ਦੋ ਵਾਰ ਲੰਘਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਦਾ ਬਾਕੀ ਸਾਰਾ ਕਾਰਜ ਮੁਕੰਮਲ ਹੋ ਚੁੱਕਾ ਹੈ ਪਰ ਨਹਿਰੀ ਵਿਭਾਗ ਵੱਲੋਂ ਮਲੂਕਾ ਮਾਈਨਰ ਦੇ ਹੇਠੋਂ ਦੀ ਪਾਈਪ ਲਾਈਨ ਲੰਘਾਉਣ ਦੀ ਮਨਜ਼ੂਰੀ ਨਾ ਮਿਲਣ ਕਾਰਨ ਇਹ ਕੰਮ ਅੱਧ ਵਿਚਕਾਰ ਹੀ ਲਟਕਿਆ ਪਿਆ ਹੈ। ਕਿਸਾਨ ਅਨੇਕਾਂ ਵਾਰ ਸਬੰਧਤ ਦਫ਼ਤਰਾਂ ਦੇ ਚੱਕਰ ਲਗਾ ਚੁੱਕੇ ਹਨ ਪਰ ਮਨਜ਼ੂਰੀ ਨਹੀਂ ਮਿਲੀ। ਕਿਸਾਨਾਂ ਨੇ ਦੱਸਿਆ ਕਿ ਜੇਕਰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਇਹ ਕੰਮ ਪੂਰਾ ਨਾ ਹੋਇਆ ਤਾਂ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਬਲਵੀਰ ਸਿੰਘ ਸੋਢੀ, ਸੁਰਮੁੱਖ ਗੋਂਦਾਰਾ, ਲੱਖਾ ਭੈਣੀ ਵਾਲਾ, ਗੁਰਜੀਤ ਕਲੇਰ, ਬਸ਼ੀਰ ਖਾਂ, ਗੁਰਪ੍ਰੀਤ ਸਿੰਘ ਤੇ ਲਖਵੀਰ ਲੱਖਾ ਨੇ ਮੰਗ ਕੀਤੀ ਕਿ ਇਸ ਕੰਮ ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇ।