ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ’ਤੇ ਜ਼ੋਰ
ਮਾਲੇਰਕੋਟਲਾ, 22 ਦਸੰਬਰ
ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਨਹਿਰੀ ਪਾਣੀ ਤੋਂ ਵਾਂਝੇ ਮਾਲੇਰਕੋਟਲਾ ਖੇਤਰ ਦੇ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਲੜੇ ਸੰਘਰਸ਼ ਤੋਂ ਬਾਅਦ ਇਸ ਖੇਤਰ ’ਚ ਬਣ ਕੇ ਤਿਆਰ ਹੋਏ ਤਿੰਨ ਰਜਬਾਹਿਆਂ (ਕੰਗਣਵਾਲ ਰਜਬਾਹਾ, ਰੋਹੀੜਾ ਰਜਬਾਹਾ ਅਤੇ ਮਾਲੇਰਕੋਟਲਾ ਮਾਈਨਰ) ਮੱਦੇਨਜ਼ਰ ਆਪਣੇ ਸੰਘਰਸ਼ ਦੀ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਿੰਡ ਭੂਦਨ ਵਿੱਚ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ, ਜਿਸ ਵਿੱਚ ਕਰੀਬ ਪੰਜ ਦਰਜਨ ਪਿੰਡਾਂ ਤੋਂ ਲੋਕ ਸ਼ਾਮਲ ਹੋਏ। ਸਮਾਗਮ ਦੌਰਾਨ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਮਾਲੇਰਕੋਟਲਾ, ਅਮਰਗੜ੍ਹ, ਮਹਿਲ ਕਲਾਂ ਅਤੇ ਧੂਰੀ ਵਿਧਾਨ ਸਭਾ ਹਲਕੇ ਦੇ ਤਕਰੀਬਨ 70 ਪਿੰਡ ਨਹਿਰੀ ਪਾਣੀ ਤੋਂ ਵਾਂਝੇ ਹਨ। ਕਮੇਟੀ ਵੱਲੋਂ ਇਲਾਕੇ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਤਾਰ ਦੋ ਸਾਲ ਕੀਤੇ ਸੰਘਰਸ਼ ਸਦਕਾ ਮਾਲੇਰਕੋਟਲਾ ਖੇਤਰ ’ਚ ਕੰਗਣਵਾਲ ਰਜਬਾਹਾ, ਰੋਹੀੜਾ ਰਜਬਾਹਾ ਅਤੇ ਮਾਲੇਰਕੋਟਲਾ ਮਾਈਨਰ ਬਣ ਕੇ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਰਾਹੀਂ ਤਕਰੀਬਨ 35 ਪਿੰਡਾਂ ਦੇ 10 ਹਜ਼ਾਰ ਏਕੜ ਰਕਬੇ ਨੂੰ ਸਿੰਜਾਈ ਲਈ ਨਹਿਰੀ ਪਾਣੀ ਮਿਲੇਗਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਸਾਨਾਂ ਨੂੰ ਪੰਜਾਬ ਦੇ ਧਰਤੀ ਹੇਠਲੇ ਪਾਣੀ ਅਤੇ ਖੇਤੀ ਨੂੰ ਬਚਾਉਣ ਦਾ ਸੱਦਾ ਦਿੱਤਾ। ਸਮਾਗਮ ਮੌਕੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਨਹਿਰੀ ਪਾਣੀ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਕਿਸਾਨਾਂ ਨੂੰ ਧਰਤੀ ਹੇਠਲੇ ਅਤੇ ਨਹਿਰੀ ਪਾਣੀ ਦੀ ਸੰਜਮੀ ਵਰਤੋਂ ਕਰਨ ਦੀ ਅਪੀਲ ਕੀਤੀ। ਪਰਮੇਲ ਸਿੰਘ ਹਥਨ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਮੱਘਰ ਸਿੰਘ ਭੂਦਨ, ਸੁਖਵਿੰਦਰ ਸਿੰਘ ਚੂੰਘਾਂ, ਸੁਖਚੈਨ ਸਿੰਘ ਕਲੇਰਾਂ,ਰੁਪਿੰਦਰ ਸਿੰਘ ਚੌਂਦਾ, ਹਰਜੀਤ ਸਿੰਘ ਬਦੇਸ਼ਾ, ਲਾਭ ਸਿੰਘ ਨੱਥੋਹੇੜੀ, ਮਾਨ ਸਿੰਘ ਸੱਦੋਪੁਰ,ਚਮਕੌਰ ਸਿੰਘ ਹਥਨ,ਅਮਰੀਕ ਸਿੰਘ ਬਦਲਵਾਂ ਆਦਿ ਕਮੇਟੀ ਆਗੂ ਹਾਜ਼ਰ ਸਨ।