ਬਲਵਿੰਦਰ ਹਾਲੀਕੋਟਕਪੂਰਾ, 4 ਦਸੰਬਰਸਰਹਿੰਦ ਨਹਿਰ ਵਿੱਚੋਂ ਨਿਕਲਦੇ ਕੋਟਕਪੂਰਾ ਰਜਵਾਹੇ ਨੂੰ ਲਗਾਤਾਰ ਆਉਂਦੀ ਪਾਣੀ ਦੀ ਬੰਦੀ ਸਥਾਨਕ ਵਸਨੀਕਾਂ ਲਈ ਕਾਲੇ ਪਾਣੀ ਦਾ ਸਬੱਬ ਬਣ ਰਹੀ ਹੈ, ਕਿਉਂਕਿ ਸਾਰਾ ਸ਼ਹਿਰ ਹੀ ਪੀਣ ਵਾਲੇ ਪਾਣੀ ਲਈ ਇਸ ’ਤੇ ਨਿਰਭਰ ਹੈ। ਜਾਣਕਾਰੀ ਮੁਤਾਬਕ ਬੰਦੀ ਦੌਰਾਨ ਪਾਣੀ ਵਾਲੀਆਂ ਟੂਟੀਆਂ ’ਤੇ ਲੱਗੀਆਂ ਮੋਟਰਾਂ ਕਈ ਇਲਾਕਿਆਂ ਵਿੱਚ ਸੀਵਰੇਜ ਦਾ ਪਾਣੀ ਵੀ ਨਾਲ ਹੀ ਖਿੱਚ ਲੈਂਦੀਆਂ ਹਨ। ਪਿਛਲੇ ਸਾਲ ਇਸ ਰਜਵਾਹੇ ’ਚ ਆਈਆਂ 200 ਦਿਨਾਂ ਦੀਆਂ ਬੰਦੀਆਂ ਕਾਰਨ ਲੋਕਾਂ ਨੂੰ ਹਰ ਮਹੀਨੇ ਕਈ-ਕਈ ਦਿਨ ਅਜਿਹੇ ਸੀਵਰੇਜ ਮਿਲੇ ਪਾਣੀ ਨਾਲ ਹੀ ਗੁਜ਼ਾਰਾ ਕਰਨਾ ਗਿਆ।ਜਾਣਕਾਰੀ ਅਨੁਸਾਰ ਸਵਾ ਲੱਖ ਦੇ ਕਰੀਬ ਆਬਾਦੀ ਵਾਲੇ ਸ਼ਹਿਰ ਕੋਟਕਪੂਰਾ ਲਈ 6 ਲੱਖ ਗੈਲਨ ਪਾਣੀ ਦੀ ਸਮਰੱਥਾ ਵਾਲੀਆਂ ਦੋ ਟੈਂਕੀਆਂ ਬਣੀਆਂ ਹੋਈਆਂ ਹਨ ਜੋ ਲਗਾਤਾਰ ਨਹਿਰੀ ਪਾਣੀ ਸ਼ਹਿਰ ਵਾਸੀਆਂ ਨੂੰ ਸਪਲਾਈ ਕਰ ਰਹੀਆਂ ਹਨ। ਇਨ੍ਹਾਂ ਟੈਂਕੀਆਂ ਤੱਕ ਪਾਣੀ ਬੰਦੀ ਆਉਣ ਦੀ ਸੂਰਤ ਵਿੱਚ ਰਜਵਾਹੇ ’ਤੇ ਲਾਏ ਟਿਊਬਵੈੱਲ ਰਾਹੀਂ ਪਾਣੀ ਸਪਲਾਈ ਕੀਤਾ ਜਾਂਦਾ ਹੈ। ਸ਼ਹਿਰ ਦੇ ਬਹੁਤ ਸਾਰੇ ਮੁਹੱਲਿਆਂ ਵਿੱਚ ਪਾਣੀ ਦੀਆਂ ਪਾਈਪਾਂ ਸੀਵਰੇਜ ਵਾਲੀਆਂ ਨਾਲੀਆਂ ਵਿੱਚੋਂ ਲੰਘ ਕੇ ਘਰਾਂ ਤੱਕ ਜਾਂਦੀਆਂ ਹੋਣ ਕਾਰਨ ਬੰਦੀ ਦੇ ਦਿਨਾਂ ਦੌਰਾਨ ਪਾਣੀ ਵਾਲੀਆਂ ਟੂਟੀਆਂ ’ਤੇ ਲੱਗੀਆਂ ਮੋਟਰਾਂ ਜਾਂ ਟੁੱਲੂ ਪੰਪ ਜ਼ੋਰ ਨਾਲ ਸੀਵਰੇਜ ਵਾਲਾ ਕਾਲਾ ਅਤੇ ਬਦਬੂਦਾਰ ਪਾਣੀ ਵੀ ਘਰਾਂ ਤੱਕ ਖਿੱਚ ਲੈਂਦੇ ਹਨ।ਸ਼ਹਿਰ ਵਾਸੀ ਅਜੇਪਾਲ ਸਿੰਘ ਸੰਧੂ ਨੇ ਦੱਸਿਆ ਕਿ ਰਜਬਾਹੇ ਵਿੱਚ ਹੁਣ ਵੀ ਪਿਛਲੇ ਲਗਪਗ 40 ਦਿਨਾਂ ਤੋਂ ਬੰਦੀ ਆਈ ਹੋਈ ਹੈ ਅਤੇ ਅਜਿਹੀ ਸਥਿਤੀ ਵਿੱਚ ਕਿ ਸ਼ਹਿਰ ਨੂੰ ਪਾਣੀ ਦੀ ਸਪਲਾਈ ਲਈ ਟਿਊਬਵੈੱਲ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲਾਏ ਗਏ ਤਿੰਨ ਟਿਊਬਵੈੱਲਾਂ ਵਿੱਚੋਂ ਚੱਲਦਾ ਸਿਰਫ਼ ਇੱਕ ਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਕੋਲ ਪਾਣੀ ਸਟੋਰ ਕਰਨ ਦੀ ਸਮਰੱਥਾ ਵੀ ਸਿਰਫ਼ 10 ਦਿਨਾਂ ਹੀ ਹੈ, ਜੋ ਵਧਾਈ ਜਾਣੀ ਚਾਹੀਦੀ ਹੈ ਕਿ ਤਾਂ ਕਾਲੇ ਪਾਣੀ ਦੀ ਸਮੱਸਿਆ ਨਾ ਆਵੇ।ਸਮੱਸਿਆ ਦਾ ਹੱਲ ਕਰਨ ਲਈ ਯਤਨ ਜਾਰੀ: ਕੌਂਸਲ ਪ੍ਰਧਾਨਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਪਹਿਲਾਂ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਠੇਕੇ ’ਤੇ ਇੱਕ ਨਿੱਜੀ ਕੰਪਨੀ ਕੋਲ ਸੀ ਜੋ ਹੁਣ ਅਕਤੂਬਰ ਤੋਂ ਨਗਰ ਕੌਂਸਲ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਮਿਲੇ ਹੋਣ ਦੀਆਂ ਲਗਾਤਾਰ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ, ਪਰ ਹੁਣ ਇਨ੍ਹਾਂ ਸ਼ਿਕਾਇਤਾਂ ਵਾਲੇ ਸਥਾਨਾਂ ਦੀ ਸ਼ਨਾਖਤ ਕਰ ਕੇ ਹੱਲ ਕੀਤਾ ਜਾ ਰਿਹਾ ਹੈ ਅਤੇ ਨਹਿਰ ’ਤੇ ਖਰਾਬ ਪਏ ਟਿਊਬਵੈੱਲਾਂ ਨੂੰ ਵੀ ਚਾਲੂ ਹਾਲਤ ਵਿੱਚ ਕੀਤਾ ਗਿਆ ਹੈ।