ਨਸ਼ੇ ਦੀ ਓਵਰਡੋਜ਼ ਦੇ ਕੇ ਕਤਲ ਮਾਮਲੇ ’ਚ ਤੀਜਾ ਮੁਲਜ਼ਮ ਵੀ ਕਾਬੂ
ਪੱਤਰ ਪ੍ਰੇਰਕ
ਰਤੀਆ, 27 ਮਈ
ਸਥਾਨਕ ਥਾਣਾ ਪੁਲੀਸ ਨੇ ਨਸ਼ੇ ਦੀ ਜ਼ਿਆਦਾ ਮਾਤਰਾ ਦੇ ਕੇ ਨੌਜਵਾਨ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਤੀਜੇ ਮੁਲਜ਼ਮ ਨੂੰ ਵੀ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮੁਲਜ਼ਮਾਂ ਦੀ ਪਛਾਣ ਸੁਖਦਰਸ਼ਨ ਸਿੰਘ ਉਰਫ ਸੁਖਚਰਨ ਸਿੰਘ ਉਰਫ ਟਿੱਡਾ, ਲੱਖਾ ਸਿੰਘ ਨਿਵਾਸੀ ਪਿਲਛੀਆਂ ਅਤੇ ਸੁਰਜੀਤ ਸਿੰਘ ਵਾਸੀ ਮਿਰਾਨਾ ਵਜੋਂ ਹੋਈ ਹੈ। ਥਾਣਾ ਸਦਰ ਰਤੀਆ ਇੰਚਾਰਜ ਰਾਜਬੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ 19 ਮਈ ਨੂੰ ਰਮਨਦੀਪ ਕੌਰ ਪਤਨੀ ਹਰਦੇਵ ਸਿੰਘ ਵਾਸੀ ਪਿਲਛੀਆਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ 18 ਮਈ ਨੂੰ ਸੁਖਚਰਨ ਸਿੰਘ ਅਤੇ ਲੱਖਾ ਸਿੰਘ ਮੋਟਰਸਾਈਕਲ ’ਤੇ ਉਸ ਦੇ ਪਤੀ ਹਰਦੇਵ ਸਿੰਘ ਨੂੰ ਮਿਰਾਨਾ ਪਿੰਡ ਲੈ ਗਏ। ਜਦੋਂ ਉਹ ਦੇਰ ਸ਼ਾਮ ਤੱਕ ਘਰ ਨਹੀਂ ਆਇਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ। 19 ਮਈ ਦੀ ਸਵੇਰ ਪਿੰਡ ਦੀ ਬੰਦ ਪਈ ਨਹਿਰ ਪਟੜੀਆਂ ਕੋਲ ਹਰਦੇਵ ਸਿੰਘ ਦੀ ਲਾਸ਼ ਮਿਲੀ। ਰਮਨਦੀਪ ਕੌਰ ਨੇ ਦੱਸਿਆ ਸੀ ਕਿ ਉਸ ਦਾ ਪਤੀ ਕਦੇ ਕਦੇ ਨਸ਼ਾ ਕਰਦਾ ਸੀ ਅਤੇ ਉਹ ਮਿਰਾਨਾ ਵਾਸੀ ਸੁਰਜੀਤ ਤੋਂ ਨਸ਼ਾ ਲਿਆਉਂਦਾ ਸੀ। ਕੁੱਝ ਦਿਨ ਪਹਿਲਾਂ ਸੁਰਜੀਤ ਨੇ ਉਧਾਰੀ ਦੀ ਰਕਮ ਨੂੰ ਲੈ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਸੁਰਜੀਤ, ਸੁਖਚਰਨ ਅਤੇ ਲੱਖਾ ਨੇ ਮਿਲ ਕੇ ਰੰਜਿਸ਼ ਵਜੋਂ ਹਰਦੇਵ ਸਿੰਘ ਨੂੰ ਨਸ਼ੇ ਦੀ ਜ਼ਿਆਦਾ ਮਾਤਰਾ ਦੇ ਕੇ ਅਤੇ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਸੁਰਜੀਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 3 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।