ਨਸ਼ੀਲੇ ਪਦਾਰਥਾਂ ਸਣੇ ਚਾਰ ਗ੍ਰਿਫ਼ਤਾਰ
ਭੋਗਪੁਰ, 1 ਜੂਨ
ਥਾਣਾ ਭੋਗਪੁਰ ਦੀ ਪੁਲੀਸ ਨੇ ਚਾਰ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਕੁਲਵੰਤ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਏਐੱਸਆਈ ਮਹੇਸ਼ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ ਨੂੰ ਲੜੋਆ ਮੋੜ ਨੇੜਲੇ ਪੁਲ ਥੱਲੇ ਦੇਖਿਆ ਤਾਂ ਉਹ ਪੁਲੀਸ ਨੂੰ ਦੇਖ ਕੇ ਇੱਕ ਲਿਫਾਫਾ ਸੁੱਟ ਕੇ ਭੱਜਣ ਲੱਗਾ ਤਾਂ ਪੁਲੀਸ ਮੁਲਾਜ਼ਮਾਂ ਨੇ ਤਰੁੰਤ ਉਸ ਨੂੰ ਕਾਬੂ ਕਰ ਲਿਆ ਅਤੇ ਸੁੱਟੇ ਹੋਏ ਲਿਫਾਫੇ ਵਿੱਚੋਂ 70 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਨਸ਼ਾ ਤਸਕਰ ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨੀ ਵਾਸੀ ਢੱਡਾ ਸਨੌਰਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ।
ਉਨ੍ਹਾਂ ਦੱਸਿਆ ਕਿ ਏਐੱਸਆਈ ਕਰਨੈਲ ਸਿੰਘ ਦੀ ਅਗਵਾਈ ਵਿੱਚ ਲੜੋਆ ਦੇ ਸ਼ਮਸ਼ਾਨ ਘਾਟ ਨੇੜੇ ਸ਼ੱਕੀ ਹਾਲਤ ਵਿੱਚ ਖੜ੍ਹੇ ਮਨੀਸ਼ ਉਰਫ ਮਨੀ ਵਾਸੀ ਭੋਗਪੁਰ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਸਿਲਵਰ ਪੇਪਰ ਜਿਸ ’ਤੇ ਹੈਰੋਇਨ ਦਾ ਮਾਦਾ ਚਿਪਕਿਆ ਹੋਇਆ ਸੀ, 10 ਦਾ ਨੋਟ ਅਤੇ ਇੱਕ ਲਾਈਟਰ ਬਰਾਮਦ ਹੋਇਆ। ਏਐੱਸਆਈ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਆਦਮਪੁਰ ਨੂੰ ਜਾਂਦੀ ਸੜਕ ’ਤੇ ਘੋੜਾਬਾਹੀ ਹੱਦ ਨੇੜੇ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਦੇ ਡਰਾਈਵਰ ਮੱਖਣ ਸਿੰਘ ਵਾਸੀ ਧਮੂਲੀ ਕੋਲੋਂ 8 ਗ੍ਰਾਮ ਹੈਰੋਇਨ ਅਤੇ ਉਸ ਦੇ ਨਾਲ ਬੈਠੇ ਸਾਥੀ ਗੁਰਮਿੰਦਰ ਸਿੰਘ ਵਾਸੀ ਦਾਦੂ ਪੁਰ ਗਰੋਆ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਚਾਰਾਂ ਨਸ਼ਾ ਤਸਕਰਾਂ ਵਿਰੁੱਧ ਥਾਣਾ ਭੋਗਪੁਰ ਵਿੱਚ ਮੁਕੱਦਮੇ ਦਰਜ ਕਰ ਦਿੱਤੇ ਹਨ।