ਨਸ਼ਿਆਂ ਨੂੰ ਠੱਲ ਪਾਉਣ ਲਈ ਪੁਲੀਸ ਵੱਲੋਂ ਫਲੈਗ ਮਾਰਚ
ਪੱਤਰ ਪ੍ਰੇਰਕ
ਮਮਦੋਟ, 9 ਸਤੰਬਰ
ਕਸਬਾ ਮਮਦੋਟ ਵਿੱਚ ਪੁਲੀਸ ਨੇ ਨਸ਼ਿਆਂ ਨੂੰ ਠੱਲ ਪਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬਜ਼ਾਰਾਂ ਵਿੱਚ ਫਲੈਗ ਮਾਰਚ ਕੀਤਾ ਜਿਸ ਦੀ ਅਗਵਾਈ ਫਿਰੋਜ਼ਪੁਰ ਦਿਹਾਤੀ ਦੇ ਡੀਐੱਸਪੀ ਸੰਦੀਪ ਸਿੰਘ ਅਤੇ ਐੱਸਐੱਚਓ ਗੁਰਮੀਤ ਸਿੰਘ ਮਮਦੋਟ ਅਤੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਕੀਤੀ।
ਇਸ ਫਲੈਗ ਮਾਰਚ ਉਪਰੰਤ ਡੀਐੱਸਪੀ ਸੰਦੀਪ ਸਿੰਘ ਨੇ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਨਾਲ ਨਸ਼ੇ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਆਪਣੇ ਪੱਧਰ ’ਤੇ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਨਾਲ ਨਸ਼ਿਆਂ ’ਤੇ ਕਾਬੂ ਪਾਇਆ ਜਾ ਸਕੇਗਾ।
ਨਸ਼ਾ ਵਿਰੋਧੀ ਹੈਲਪਲਾਈਨ ਨੰਬਰ ਜਾਰੀ
ਭੁੱਚੋ ਮੰਡੀ: ਸੀਨੀਅਰ ਪੁਲੀਸ ਕਪਤਾਨ ਗੁਲਨੀਤ ਸਿੰਘ ਦੇ ਨਿਰਦੇਸ਼ ’ਤੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਡੀਐੱਸਪੀ ਰਛਪਾਲ ਸਿੰਘ ਦੀ ਅਗਵਾਈ ਹੇਠ ਲੋਕਾਂ ਦੀ ਸੁਰੱਖਿਆ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਲਈ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ। ਇਹ ਮਾਰਚ ਭੁੱਚੋ ਕੈਂਚੀਆਂ ਤੋਂ ਸ਼ੁਰੂ ਹੋਇਆ ਅਤੇ ਵੱਖ ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਪੁਲੀਸ ਚੌਕੀ ਅੱਗੇ ਸਮਾਪਤ ਹੋਇਆ। ਥਾਣਾ ਨਥਾਣਾ ਦੇ ਐਸਐਚਓ ਜਸਕਰਨ ਸਿੰਘ, ਥਾਣਾ ਨੇਹੀਆਂਵਾਲਾ ਦੀ ਐਸਐਚਓ ਕਰਮਜੀਤ ਕੌਰ ਅਤੇ ਭੁੱਚੋ ਚੌਕੀ ਇੰਚਾਰਜ ਗੁਰਮੇਜ ਸਿੰਘ ਨੇ ਗੈਰ-ਸਮਾਜਿਕ ਅਨਸਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਨਸ਼ਿਆਂ ਦੇ ਧੰਦਿਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਤੋਂ ਬਾਜ ਆ ਜਾਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਬਾਰੇ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ 91155-02252 ’ਤੇ ਸੂਚਿਤ ਕਰਨ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। - ਪੱਤਰ ਪ੍ਰੇਰਕ