ਨਸ਼ਿਆਂ ਦੇ ਖ਼ਾਤਮੇ ਲਈ ਸਭ ਦਾ ਸਹਿਯੋਗ ਜ਼ਰੂਰੀ: ਰਾਜਪਾਲ
ਜਗਤਾਰ ਸਿੰਘ ਲਾਂਬਾ/ਰਣਵੀਰ ਸਿੰਘ ਮਿੰਟੂ
ਅੰਮ੍ਰਿਤਸਰ/ਚੇਤਨਪੁਰਾ, 5 ਅਪਰੈਲ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਰੈੱਡ ਕਰਾਸ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਨਸ਼ਿਆਂ ਖ਼ਿਲਾਫ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਆਰੰਭੀ ਪੈਦਲ ਯਾਤਰਾ ਤੀਜੇ ਦਿਨ ਵੀ ਜਾਰੀ ਰਹੀ। ਇਹ ਯਾਤਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਵਾਂ ਪਿੰਡ ਤੋਂ ਕਾਫ਼ਿਲੇ ਦੇ ਰੂਪ ਵਿੱਚ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਪੰਧੇਰ ਪੁੱਜੀ। ਇਸ ਦੌਰਾਨ ਰਾਜਪਾਲ ਵੱਲੋਂ ਨਵਾਂ ਪਿੰਡ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਖੂਨਦਾਨ ਕੈਂਪ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮਗਰੋਂ ਸ੍ਰੀ ਕਟਾਰੀਆ ਨੇ ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਪੰਧੇਰ ਵਿੱਚ ਸੰਬੋਧਨ ਕਰਦਿਆਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਜਨ ਅੰਦੋਲਨ ਵਿੱਢਣ ਦਾ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਹ ਸਿਰਫ ਉਨ੍ਹਾਂ ਦਾ ਅੰਦੋਲਨ ਨਹੀਂ ਹੈ, ਸਗੋਂ ਇਸ ਵਿੱਚ ਸਭ ਦਾ ਸਾਥ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਹੀ ਇਸ ਅਲਾਮਤ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕੇ ਦੇਸ਼ ਦੀ ਆਜ਼ਾਦੀ ਅਤੇ ਰੱਖਿਆ ਵਿੱਚ ਸਭ ਤੋਂ ਵੱਡਾ ਰੋਲ ਪੰਜਾਬੀਆਂ ਦਾ ਰਿਹਾ ਹੈ ਅਤੇ ਅੱਜ ਵੀ ਬਾਰਡਰਾਂ ’ਤੇ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜ੍ਹਾਂ ਤੋਂ ਪੁੱਟਣ ਵਿੱਚ ਸਰਕਾਰ ਵੱਲੋਂ ਆਰੰਭੀ ਲੜਾਈ ਵਿੱਚ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਰਾਜਪਾਲ ਕਟਾਰੀਆਂ ਵੱਲੋਂ ਡਿਫੈਂਸ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਡਿਫੈਂਸ ਕਮੇਟੀਆਂ ਦੇ ਮੈਬਰਾਂ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਵਿੱਚ ਖੇਡ ਸਟੇਡੀਅਮ ਤਿਆਰ ਕਰਵਾਉਣ। ਇਸ ਮੌਕੇ ਪ੍ਰਿੰਸੀਪਲ ਸਕੱਤਰ, ਰਾਜਪਾਲ ਵਿਵੇਕ ਪ੍ਰਤਾਪ ਸਿੰਘ, ਭਾਰਤੀ ਰੈੱਡ ਕਰਾਸ ਸੁਸਾਇਟੀ ਪੰਜਾਬ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ, ਡੀਸੀ ਸਾਕਸ਼ੀ ਸਾਹਨੀ, ਡੀਆਈਜੀ ਸਤਿੰਦਰ ਸਿੰਘ, ਐੱਸਐੱਸਪੀ ਦਿਹਾਤੀ ਮਨਿੰਦਰ ਸਿੰਘ, ਆਈਏਐੱਸ ਅਧਿਕਾਰੀ ਲਲਿਤ ਜੈਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਹਾਜ਼ਰ ਸਨ।