ਨਸ਼ਿਆਂ ਦੇ ਖ਼ਾਤਮੇ ਤੱਕ ਜੰਗ ਜਾਰੀ ਰਹੇਗੀ: ਸੰਧਵਾਂ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 17 ਮਈ
‘ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਕੇ ਰਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਉਦੋਂ ਤੱਕ ਜਾਰੀ ਰੱਖੀ ਜਾਵੇਗੀ, ਜਦੋਂ ਤੱਕ ਰਾਜ ਵਿੱਚੋਂ ਨਸ਼ਾ ਤਸਕਰਾਂ ਤੇ ਨਸ਼ਿਆਂ ਦਾ ਖ਼ਾਤਮਾ ਨਹੀਂ ਹੋ ਜਾਂਦਾ।’ ਇਹ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਧੂੜਕੋੜ ਅਤੇ ਢੁੱਡੀ ਵਿੱਚ ਨਸ਼ਿਆਂ ਵਿਰੁੱਧ ਕੱਢੀ ਗਈ ਯਾਤਰਾ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਆਖੀ। ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਯਾਤਰਾਵਾਂ ਵਿੱਚ ਪੰਚਾਇਤ ਵਿਭਾਗ, ਸਿਹਤ ਵਿਭਾਗ, ਪੁਲੀਸ ਵਿਭਾਗ, ਸਹਿਕਾਰਤਾ ਵਿਭਾਗ, ਗ੍ਰਾਮ ਸਭਾਵਾਂ, ਪਿੰਡ ਵਾਸੀ, ਪਿੰਡ ਰੱਖਿਆ ਕਮੇਟੀਆਂ ਅਤੇ ਯੂਥ ਕਲੱਬਾਂ ਦੇ ਆਗੂ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਅਤੇ ਆਪੋ-ਆਪਣੇ ਪਿੰਡਾਂ ਵਿੱਚੋਂ ਨਸ਼ਾ ਖਤਮ ਕਰਨ ਵਿੱਚ ਸਰਕਾਰ ਨੂੰ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਤੇ ਨਸ਼ਾ ਤਸਕਰਾਂ ਨੂੰ ਜੜ੍ਹੋਂ ਖਤਮ ਕਰਨ ਲਈ ਮਿਸਾਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਵਿਰੁੱਧ ਖੁੱਲ਼੍ਹ ਕੇ ਆਵਾਜ਼ ਉਠਾਉਣ। ਸਪੀਕਰ ਸੰਧਵਾਂ ਨੇ ਵੱਖ ਵੱਖ ਨਸ਼ਾ ਵਿਰੋਧੀ ਯਾਤਰਾਵਾਂ ਵਿੱਚ ਸ਼ਾਮਲ ਲੋਕਾਂ ਨੂੰ ਨਸ਼ਾ ਵਿਰੋਧੀ ਸੁਹੰ ਵੀ ਚੁਕਾਈ। ਇਸ ਮੌਕੇ ਵਿਕਾਸ ਸ਼ਰਮਾ ਬੀਡੀਪੀਓ ਕੋਟਕਪੂਰਾ, ਡਾ. ਹਰਿੰਦਰ ਗਾਂਧੀ ਐੱਸਐੱਮਓ, ਰਾਜਪਾਲ ਸਿੰਘ ਹਲਕਾ ਕੋਆਰਡੀਨੇਟਰ, ਅਮਰ ਕੌਰ ਸਰਪੰਚ, ਦਲਜੀਤ ਸਿੰਘ ਪੰਚਾਇਤ ਅਫ਼ਸਰ ਅਤੇ ਇੰਸਪੈਕਟਰ ਰਾਜੇਸ਼ ਕੁਮਾਰ ਐੱਸਐੱਚਓ ਸਦਰ ਫਰੀਦਕੋਟ ਮੌਜੂਦ ਸਨ।