ਨਸ਼ਿਆਂ ਖ਼ਿਲਾਫ਼ ਸਾਰਾ ਪੰਜਾਬ ਇਕਜੁੱਟ: ਬਲਬੀਰ ਸਿੰਘ
ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਈ
ਜ਼ਿਲ੍ਹਾ ਪਟਿਆਲਾ ਵਿੱਚ ਅੱਜ ਵੱਖ-ਵੱਖ ਥਾਵਾਂ ’ਤੇ ਨਸ਼ਾ ਮੁਕਤੀ ਯਾਤਰਾਵਾਂ ਦੌਰਾਨ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਅਤੇ ਇਸ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ। ਪਟਿਆਲਾ ਦਿਹਾਤੀ ਹਲਕੇ ’ਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪਿੰਡਾਂ ਦੇ ਲੋਕ ਇਕਜੁੱਟ ਹੋ ਗਏ ਹਨ ਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਪੂਰਨ ਤੌਰ ’ਤੇ ਨਸ਼ਾ ਮੁਕਤ ਹੋ ਜਾਵੇਗਾ। ਪਟਿਆਲਾ ਦੇ ਪਿੰਡ ਕਾਲਵਾ, ਹਰਦਾਸਪੁਰ ਤੇ ਬਾਰਨ ਦੇ ਵਸਨੀਕਾਂ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਹੋਣ ਦੀ ਸਹੁੰ ਚੁੱਕਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਪੰਜਾਬੀਆਂ ਦੀ ਹੋਂਦ ਦੀ ਲੜਾਈ ਹੈ ਇਸ ਲਈ ਹਰੇਕ ਪੰਜਾਬੀ ਇਸ ਲੜਾਈ ਵਿੱਚ ਸਹਿਯੋਗ ਕਰੇ। ਪਿੰਡਾਂ ’ਚ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲੇ ’ਤੇ ਨਜ਼ਰ ਰੱਖਣਗੀਆਂ ਅਤੇ ਇਸ ਦੀ ਸੂਚਨਾ ਇਲਾਕੇ ਦੇ ਐੱਸਡੀਐੱਮ ਅਤੇ ਐੱਸਐੱਚਓ ਤੱਕ ਪਹੁੰਚਾਉਣਗੀਆਂ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਹਿਲਾ ਲੋਕ ਨਸ਼ਾ ਤਸਕਰਾਂ ਤੋਂ ਡਰਦੇ ਸਨ ਪਰ ਹੁਣ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਕੀਤੀ ਗਈ ਸਖਤ ਕਾਰਵਾਈ ਤੋਂ ਬਾਅਦ ਹੁਣ ਨਸ਼ਾ ਤਸਕਰ ਲੋਕਾਂ ਤੋਂ ਡਰਕੇ ਭੱਜਣ ਲੱਗੇ ਹਨ ਤੇ ਕਈ ਨਸ਼ਾ ਤਸਕਰ ਆਪਣੇ ਘਰਾਂ ਨੂੰ ਜਿੰਦਰੇ ਲਗਾ ਕੇ ਸੂਬਾ ਤੱਕ ਛੱਡਕੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੀ ਕਮਾਈ ਨਾਲ ਕੋਈ ਜਾਇਦਾਦ ਬਣਾਈ ਹੈ ਪੰਜਾਬ ਸਰਕਾਰ ਉਸ ’ਤੇ ਵੀ ਕਾਰਵਾਈ ਕਰੇਗੀ। ਸਿਹਤ ਮੰਤਰੀ ਨੇ ਲੋਕਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵਿਚਕਾਰ ਮਜ਼ਬੂਤ ਸਹਿਯੋਗ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ਸਬੰਧੀ ਕੋਈ ਵੀ ਵਿਅਕਤੀ ਵਟਸਐਪ ਹੈਲਪਲਾਈਨ 97791-00200 ਰਾਹੀਂ ਗੁਪਤ ਰੂਪ ਵਿੱਚ ਜਾਣਕਾਰੀ ਸਾਂਝੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਲੋਕਾਂ ਵੱਲੋਂ ਨਸ਼ਾ ਤਸਕਰਾਂ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾ ਰਹੀ ਹੈ। ਪਟਿਆਲਾ ਦਿਹਾਤੀ ਕੁਆਰਡੀਨੇਟਰ ਹਰਪਾਲ ਸਿੰਘ ਵਿਰਕ, ਡੀਐੱਸਪੀ ਮਨੋਜ ਗੋਰਸੀ, ਬੀਡੀਪੀਓ ਬਲਜੀਤ ਸਿੰਘ ਸੋਹੀ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।
ਇਥੇ ਸਥਾਨਕ ਸ਼ਹਿਰ ’ਚ ਕਰਵਾਈ ਨਸ਼ਾ ਮੁਕਤੀ ਯਾਤਰਾ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਲੋਕਾਂ ਨੂੰ ਇਸ ਮੁਹਿੰਮ ਨੂੰ ਭਰਵਾਂ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ ਬਹੁ ਪਰਤੀ ਨੀਤੀ ਬਣਾਈ ਹੈ ਜਿਸ ਨੂੰ ਕਾਮਯਾਬ ਕਰਨ ਲਈ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲੀਸ ਨੂੰ ਦੇਣ। ਉਨ੍ਹਾਂ ਕਿਹਾ ਕਿ ਨਸ਼ੇ ਦੇ ਪੀੜਤਾਂ ਨੂੰ ਇਲਾਜ ਤੇ ਪੁਨਰਵਾਸ ਲਈ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇਗਾ। ਉਨ੍ਹਾਂ ਕੌਂਸਲਰ ਰਮਿੰਦਰ ਕੌਰ ਦੇ ਵਾਰਡ ਨੰਬਰ-57, ਕਿਰਨ ਅਹੂਜਾ ਦੇ ਵਾਰਡ ਨੰਬਰ 51 ਤੇ ਕੌਂਸਲਰ ਗੁਰਪ੍ਰੀਤ ਗੁਰੀ ਦੇ ਵਾਰਡ ਨੰਬਰ-40 ਵਿੱਚ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗਾਂ ਕਰਕੇ ਨਸ਼ਿਆਂ ਵਿਰੁੱਧ ਕੀਤੇ ਜਾ ਰਹੇ ਉਪਰਾਲਿਆਂ ਦੀ ਸਾਂਝ ਪਾਈ। ਨਸ਼ਾ ਮੁਕਤੀ ਮੋਰਚੇ ਦੇ ਹਲਕਾ ਕੋਆਰਡੀਨੇਟਰ ਦਵਿੰਦਰਪਾਲ ਮਿੱਕੀ ਆਦਿ ਮੌਜੂਦ ਸਨ।
ਨਸ਼ਿਆਂ ਤੋਂ ਬਚਣ ਲਈ ਖੇਡਾਂ ਵਿੱਚ ਹਿੱਸਾ ਲੈਣ ਨੌਜਵਾਨ: ਗੁਰਲਾਲ
ਘਨੌਰ (ਖੇਤਰੀ ਪ੍ਰਤੀਨਿਧ): ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ’ਚ ਹੋਰ ਤੇਜ਼ੀ ਲਿਆਉਣ ਲਈ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਘੜਾਮਾ ਕਲਾਂ, ਘੜਾਮਾ ਖੁਰਦ, ਥੂਹਾ ਅਤੇ ਬਪਰੌਰ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਨਸ਼ਿਆਂ ਦੇ ਨੁਕਸਾਨ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਨਸ਼ਿਆਂ ਦੀ ਅਲਾਮਤ ਨੂੰ ਸਮਾਪਤ ਕਰਨ ਦੀ ਇਤਿਹਾਸਕ ਕੋਸ਼ਿਸ਼ ਹੈ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵਲ ਮੁੜਨ ਦੀ ਸਿਫ਼ਾਰਸ਼ ਕਰਦਿਆਂ ਕਿਹਾ ਕਿ ਰਵਾਇਤੀ ਖੇਡਾਂ ਰਾਹੀਂ ਨਾ ਸਿਰਫ਼ ਸਰੀਰਕ ਤੰਦਰੁਸਤੀ ਬਣੀ ਰਹਿੰਦੀ ਹੈ, ਬਲਕਿ ਨਸ਼ਿਆਂ ਤੋਂ ਵੀ ਦੂਰ ਰਹਿਣ ਵਿੱਚ ਮਦਦ ਮਿਲਦੀ ਹੈ।Advertisement