ਨਸ਼ਿਆਂ ਖ਼ਿਲਾਫ਼ ਜੰਗ ’ਚ ਰੋਲ ਮਾਡਲ ਬਣਨਗੇ ਵਿਦਿਆਰਥੀ: ਕਟਾਰੂਚੱਕ
ਐੱਨਪੀ. ਧਵਨ
ਪਠਾਨਕੋਟ, 24 ਮਈ
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੇ 10ਵੀਂ ਅਤੇ 12ਵੀਂ ਜਮਾਤ ਵਿੱਚ ਟਾਪ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪਹੁੰਚੇ। ਇਥੇ ਮੰਤਰੀ ਨੇ 13 ਟਾਪਰਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਹੁਣ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਟਾਪ ਕਰਨ ਵਾਲੇ ਨੌਜਵਾਨ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਰੋਲ ਮਾਡਲ ਬਣਨਗੇ। ਇਸੇ ਦੌਰਾਨ ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਸੀਲਬੰਦ ਸ਼ੁਭ ਲਿਫ਼ਾਫ਼ੇ ਇਨਾਮੀ ਰਾਸ਼ੀ ਦੇ ਕੱਢੇ ਅਤੇ ਸਭ ਤੋਂ ਪਹਿਲਾਂ ਕਾਮਿਨੀ ਸ਼ਰਮਾ ਨੂੰ ਭੇਂਟ ਕੀਤੇ। ਜਿਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਧਾਨੀ ਤੋਂ ਮੈਡੀਕਲ ਵਿਸ਼ੇ ਵਿੱਚ 98.20 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ ਸੀ ਅਤੇ ਜ਼ਿਲ੍ਹਾ ਪਠਾਨਕੋਟ ਵਿੱਚ ਟਾਪ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹੇ ਦੇ ਪਹਿਲੇ 12 ਵਿਦਿਆਰਥੀਆਂ ਰੀਆ ਸ਼ਰਮਾ, ਸ਼ਗੁਨ, ਪ੍ਰੀਆ, ਸੰਜਨਾ, ਪਲਕ, ਤਨੂ ਦੇਵੀ, ਨੈਨਸੀ, ਪ੍ਰੇਰਨਾ ਦੇਵੀ ਅਤੇ 10ਵੀਂ ਜਮਾਤ ਦੀ ਜਾਨਵੀ, ਕਸ਼ਿਸ਼ ਅਤੇ ਯੁਵਰਾਜ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਮੰਤਰੀ ਨੇ ਸਟੇਟ ਟਾਪਰਾਂ ਨੂੰ 3100 ਰੁਪਏ ਅਤੇ ਜ਼ਿਲ੍ਹਾ ਟਾਪਰਾਂ ਨੂੰ 1100 ਰੁਪਏ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਰਘਬੀਰ ਕੌਰ, ਸੌਰਭ ਬਹਿਲ, ਚੇਅਰਮੈਨ ਸਤੀਸ਼ ਮਹਿੰਦਰੂ, ਬਿੱਕਰ ਠਾਕੁਰ ਆਦਿ ਵੀ ਹਾਜ਼ਰ ਸਨ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸੰਬੋਧਨ ਵਿੱਚ ਸਕੂਲੀ ਬੱਚਿਆਂ ਅਤੇ ਸਕੂਲ ਦੇ ਸਟਾਫ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਹਰਾ ਕੇ ਸਰਕਾਰ ਦੀ ਵਿਰਾਸਤ ਨੂੰ ਸੰਭਾਲਿਆ ਹੈ। ਉਨ੍ਹਾਂ ਦੇ ਹਲਕੇ ਭੋਆ ਦੇ ਸਰਹੱਦੀ ਬਮਿਆਲ ਸਰਕਾਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਲਗਭਗ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਟਾਪ ਕੀਤਾ ਹੈ, ਜਦੋਂ ਕਿ ਉਨ੍ਹਾਂ ਦੇ ਪਿੰਡ ਕਟਾਰੂਚਕ ਦੀਆਂ 2 ਧੀਆਂ ਮੈਰਿਟ ਸੂਚੀ ਵਿੱਚ ਆਈਆਂ ਹਨ।