ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਸੈਮੀਨਾਰ
ਪੱਤਰ ਪ੍ਰੇਰਕ
ਜਲੰਧਰ, 8 ਅਪਰੈਲ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੌਰਾਨ ਰਿਸ਼ਭ ਭੋਲਾ ਆਈਪੀਐੱਸ ਨੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਦਿਆਂ ਇਸ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਨਸ਼ਿਆਂ ਖਿਲਾਫ਼ ਵਿੱਢੀ ਲੜਾਈ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਸਮਾਜ ਸੇਵੀ ਰਾਜੂ ਸੋਨੀ ਨੇ ਆਖਿਆ ਕਿ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹਰ ਵਿਅਕਤੀ ਨੂੰ ਸਮੇਂ-ਸਮੇਂ ’ਤੇ ਅਜਿਹੇ ਵਿਸ਼ਿਆਂ ਉੱਤੇ ਚਰਚਾ ਕਰਨੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਸਮਾਜਿਕ ਬੁਰਾਈਆਂ ਖਿਲਾਫ਼ ਜਾਗਰੂਕ ਕੀਤਾ ਜਾ ਸਕੇ। ਬਹੁਮੰਤਵੀ ਸਮਾਜ ਸੇਵੀ ਸੰਸਥਾ ਦਿਸ਼ਾਦੀਪ ਦੇ ਸੰਸਥਾਪਕ ਅਤੇ ਚੀਫ਼ ਲਾਈਨ ਐੱਸਐੱਮ ਸਿੰਘ ਨੇ ਕਿਹਾ ਕਿ ਸਮਾਜ ਦੇ ਸਭ ਵਰਗਾਂ ਦੇ ਸਮੂਹਿਕ ਸਹਿਯੋਗ ਅਤੇ ਦ੍ਰਿੜ੍ਹ ਸੰਕਲਪ ਸਦਕਾ ਨਸ਼ਿਆਂ ਵਿਰੁੱਧ ਲੜਾਈ ਹੁਣ ਫੈਸਲਾਕੁਨ ਦੌਰ ਵਿੱਚ ਹੈ ਅਤੇ ਨਸ਼ਿਆਂ ਵਿਰੁੱਧ ਸਾਡੀ ਜਿੱਤ ਯਕੀਨੀ ਹੈ।
ਇਸ ਤੋਂ ਪਹਿਲਾਂ ਕਾਲਜ ਦੇ ਓਐੱਸਡੀ ਪ੍ਰੋ. ਕਮਲੇਸ਼ ਸਿੰਘ ਦੁੱਗਲ ਨੇ ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਐੱਨਐੱਸਐੱਸ ਵਿਭਾਗ ਦੇ ਇੰਚਾਰਜ ਡਾ. ਲਖਵੀਰ ਸਿੰਘ, ਦਿਸ਼ਾ ਦੀਪ ਸੰਸਥਾ ਦੇ ਵਾਈਸ ਚੇਅਰਮੈਨ ਤਰਸੇਮ ਜਲੰਧਰ, ਸਿਵਲ ਹਸਪਤਾਲ ਤੋਂ ਸੀਨੀਅਰ ਮੈਡੀਕਲ ਅਫ਼ਸਰ ਹਰਮਨ ਕਿਰਨਦੀਪ ਕੌਰ , ਕੈਪਟਨ ਜਸਵਿੰਦਰ ਸਿੰਘ, ਪ੍ਰਿੰਸ ਨਿੰਜਾ, ਰਾਜਵੀਰ ਸਿੰਘ, ਸੁਰਿੰਦਰ ਭਾਰਤੀ, ਡਾ. ਸੋਨੀਆ ਕੁੰਦਰਾ ਤੇ ਡਾ. ਮਨਦੀਪ ਕੌਰ ਆਦਿ ਵੀ ਮੌਜੂਦ ਸਨ।