ਨਸ਼ਾ ਵਿਰੋਧੀ ਯਾਤਰਾਵਾਂ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ
ਗੁਰਬਖਸ਼ਪੁਰੀ
ਤਰਨ ਤਾਰਨ, 24 ਮਈ
ਹਾਕਮ ਧਿਰ ਆਮ ਆਦਮੀ ਪਾਰਟੀ (ਆਪ) ਨੂੰ ਇਲਾਕੇ ਅੰਦਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੀਆਂ ਜਾਣ ਵਾਲੀਆਂ ਯਾਤਰਾਵਾਂ ਦਾ ਕਿਸਾਨਾਂ-ਮਜ਼ਦੂਰਾਂ ਵਲੋਂ ਵਿਰੋਧ ਕਰਨ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਰੱਦ ਕਰਨ ਲਈ ਮਜਬੂਰ ਹੋਣਾ ਪਿਆ| ਸਰਕਾਰੀ ਸੂਤਰਾਂ ਅਨੁਸਾਰ ਅੱਜ ਇਲਾਕੇ ਦੇ ਪਿੰਡ ਪਿੱਦੀ ਅਤੇ ਚੁਤਾਲਾ ਆਦਿ ਵਿਖੇ ‘ਆਪ’ ਵਲੋਂ ‘ਨਸ਼ਾ ਵਿਰੋਧੀ ਯਾਤਰਾਵਾਂ‘ ਕੀਤੀਆਂ ਜਾਣੀਆਂ ਸਨ| ਇਨ੍ਹਾਂ ਯਾਤਰਾਵਾਂ ਵਿੱਚ ਲੋਕਾਂ ਦੇ ਸ਼ਾਮਲ ਹੋਣ ਲਈ ਤਿਆਰੀਆਂ ਤਹਿਤ ‘ਆਪ’ ਦੇ ਸਮਰਥਕਾਂ ਵਲੋਂ ਪੂਰੀ ਤਰ੍ਹਾਂ ਨਾਲ ਤਿਆਰੀਆਂ ਤਹਿਤ ਪੰਡਾਲ ਤਿਆਰ ਕਰਕੇ ਕੁਰਸੀਆਂ ਆਦਿ ਦੇ ਬੰਦੋਬਸਤ ਕੀਤੇ ਗਏ ਸਨ| ਇਸ ਦੇ ਐਨ ਉਲਟ ਪਿੱਦੀ ਪਿੰਡ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਿੱਚ ਬੀਤੀ ਰਾਤ ਇਕ ਮੀਟਿੰਗ ਕਰਕੇ ਹਾਕਮ ਧਿਰ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਬਣਾਇਆ ਸੀ| ਆਮ ਆਦਮੀ ਪਾਰਟੀ ਸਮਰਥਕਾਂ ਨੇ ਆਪਣੇ ਪ੍ਰੋਗਰਾਮ ਨੂੰ ਰੱਦ ਕਰਦਿਆਂ ਕੁਰਸੀਆਂ ਨੂੰ ਸਵੇਰੇ ਵੇਲੇ ਹੀ ਚੁਕਵਾ ਦਿੱਤਾ| ਅੱਜ ਮੌਕੇ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਵਿੱਚ ਜਥੇਬੰਦੀ ਦੀ ਆਗੂ ਦਵਿੰਦਰ ਕੌਰ ਦੀ ਅਗਵਾਈ ਹੇਠ ਰੋਸ ਵਿਖਾਵਾ ਕਰਕੇ ਹਾਕਮ ਧਿਰ ‘ਆਮ ਆਦਮੀ ਪਾਰਟੀ’ ਦਾ ਵਿਰੋਧ ਕਰਦੇ ਰਹਿਣ ਦਾ ਐਲਾਨ ਕੀਤਾ| ਇਸ ਮੌਕੇ ਸਤਨਾਮ ਸਿੰਘ ਪੰਨੂ ਤੋਂ ਇਲਾਵਾ ਫਤਹਿ ਸਿੰਘ ਪਿੱਦੀ, ਜਸਬੀਰ ਸਿੰਘ ਪਿੱਦੀ, ਅਮਰੀਕ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ| ਆਗੂਆਂ ਕਿਹਾ ਕਿ ਜਥੇਬੰਦੀ ਹਾਕਮ ਧਿਰ ਦੇ ਆਗੂਆਂ ਤੋਂ ਸ਼ੰਭੂ ਅਤੇ ਖਿਨੌਰੀ ਦੇ ਬਾਰਡਰ ਤੇ ਕਿਸਾਨਾਂ ਮਜ਼ਦੂਰਾਂ ਦੇ ਢਾਏ ਤਸ਼ੱਦਦ ਨਾਲ ਸਬੰਧਤ ਸਵਾਲਾਂ ਦੇ ਜਵਾਬ ਹੀ ਲੈਣੇ ਸਨ| ਹਾਕਮ ਧਿਰ ਨੇ ਚੁਤਾਲਾ ਵਿੱਚ ਕੀਤਾ ਜਾਣ ਵਾਲਾ ਇਕੱਠ ਵੀ ਰੱਦ ਕਰ ਦਿੱਤਾ|