ਨਸ਼ਾ ਬਰਾਮਦਗੀ ਕਾਰਨ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਮੁੜ ਚਰਚਾ ’ਚ
ਪੱਤਰ ਪ੍ਰੇਰਕਸ੍ਰੀ ਗੋਇੰਦਵਾਲ ਸਾਹਿਬ, 4 ਜਨਵਰੀ
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਅੰਦਰ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਬਰਾਮਦਗੀ ਲਗਾਤਾਰ ਵਧਦੀ ਜਾ ਰਹੀ ਹੈ। ਬੀਤੇ ਕੱਲ੍ਹ ਜੇਲ੍ਹ ਵਿੱਚ ਚਲਾਏ ਸਰਚ ਅਭਿਆਨ ਦੌਰਾਨ ਗੋਇੰਦਵਾਲ ਸਾਹਿਬ ਦੀ ਪੁਲੀਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਸੀ ਜਿਸ ਦੌਰਾਨ ਪੁਲੀਸ ਵੱਲੋਂ ਜੇਲ੍ਹ ਅਧਿਕਾਰੀਆਂ ਨਾਲ ਕੀਤੀ ਗਈ ਸਾਂਝੀ ਰੇਡ ਦੌਰਾਨ ਜੇਲ੍ਹ ਦੇ 6 ਨੰਬਰ ਵਾਰਡ ਦੀ 5 ਨੰਬਰ ਬੈਰਕ ਵਿੱਚੋਂ 1170 ਗ੍ਰਾਮ ਹੈਰੋਇਨ, 5150 ਨਸ਼ੀਲੀਆਂ ਗੋਲੀਆਂ, 12 ਮੋਬਾਈਲ, 98 ਗ੍ਰਾਮ ਅਫੀਮ, 218 ਗ੍ਰਾਮ ਸੁਲਫਾ, 6 ਸਿਮ, ਹੈੱਡ ਫੋਨ ਅਤੇ ਚਾਰਜਰ ਬਰਾਮਦ ਕੀਤੇ ਸਨ। ਸਾਰੀ ਖੇਪ ਖੱਡੇ ਦੇ ਫ਼ਰਸ਼ ਨੂੰ ਤੋੜ ਕੇ ਹੇਠਾਂ ਲੁਕਾਈ ਹੋਈ ਸੀ। ਇਸ ਬਰਾਦਗੀ ਨੂੰ ਲੈ ਕੇ ਥਾਣਾ ਗੋਇੰਦਵਾਲ ਸਾਹਿਬ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਰਚ ਅਭਿਆਨ ਦੌਰਾਨ ਦੇਰ ਰਾਤ ਤੱਕ ਪੁਲੀਸ ਅਧਿਕਾਰੀਆਂ ਦੀ ਤਲਾਸ਼ੀ ਮੁਹਿੰਮ ਚੱਲਦੀ ਰਹੀ। ਐੱਸਐੱਚਓ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਭਾਰੀ ਬਰਾਮਦਗੀ ਨੂੰ ਲੈ ਕੇ ਬਾਰੀਕੀ ਨਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੋਇੰਦਵਾਲ ਜੇਲ੍ਹ ਅੰਦਰੋਂ ਧੜਾਧੜ ਹੋ ਰਹੀ ਨਸ਼ਿਆਂ ਦੀ ਬਰਾਮਦਗੀ ਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਨੇ ਚੁੱਪ ਧਾਰੀ ਹੋਈ ਹੈ। ਉੱਥੇ ਹੀ ਪਿਛਲੇ ਸਮੇਂ ਦੌਰਾਨ ਜੇਲ੍ਹ ਅੰਦਰ ਨਸ਼ਿਆਂ ਦੀ ਸਪਲਾਈ ਨੂੰ ਲੈ ਕੇ ਕਈ ਜੇਲ੍ਹ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਕਾਰਨ ਉਨ੍ਹਾਂ ’ਤੇ ਪਰਚੇ ਵੀ ਦਰਜ ਹਨ। ਗੋਇੰਦਵਾਲ ਜੇਲ੍ਹ ਵਿੱਚੋਂ ਇੱਕ ਕਿਲੋ ਤੋਂ ਹੈਰੋਇਨ ਦੀ ਬਰਾਮਦਗੀ ਵੱਡੀ ਜਾਂਚ ਦਾ ਵਿਸ਼ਾ ਬਣਿਆ ਦਿਖਾਈ ਦੇ ਰਿਹਾ ਹੈ ਜਿਸ ਸਬੰਧੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।