ਨਸ਼ਾ ਤਸਕਰ ਨੂੰ ਭਜਾਉਣ ਕਾਰਨ ਫਗਵਾੜਾ ਦਾ ਸਮੁੱਚਾ ਸੀਆਈਏ ਸਟਾਫ ਗ੍ਰਿਫ਼ਤਾਰ
ਜਸਬੀਰ ਸਿੰਘ ਚਾਨਾ
ਫਗਵਾੜਾ, 23 ਮਈ
ਨਸ਼ਾ ਤਸਕਰ ਨੂੰ ਭਜਾਉਣ ਕਾਰਨ ਅੱਜ ਮਹਿਲਾ ਕਾਂਸਟੇਬਲ ਨੂੰ ਛੱਡ ਕੇ ਫਗਵਾੜਾ ਦਾ ਬਾਕੀ ਸਾਰਾ ਸੀਆਈਏ ਸਟਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਘਿਰ ਗਿਆ ਹੈ। ਪੁਲੀਸ ਨੇ ਢਾਈ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਇੰਚਾਰਜ ਸਬ-ਇੰਸਪੈਕਟਰ ਬਿਸਮਨ ਸਿੰਘ ਸਾਹੀ, ਏਐੱਸਆਈ ਨਿਰਮਲ ਸਿੰਘ, ਏਐੱਸਆਈ ਜਸਵਿੰਦਰ ਸਿੰਘ ਤੇ ਹੈਂਡ ਕਾਸਟੇਬਲ ਜਗਰੂਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਮਗਰੋਂ ਸੀਆਈਏ ਸਟਾਫ਼ ਨੂੰ ਤਾਲਾ ਲੱਗ ਗਿਆ ਹੈ। ਅਦਾਲਤ ਨੇ ਇਨ੍ਹਾਂ ਨੂੰ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਨੇ ਸੁਖਵਿੰਦਰ ਕੁਮਾਰ ਹਨੀ, ਵਾਸੀ ਕਾਂਸ਼ੀ ਨਗਰ ਫਗਵਾੜਾ ਨੂੰ ਕੁੱਝ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤਾ ਸੀ। ਬਾਅਦ ਵਿੱਚ ਇਨ੍ਹਾਂ ’ਤੇ ਮੁਲਜ਼ਮ ਨੂੰ ਭਜਾਉਣ ਲਈ ਢਾਈ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗਣ ਮਗਰੋਂ ਪੁਲੀਸ ਅਧਿਕਾਰੀਆਂ ਨੇ ਜਾਂਚ ਆਰੰਭੀ ਸੀ। ਡੀਐੱਸਪੀ ਭਾਰਤ ਭੂਸ਼ਣ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਇਹ ਕਾਰਵਾਈ ਕੀਤੀ ਗਈ ਹੈ।