ਨਸ਼ਾ ਤਸਕਰਾਂ ਵੱਲੋਂ ਪੁਲੀਸ ’ਤੇ ਹਮਲਾ; ਦੋ ਜ਼ਖ਼ਮੀ
ਸ਼ਗਨ ਕਟਾਰੀਆ
ਬਠਿੰਡਾ, 28 ਅਗਸਤ
ਸਥਾਨਕ ਧੋਬੀਆਣਾ ਬਸਤੀ ’ਚ ਨਸ਼ਾ ਤਸਕਰਾਂ ’ਤੇ ਛਾਪਾ ਮਾਰਨ ਗਈ ਸੀਆਈਏ-2 ਬਠਿੰਡਾ ਦੇ ਪੁਲੀਸ ਦਸਤੇ ’ਤੇ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਬੀਤੀ ਦੇਰ ਰਾਤ ਵਾਪਰੀ ਇਸ ਘਟਨਾ ਵਿੱਚ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜੋ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਐੱਸਪੀ (ਸਿਟੀ) ਨਰਿੰਦਰ ਸਿੰਘ ਅਨੁਸਾਰ ਛਾਪਾ ਮਾਰਨ ਗਈ ਪੁਲੀਸ ਪਾਰਟੀ ਨੇ ਜਦੋਂ ਬਸਤੀ ਨੇੜੇ ਇਕ ਵਾਹਨ ’ਤੇ ਸਵਾਰ ਕੁਝ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਰੋਕਿਆ ਤਾਂ ਉਨ੍ਹਾਂ ਨੇ ਪੁਲੀਸ ਮੁਲਾਜ਼ਮਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ। ਇਸ ਮਗਰੋਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਤੇ ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ਸਬੰਧੀ ਥਾਣਾ ਸਿਵਲ ਲਾਈਨ ਵਿੱਚ ਛੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਹਾਲੇ ਜਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸ਼ੰਕਰ ਦਾਸ, ਸ਼ੀਲਾ ਦੇਵੀ ਤੇ ਪੂਜਾ ਦੇਵੀ, ਸਾਰੇ ਵਸਨੀਕ ਧੋਬੀਆਣਾ ਬਸਤੀ ਬਠਿੰਡਾ ਵਜੋਂ ਹੋਈ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ (ਦਿਹਾਤੀ) ਦੇ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਨੇ ਪੁਲੀਸ ਪਾਰਟੀ ’ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਸੂਬੇ ਵਿੱਚ ਅਮਨ-ਕਾਨੂੰਨ ਕਾਇਮ ਨਾ ਰੱਖ ਸਕਣ ਲਈ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਪੁਲੀਸ ਦੇ ਕਥਿਤ ਢਿੱਲੇ ਪ੍ਰਬੰਧਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ 29 ਅਗਸਤ ਨੂੰ ਬਠਿੰਡਾ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਇਲਾਕੇ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ।