ਨਸ਼ਾ ਤਸਕਰਾਂ ਦੇ ਘਰਾਂ ’ਚ ਪੁਲੀਸ ਦੀ ਛਾਪਾਮਾਰੀ, 8 ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਮਈ
ਲੁਧਿਆਣਾ ਪੁਲੀਸ ਨੇ ਸ਼ੁੱਕਰਵਾਰ ਤੜਕੇ ਸ਼ਹਿਰ ਵਿੱਚ ਦਸ ਵੱਖ-ਵੱਖ ਥਾਵਾਂ ’ਤੇ ਛਾਪਾਮਾਰੀ ਕੀਤੀ। ਇਸ ਦੌਰਾਨ ਪੁਲੀਸ ਕਈ ਘਰਾਂ ਦੀ ਤਲਾਸ਼ੀ ਵੀ ਲਈ। ਪੁਲੀਸ ਨੇ 10 ਵੱਡੇ ਨਸ਼ਾ ਤਸਕਰਾਂ ਨੂੰ ਟਾਰਗੇਟ ਕੀਤਾ ਸੀ, ਜਿਨ੍ਹਾਂ ਵਿੱਚੋਂ 8 ਨਸ਼ਾ ਤਸਕਰ ਪੁਲੀਸ ਨੇ ਕਾਬੂ ਕਰ ਲਏ। ਉਨ੍ਹਾਂ ਦੇ ਕਬਜ਼ੇ ਵਿੱਚੋਂ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਜ਼ਬਤ ਕੀਤਾ ਗਿਆ ਹੈ। ਪੁਲੀਸ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ। ਪੁਲੀਸ ਨਸ਼ਾ ਤਸਕਰਾਂ ਦੀ ਚੇਨ ਤੋੜਨ ਲਈ ਲਗਾਤਾਰ ਕੰਮ ਕਰ ਰਹੀ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਏਡੀਸੀਪੀ ਅਮਨਦੀਪ ਬਰਾੜ ਅਤੇ ਏਸੀਪੀ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਟੀਮਾਂ ਨੇ 10 ਥਾਵਾਂ ’ਤੇ ਛਾਪੇਮਾਰੀ ਕੀਤੀ। ਪੁਲੀਸ ਦੀ ਰਾਡਾਰ ’ਤੇ 10 ਨਸ਼ਾ ਤਸਕਰ ਸਨ, ਜਿਨ੍ਹਾਂ ਵਿੱਚੋਂ 8 ਨੂੰ ਕਾਬੂ ਕਰਨ ਵਿੱਚ ਪੁਲੀਸ ਨੇ ਸਫ਼ਲਤਾ ਹਾਸਲ ਕੀਤੀ ਹੈ, ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਪੰਜ ਨਸ਼ਾ ਤਸਕਰੀ ਦੇ ਕੇਸ ਦਰਜ ਕੀਤੇ ਗਏ ਹਨ। ਕਿਸ ਮੁਲਜ਼ਮ ਤੋਂ ਕਿੰਨਾ ਨਸ਼ਾ ਬਰਾਮਦ ਹੋਇਆ ਹੈ, ਉਸ ਬਾਰੇ ਹਾਲੇ ਪੁਲੀਸ ਨੇ ਖੁਲਾਸਾ ਨਹੀਂ ਕੀਤਾ ਹੈ।
ਪੁਲੀਸ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਤੋਂ ਹੀ 40 ਤੋਂ ਵੱਧ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਫਿਲਹਾਲ, ਪੁਲੀਸ ਫੜੇ ਗਏ ਤਸਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਮੇਨ ਸਪਲਾਇਰ ਤੱਕ ਪੁੱਜਿਆ ਜਾ ਸਕੇ। ਉਨ੍ਹਾਂ ਦੇ ਪਿਛਲੇ ਅਪਰਾਧਿਕ ਰਿਕਾਰਡਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਨਸ਼ਾ ਤਸਕਰ ਕਿੰਨੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਹਨ ਤੇ ਕਿਨ੍ਹਾਂ ਲੋਕਾਂ ਨੂੰ ਨਸ਼ਾ ਸਪਲਾਈ ਕਰਦਾ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਪੁਲੀਸ ਬਿਨਾਂ ਕਿਸੇ ਨੂੰ ਵੀ ਜਾਣਕਾਰੀ ਦਿੱਤੇ, ਸਿੱਧੇ ਨਸ਼ਾ ਤਸਕਰਾਂ ਦੇ ਘਰਾਂ ਤੇ ਹੋਰਨਾਂ ਠਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ। ਛਾਪੇਮਾਰੀ ਤੋਂ ਬਾਅਦ ਹੀ ਸਾਰੀ ਜਾਣਕਾਰੀ ਜਨਤਕ ਕੀਤੀ ਜਾਂਦੀ ਹੈ, ਉਸ ਤੋਂ ਪਹਿਲਾਂ ਹੀ ਖਾਸ ਟੀਮਾਂ ਤੱਕ ਹੀ ਸੀਮਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਤਹਿਤ ਪੁਲੀਸ ਨੇ ਹੁਣ ਤੱਕ ਕਾਫ਼ੀ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ।