ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਭਾਜਪਾ: ਕੰਗ
ਆਤਿਸ਼ ਗੁਪਤਾ
ਚੰਡੀਗੜ੍ਹ, 28 ਮਈ
ਆਮ ਆਦਮੀ ਪਾਰਟੀ (ਆਪ) ਨੇ ਪਟਿਆਲਾ ਤੋਂ ਭਾਜਪਾ ਕੌਂਸਲਰ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਦੀ ਕਥਿਤ ਜ਼ਮਾਨਤ ਕਰਵਾਉਣ ’ਤੇ ਭਾਜਪਾ ਦੀ ਘੇਰਾਬੰਦੀ ਕੀਤੀ ਹੈ।
‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਭਾਜਪਾ ਕੌਂਸਲਰ ਨੇ 29 ਮਾਰਚ 2025 ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਦੀ ਜ਼ਮਾਨਤ ਲਈ ਗਵਾਹੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਗਵਾਹੀ ਦੇਣ ਵਾਲਾ ਕੌਂਸਲਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਕਈ ਹੋਰ ਸੀਨੀਅਰ ਆਗੂਆਂ ਦਾ ਨਜ਼ਦੀਕੀ ਹੈ। ਸ੍ਰੀ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਹੈ ਤੇ ਦੂਜੇ ਪਾਸੇ ਭਾਜਪਾ ਆਗੂ ਨਸ਼ਾ ਤਸਕਰਾਂ ਨੂੰ ਜ਼ਮਾਨਤ ਦਿਵਾਉਣ ਵਿੱਚ ਰੁੱਝੇ ਹੋਏ ਹਨ।
ਭਾਜਪਾ ਕੌਂਸਲਰ ਨੇ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਵਾਈ: ਸਰੀਨ
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਮਲਵਿੰਦਰ ਕੰਗ ਵੱਲੋਂ ਭਾਜਪਾ ਕੌਂਸਲਰ ’ਤੇ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਕਿਸੇ ਵੀ ਭਾਜਪਾ ਕੌਂਸਲਰ ਨੇ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਵਾਈ ਹੈ ਜਦੋਂ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸ਼ਾਮਲ ਮੁਲਜ਼ਮ ‘ਆਪ’ ਕੌਂਸਲਰ ਦਾ ਨਜ਼ਦੀਕੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਤਿੰਨ ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਵਿੱਚ ਅਸਫਲ ਰਹੀ ਹੈ, ਪਰ ਹੁਣ ਅਜਿਹਾ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।
ਦੋ ਨਸ਼ਾ ਤਸਕਰ ਭਰਾਵਾਂ ਦਾ ਘਰ ਢਾਹਿਆ
ਅੰਮ੍ਰਿਤਸਰ (ਟਨਸ): ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸੁਲਤਾਨਵਿੰਡ ਇਲਾਕੇ ਵਿੱਚ ਨਸ਼ਾ ਤਸਕਰ ਭਰਾਵਾਂ ਦੇ ਰਿਹਾਇਸ਼ੀ ਮਕਾਨ ਨੂੰ ਢਾਹ ਦਿੱਤਾ। ਜ਼ਿਕਰਯੋਗ ਹੈ ਕਿ ਇਹ ਦੋਵੇਂ ਭਰਾ ਹਰਪਾਲ ਸਿੰਘ ਉਰਫ ਭਾਲਾ ਅਤੇ ਜੱਜ ਸਿੰਘ ਜੋ ਕਿ ਪੱਤੀ ਬਾਬਾ ਜੀਵਨ ਸਿੰਘ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ, ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਹੇ ਸਨ। ਇਨ੍ਹਾਂ ਵਿੱਚੋਂ ਹਰਪਾਲ ਸਿੰਘ ਉਰਫ ਭਾਲਾ ਖ਼ਿਲਾਫ਼ ਕੁੱਲ 5 ਕੇਸ ਦਰਜ ਹਨ , ਜਿਨ੍ਹਾਂ ਵਿੱਚੋਂ 4 ਐੱਨਡੀਪੀਐੱਸ ਐਕਟ ਅਤੇ 1 ਚੋਰੀ ਦਾ ਕੇਸ ਦਰਜ ਹਨ। ਫਿਲਹਾਲ ਉਹ ਭਗੌੜਾ ਹੈ। ਜੱਜ ਸਿੰਘ ਖ਼ਿਲਾਫ਼ 3 ਕੇਸ ਐੱਨਡੀਪੀਐੱਸ ਐਕਟ ਦੇ ਦਰਜ ਹਨ। ਉਹ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਹੈ। ਅੱਜ ਇਨ੍ਹਾਂ ਤਸਕਰ ਭਰਾਵਾਂ ਦਾ ਪੱਤੀ ਬਾਬਾ ਜੀਵਨ ਸਿੰਘ ਪਿੰਡ ਸੁਲਤਾਨਵਿੰਡ, ਅੰਮ੍ਰਿਤਸਰ ਸਥਿਤ ਮਕਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਢਾਹ ਦਿੱਤਾ। ਇਸ ਮੌਕੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਲੋਕ ਸਾਡੇ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਨਸ਼ਿਆਂ ਰੂਪੀ ਜ਼ਹਿਰ ਘੋਲ ਰਹੇ ਹਨ, ਉਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਰਹਿਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਪੁਲੀਸ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਤੋਂ ਇਲਾਵਾ ਨਸ਼ੇ ਦੇ ਰੋਗੀਆਂ ਦਾ ਇਲਾਜ ਵੀ ਪੁਲੀਸ ਕਰਵਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲੀਸ ਨਾਲ ਸਾਂਝੀ ਕਰਨ।