ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ’ਤੇ 10 ਕਿੱਲੋ ਹੈਰੋਇਨ ਬਰਾਮਦ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 22 ਮਈ
ਫ਼ਿਰੋਜ਼ਪੁਰ ਪੁਲੀਸ ਨੇ ਤਿੰਨ ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ’ਤੇ 10 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਬਰਾਮਦਗੀ ਥਾਣਾ ਘੱਲ ਖੁਰਦ ਦੀ ਪੁਲੀਸ ਵੱਲੋਂ ਬੀਤੇ ਦਿਨ ਫੜੇ ਗਏ ਤਿੰਨ ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ’ਤੇ ਕੀਤੀ ਗਈ ਹੈ। ਬੀਤੇ ਦਿਨ ਪੁਲੀਸ ਨੇ ਇਨ੍ਹਾਂ ਤਸਕਰਾਂ ਕੋਲੋਂ 2.70 ਕਿਲੋ ਹੈਰੋਇਨ ਅਤੇ 25 ਲੱਖ 12 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ।
ਪਿੰਡ ਬੁੱਕਣ ਖਾਂ ਵਾਲਾ ਦੇ ਵਸਨੀਕ ਇਨ੍ਹਾਂ ਤਿੰਨ ਨਸ਼ਾ ਤਸਕਰਾਂ ਦੀ ਪਛਾਣ ਕਰਨ ਕੁਮਾਰ ਉਰਫ਼ ਘਨੀ (22), ਰੋਹਿਤ ਭੱਟੀ (24) ਅਤੇ ਅਕਾਸ਼ਦੀਪ (24) ਵਜੋਂ ਹੋਈ ਹੈ। ਇਹ ਨੌਜਵਾਨ ਟੈਕਸੀ ਚਲਾਉਣ ਦੇ ਓਹਲੇ ਵਿੱਚ ਨਸ਼ਾ ਤਸਕਰੀ ਕਰਦੇ ਸਨ।
ਪੁਲੀਸ ਨੇ ਉਨ੍ਹਾਂ ਦੀ ਗੱਡੀ (ਪੀਬੀ-01-ਐੱਫ-1618) ਵੀ ਕਬਜ਼ੇ ਵਿੱਚ ਲੈ ਲਈ ਹੈ। ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਅਤੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨ ਇਨ੍ਹਾਂ ਮੁਲਜ਼ਮਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਕਰਨ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਸ਼ਹਿਰ ਦੀ ਰਿਖੀ ਕਲੋਨੀ ਵਿੱਚ ਮਕਾਨ ਕਿਰਾਏ ’ਤੇ ਲਿਆ ਹੋਇਆ ਹੈ ਅਤੇ ਉਸ ਵਿੱਚ 10 ਕਿੱਲੋ ਹੈਰੋਇਨ ਲੁਕਾ ਕੇ ਰੱਖੀ ਹੋਈ ਹੈ। ਪੁਲੀਸ ਨੇ ਜਦੋਂ ਉਸ ਮਕਾਨ ’ਤੇ ਛਾਪਾ ਮਾਰਿਆ ਤਾਂ ਉੱਥੋਂ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਪੁਲੀਸ ਨੇ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ ਅਤੇ ਅੱਗੇ ਸਪਲਾਈ ਕੀਤੀ ਜਾਣੀ ਸੀ।