ਨਸ਼ਾ ਤਸਕਰਾਂ ਖ਼ਿਲਾਫ਼ ਕੇਸ
ਐੱਸਏਐੱਸ ਨਗਰ (ਮੁਹਾਲੀ): ਪੰਜਾਬ ਪੁਲੀਸ ਦੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਨੇ ਸਰਹੱਦ ਪਾਰੋਂ ਤਸਕਰੀ ਵਿੱਚ ਸ਼ਾਮਲ ਤਿੰਨ ਮਨਿੰਦਰਜੀਤ ਸਿੰਘ ਵਾਸੀ ਪਿੰਡ ਬੱਦੋਵਾਲ (ਗੁਰਦਾਸਪੁਰ), ਲਵਜੀਤ ਸਿੰਘ ਉਰਫ਼ ਰਾਜਾ ਅਤੇ ਪੀਟਰ ਵਾਸੀ ਧਰਮਕੋਟ ਰੰਧਾਵਾ (ਗੁਰਦਾਸਪੁਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ 521 ਗਰਾਮ ਹੈਰੋਇਨ ਅਤੇ ਸੱਤ ਮੈਗਜ਼ੀਨ ਅਤੇ 55 ਕਾਰਤੂਸਾਂ ਸਮੇਤ ਚਾਰ ਪਿਸਤੌਲ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੇ ਦੋ ਮੋਟਰ ਸਾਈਕਲ ਵੀ ਜ਼ਬਤ ਕਰ ਲਏ ਹਨ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਸਥਿਤ ਏਐੱਨਟੀਐੱਫ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ
ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਵਿੱਚ ਘਪਲੇ ਦਾ ਸ਼ੱਕ
ਚੰਡੀਗੜ੍ਹ: ਨਗਰ ਨਿਗਮ ਅਧੀਨ ਸ਼ਹਿਰ ਦੇ ਕਮਿਊਨਿਟੀ ਸੈਂਟਰਾਂ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਕਥਿਤ ਘਪਲੇ ਦੀਆਂ ਕਨਸੋਆਂ ਚੱਲ ਰਹੀਆਂ ਹਨ। ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਕੌਂਸਲਰ ਯੋਗੇਸ਼ ਢੀਂਗਰਾ ਨੇ ਬੁਕਿੰਗ ਬੇਨਿਯਮੀਆਂ ਵਿਰੁੱਧ ਵਿਜੀਲੈਂਸ ਜਾਂਚ ਲਈ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ। ਸ੍ਰੀ ਢੀਂਗਰਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਦਾ ਪੈਸਾ ਲੈ ਕੇ ਗਰੀਬ ਲੋਕਾਂ ਦੇ ਨਾਂ ਉੱਤੇ ਬੁਕਿੰਗਾਂ ਕਰ ਕੇ ਜਿੱਥੇ ਗਰੀਬ ਲੋਕਾਂ ਦੇ ਹੱਥਾਂ ਉਤੇ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਨਗਰ ਨਿਗਮ ਨੂੰ ਵੀ ਲੱਖਾਂ ਰੁਪਇਆਂ ਦਾ ਚੂਨਾ ਲਗਾਇਆ ਜਾ ਰਿਹਾ ਹੈ। -ਪੱਤਰ ਪ੍ਰੇਰਕ
ਬੈਂਕ ਖ਼ਜ਼ਾਨਚੀ ਦੀ ਲਾਸ਼ ਭਾਖੜਾ ਨਹਿਰ ’ਚੋਂ ਮਿਲੀ
ਅਮਲੋਹ: ਅਮਲੋਹ ਦੇ ਕੋਆਪਰੇਟਿਵ ਬੈਂਕ ਵਿੱਚ ਲਗਪਗ ਇੱਕ ਸਾਲ ਤੋਂ ਬਤੌਰ ਖ਼ਜ਼ਾਨਚੀ ਕੰਮ ਕਰ ਰਹੀ ਸੰਦੀਪ ਕੌਰ ਦੀ ਲਾਸ਼ ਕੱਲ੍ਹ ਭਾਖੜਾ ਨਹਿਰ ਸਰਹਿੰਦ ’ਚੋਂ ਮਿਲਣ ਮਗਰੋਂ ਅੱਜ ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਅਮਲੋਹ ਦੇ ਮੁਖੀ ਬਲਜਿੰਦਰ ਸਿੰਘ ਕੰਗ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਪਾਲ ਸਿੰਘ ਵਾਸੀ ਲੁਬਾਣਾ ਟਾਊਨ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। -ਪੱਤਰ ਪ੍ਰੇਰਕ
ਅਸਣੇ ਸਣੇ ਚਾਰ ਕਾਬੂ
ਰੂਪਨਗਰ: ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁਲੀਸ ਨੇ ਚਾਰ ਜਣਿਆਂ ਨੂੰ ਕਾਬੂ ਕਰ ਕੇ ਇੱਕ ਪਿਸਤੌਲ ਤੇ ਚਾਰ ਕਾਰਤੂਸ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਥਾਣਾ ਸਿਟੀ ਰੂਪਨਗਰ ਵੱਲੋਂ ਪਰਮਿੰਦਰ ਸਿੰਘ ਵਾਸੀ ਚੰਦਪੁਰ ਡਕਾਲਾ ਅਤੇ ਅਮਰਜੀਤ ਸਿੰਘ ਵਾਸੀ ਦਬੁਰਜੀ ਨੂੰ ਗ੍ਰਿਫ਼ਤਾਰ ਕਰ ਕੇ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਦਰ ਮੋਰਿੰਡਾ ਵੱਲੋਂ ਅਜੈ ਕੁਮਾਰ ਤੇ ਸੁਸ਼ੀਲ ਕੁਮਾਰ ਵਾਸੀ ਮੋਰਿੰਡਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
ਲੁੱਟ ਦੀ ਕੋਸ਼ਿਸ਼ ਕਰਨ ਵਾਲਾ ਫੜਿਆ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਸੈਕਟਰ-27 ਵਿੱਚ ਸਥਿਤ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਤੋਂ ਪੰਜ ਲੱਖ ਰੁਪਏ ਲੁੱਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਅੱਜ ਸਵੇਰੇ 11 ਵਜੇ ਦੇ ਕਰੀਬ ਦੀ ਹੈ ਜਦੋਂ ਬੈਂਕ ਮੁਲਾਜ਼ਮ ਕੈਸ਼ ਲੈ ਕੇ ਬੈਂਕ ਵੱਲ ਜਾ ਰਿਹਾ ਸੀ ਤਾਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਚਾਕੂ ਦਿਖਾ ਕੇ ਰੁਪਏ ਲੁੱਟਣ ਦੀ ਕੋਸ਼ਿਸ਼ ਕੀਤੀ। ਬੈਂਕ ਮੁਲਾਜ਼ਮ ਨੇ ਦੋਵਾਂ ਦਾ ਵਿਰੋਧ ਕਰਦਿਆਂ ਭੱਜ ਕੇ ਬੈਂਕ ਵਿੱਚ ਵੜ ਗਿਆ। ਇਸੇ ਦੌਰਾਨ ਪੀਸੀਆਰ ਮੁਲਾਜ਼ਮ ਨੇ ਦੋਵਾਂ ਨੌਜਵਾਨਾਂ ਨੂੰ ਦੇਖਿਆ ਤਾਂ ਉਨ੍ਹਾਂ ਦਾ ਪਿੱਛਾ ਕੀਤਾ। ਪੁਲੀਸ ਨੇ ਇੱਕ ਨੂੰ ਕਾਬੂ ਕਰ ਲਿਆ ਹੈ ਜਦੋਂਕਿ ਦੂਜਾ ਨੌਜਵਾਨ ਫ਼ਰਾਰ ਹੋ ਗਿਆ। -ਟਨਸ