ਨਸ਼ਿਆਂ ਦੀ ਰੋਕਥਾਮ ਲਈ ਥਾਣਾ ਘੇਰਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਮਈ
ਸੀਪੀਆਈ (ਐੱਮਐਲ) ਲਿਬਰੇਸ਼ਨ,ਮਜ਼ਦੂਰ ਮੁਕਤੀ ਮੋਰਚਾ,ਪੰਜਾਬ ਕਿਸਾਨ ਯੂਨੀਅਨ ਇਨਕਲਾਬੀ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜ਼ਿਲ੍ਹੇ ਅੰਦਰ ਨਸ਼ੀਲੀਆਂ ਗੋਲੀਆਂ,ਚਿੱਟਾ ਅਤੇ ਸਮੈਕ ਦੇ ਖੁੱਲ੍ਹੇ ਚੱਲ ਰਹੇ ਗੈਰ-ਕਾਨੂੰਨੀ ਕਾਰੋਬਾਰ ਨੂੰ ਰੋਕਣ ਲਈ ਥਾਣਾ ਸਿਟੀ-1 ਮਾਨਸਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਜ਼ਿਲ੍ਹੇ ਅੰਦਰ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਨਸ਼ੀਲੀਆਂ ਗੋਲੀਆਂ ਅਤੇ ਗਲੀਆਂ-ਮੁਹੱਲਿਆਂ ਵਿੱਚ ਚਿੱਟਾ ਵਿਕ ਰਿਹਾ ਹੈ,ਜਿਸ ਦਾ ਸ਼ਿਕਾਰ ਸਕੂਲ ਪੜ੍ਹਦੇ ਨਬਾਲਿਗ ਮੁੰਡੇ-ਕੁੜੀਆਂ ਤੱਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਪਾਰਟੀ ਨੇ ਸਮੂਹ ਸੰਘਰਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ‘ਨਸ਼ੇ ਨਹੀਂ, ਰੁਜ਼ਗਾਰ ਦਿਓ’ ਮੁਹਿੰਮ ਆਰੰਭ ਕੀਤੀ ਹੈ। ਬੁਲਾਰਿਆਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ, ਪਰ ਅੱਜ ਨਸ਼ੀਲੇ ਪਦਾਰਥ ਸ਼ਰ੍ਹੇਆਮ ਵਿਕ ਰਹੇ ਹਨ। ਉਧਰ, ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ 10 ਮਈ ਨੂੰ ਬਾਬਾ ਬੂਝਾ ਸਿੰਘ ਭਵਨ ਵਿੱਚ ਨੌਜਵਾਨਾਂ ਤੇ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸੱਦੀ ਲਈ ਗਈ ਹੈ। ਇਸ ਮੌਕੇ ਵਿਜੈ ਕੁਮਾਰ ਭੀਖੀ,ਗੁਰਨਾਮ ਸਿੰਘ ਭੀਖੀ, ਗੁਰਜੰਟ ਸਿੰਘ ਮਾਨਸਾ,ਕਾਮਰੇਡ ਸੁਖਦਰਸ਼ਨ ਸਿੰਘ ਨੱਤ,ਪ੍ਰੀਤਮ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ।
ਡੀਐੱਸਪੀ ਵੱਲੋਂ ਮੰਚ ਤੋਂ ਦਿੱਤੇ ਭਰੋਸੇ ਮਗਰੋਂ ਘਿਰਾਓ ਮੁਲਤਵੀ
ਇਸੇ ਦੌਰਾਨ ਪੰਜਾਬ ਪੁਲੀਸ ਦੇ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਵਫ਼ਦ ਦਰਮਿਆਨ ਥਾਣਾ ਸਿਟੀ-1 ਵਿੱਚ ਲੰਬੀ ਗੱਲਬਾਤ ਤੋਂ ਬਾਅਦ ਡੀਐੱਸਪੀ ਸੰਜੀਵ ਗੋਇਲ ਨੇ ਮੰਚ ਤੋਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਡੀਕਲ ਦੁਕਾਨਾਂ ਖੁੱਲ੍ਹਣ ਦਾ ਸਮਾਂ ਤੈਅ ਕੀਤਾ ਜਾਵੇਗਾ ਅਤੇ ਡਾਕਟਰ ਦੀ ਪਰਚੀ ਤੋਂ ਬਿਨਾਂ ਦਰਦ ਨਿਵਾਰਕ ਦਵਾਈਆਂ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਵਿਜੀਲੈਂਸ ਤੋਂ ਮੈਡੀਕਲ ਸਟੋਰਾਂ ਦੇ ਜਾਅਲੀ ਲਾਇਸੈਂਸਾਂ ਦੀ ਜਾਂਚ ਕਰਵਾਈ ਜਾਵੇਗੀ। ਇਸ ਤੋਂ ਬਾਅਦ ਥਾਣੇ ਦਾ ਘਿਰਾਓ ਮੁਲਤਵੀ ਕੀਤਾ ਗਿਆ।
ਇੱਕ ਲੱਖ ਬਾਰ੍ਹਾਂ ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਚਾਰ ਕਾਬੂ
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਇੱਥੇ ਮੈਡੀਕਲ ਸਟੋਰ ਦੇ ਮਾਲਕ ਸਮੇਤ 4 ਲੋਕਾਂ ਨੂੰ 1 ਲੱਖ 12 ਹਜ਼ਾਰ ਨਸ਼ੀਲੀਆਂ ਗੋਲੀਆਂ 2 ਸਵਿਫ਼ਟ ਕਾਰਾਂ, ਐਕਟਿਵਾ ਬਿਨਾ ਨੰਬਰੀ ਅਤੇ 53 ਹਜ਼ਾਰ ਡਰੱਗ ਮਨੀ ਸਣੇ ਕਾਬੂ ਕੀਤਾ ਗਿਆ ਹੈ। ਰਾਜਸਥਾਨ ਦੇ ਬੀਕਾਨੇਰ ਨੇੜੇ ਬਾਪਰੇ ਨਾਮ ਦੇ ਢਾਬੇ ਤੋਂ 2 ਕਾਰਾਂ ਰਾਹੀਂ ਗਰੋਹ ਨਸ਼ੇ ਦੀ ਤਸਕਰੀ ਕਰਦਾ ਸੀ। ਇੱਥੇ ਸ਼ਹੀਦ ਊਧਮ ਸਿੰਘ ਚੌਕ ਨੇੜੇ ਗਲੀ ਵਿੱਚ ਕਿਰਾਏ ਦੇ ਮਕਾਨ ਵਿਚ ਚੱਲ ਰਿਹਾ ਸੀ ਨਸ਼ੇ ਦਾ ਧੰਦਾ । ਬੀਤੇ ਦਿਨੀਂ ਥਾਣਾ ਸਦਰ ਪੁਲੀਸ ਨੇ ਫੱਤੂ ਵਾਲ਼ਾ ਪਿੰਡ ਤੋਂ 1 ਨਸ਼ਾ ਤਸਕਰ ਨੂੰ 720 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਸੀ। ਮਗਰੋਂ ਥਾਣਾ ਸਦਰ ਪੁਲੀਸ ਵੱਲੋਂ ਪੁੱਛਗਿੱਛ ਦੌਰਾਨ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਜ਼ਿਲ੍ਹਾ ਮੁਖੀ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਗਰੋਹ ਦੇ ਵਿੱਚ ਚਾਰ ਮੈਂਬਰ ਸ਼ਾਮਲ ਸਨ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਲੱਖ 12 ਹਜ਼ਾਰ ਨਸ਼ੀਲੀਆਂ ਗੋਲੀਆਂ 2 ਕਾਰਾਂ 1 ਐਕਟਿਵਾ ਬਿਨਾ ਨੰਬਰੀ ਅਤੇ 53 ਹਜ਼ਾਰ ਡਰੱਗ ਮਨੀ ਬਰਾਮਦ ਹੋਇਆ। ਇਸ ਸਬੰਧੀ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਗਿਆ ਹੈ।