ਨਵੇਂ 480 ਸ਼ੈਲਰਾਂ ਤੇ ਮਿੱਲਾਂ ਨੂੰ ਖਰੀਦ ਪ੍ਰਕਿਰਿਆ ’ਚ ਸ਼ਾਮਲ ਕੀਤਾ: ਕਟਾਰੂਚੱਕ
ਸੁਰਜੀਤ ਮਜਾਰੀ
ਬੰਗਾ, 9 ਅਕਤੂਬਰ
ਘਰੇਲੂ ਕਾਰੋਬਾਰੀਆਂ ਵਲੋਂ ਸੂਬੇ ਵਿੱਚ 480 ਨਵੇਂ ਸ਼ੈਲਰਾਂ, ਮਿੱਲਾਂ ਨੂੰ ਖਰੀਦ ਪ੍ਰਕ੍ਰਿਆ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਦਾ ਸੀਜ਼ਨ ਕਿਸਾਨਾਂ ਅਤੇ ਇਸ ਨਾਲ ਜੁੜੇ ਸਾਰੇ ਕਾਰੋਬਾਰੀਆਂ ਲਈ ਵਧੀਆ ਹੋਵੇਗਾ। ਇਹ ਜਾਣਕਾਰੀ ਜ਼ਿਲ੍ਹੇ ਵਿਚ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅਨਾਜ ਮੰਡੀ ਬੰਗਾ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸ ਮੰਤਵ ਨੂੰ ਹਾਸਲ ਕਰਨ ਲਈ ਪੰਜਾਬ ਸਰਕਾਰ ਪੜਾਅ ਵਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਮੰਡੀ ਵਿੱਚ ਪੀਣ ਵਾਲੇ ਪਾਣੀ ਅਤੇ ਸਾਫ਼ ਸਫ਼ਾਈ ਦਾ ਵੀ ਜਾਇਜ਼ਾ ਲਿਆ ਅਤੇ ਮੌਕੇ ਉਤੇ ਅਫ਼ਸਰਾਂ ਨੂੰ ਮੁੱਢਲੇ ਪ੍ਰਬਧਾਂ ਦਾ ਇੰਤਜ਼ਾਮ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਫ਼ਸਲ ਮੰਡੀਆਂ ਵਿੱਚ ਲੈ ਕੇ ਆਉਣ ਤੇ ਪਰਾਲੀ ਨੂੰ ਅੱਗ ਨਾ ਲਾਉਣ।
47 ਪਿੰਡਾਂ ਨੂੰ 1.37 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਮਨਜ਼ੂਰੀ ਪੱਤਰ ਦਿੱਤੇ
ਪਠਾਨਕੋਟ (ਐਨ ਪੀ. ਧਵਨ): ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਲਕਾ ਭੋਆ ਦੇ 47 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 1.37 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਮਨਜ਼ੂਰੀ ਪੱਤਰ ਦਿੱਤੇ। ਇਸ ਮੌਕੇ ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਜੋ ਉਨ੍ਹਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ। ਇਹ ਗਰਾਂਟਾਂ ਬਿਨਾ ਕਿਸੇ ਪੱਖਪਾਤ ਤੋਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਮਾੜੀ, ਕੋਟਲੀ ਫਾਰਮ, ਸਾਲੋਵਾਲ, ਬੱਸੀ ਅਫਗਾਨਾਂ, ਬਲਸੂਆ, ਫੰਗੜੀਆਂ, ਜਗਤਪੁਰ ਜੱਟਾਂ, ਗੁੱਲਪੁਰ, ਸਿੰਬਲੀ, ਐਮਾ ਗੁੱਜਰਾਂ, ਸ਼ੇਰਪੁਰ-ਗਿੱਦੜਪੁਰ, ਅਖਰੋਟਾ, ਖੰਨੀ ਖੂਹੀ, ਸਮਰਾਲਾ, ਧਲੌਰੀਆਂ, ਨਾਜੋਚੱਕ, ਰਾਜਪਰੂਰਾ, ਕੀੜੀ, ਤਾਰਾਗੜ੍ਹ, ਛੋਟਾ ਤਲੂਰ, ਮਾਖਨਪੁਰ, ਗੱਜੂ ਜਗੀਰ, ਕਥਲੌਰ, ਨਿਆੜੀ, ਬਘਾਰ, ਕਾਸ਼ੀ ਬਾੜਮਾ ਦਿੱਤੀਆਂ ਗਈਆਂ। ਇਹ ਗ੍ਰਾਂਟਾਂ ਜ਼ਿਆਦਾਤਰ ਸੋਲਰ ਲਾਈਟਾਂ, ਸ਼ਮਸ਼ਾਨਘਾਟ, ਗੰਦੇ ਪਾਣੀ ਦੀ ਨਿਕਾਸੀ, ਪਾਰਕਾਂ ਵਿੱਚ ਮਿੱਟੀ ਦੀ ਭਰਤੀ, ਪੀਣ ਵਾਲੇ ਪਾਣੀ ਲਈ ਬੋਰ, ਗਲੀਆਂ-ਨਾਲੀਆਂ ਦੀ ਉਸਾਰੀ, ਕੂੜੇ ਦੇ ਪ੍ਰਬੰਧ ਆਦਿ ਲਈ ਦਿੱਤੀਆਂ ਗਈਆਂ ਹਨ। ਇੱਕ ਹੋਰ ਵਿਕਾਸ ਕਾਰਜ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਝਾਖੋਲਾਹੜੀ ਤੋਂ ਬਲਸੂਆ ਪੁਲੀ ਤੱਕ 1.54 ਕਿਲੋਮੀਟਰ ਲੰਬਾਈ ਅਤੇ 33 ਫੁੱਟ ਚੌੜੀ ਸੜਕ ਉਪਰ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਰਬਿਨ ਕੱਟ ਕੇ ਕੀਤਾ।