ਨਵੇਂ ਦਫਤਰ ਵਿੱਚੋਂ ਚੋਣ ਸਰਗਰਮੀਆਂ ਵਿੱਢੇਗੀ ‘ਆਪ’
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਆਮ ਆਦਮੀ ਪਾਰਟੀ ਨੇ ਅੱਜ ਕੌਮੀ ਰਾਜਧਾਨੀ ਦੇ ਲੁਟੀਅਨਜ਼ ਜ਼ੋਨ ਵਿੱਚ ਆਪਣਾ ਹੈੱਡਕੁਆਰਟਰ ਪੰਡਿਤ ਰਵੀ ਸ਼ੰਕਰ ਸ਼ੁਕਲਾ ਲੇਨ ਵਿੱਚ ਤਬਦੀਲ ਕਰ ਦਿੱਤਾ। ਇਸ ਇਮਾਰਤ ਦੇ ਗੇਟ ਉਪਰ ਪਾਰਟੀ ਦਾ ਬੋਰਡ ਲਗਾ ਦਿੱਤਾ ਗਿਆ ਹੈ ਤੇ ਰੰਗ ਰੋਗਨ ਕਰ ਦਿੱਤਾ ਗਿਆ ਹੈ। ਪਾਰਟੀ ਇੱਥੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰੀ ਵਿੱਢੇਗੀ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲਣ ਮਗਰੋਂ ‘ਆਪ’ ਵਰਕਰਾਂ ਵਿੱਚ ਉਤਸ਼ਾਹ ਹੈ।
ਪਾਰਟੀ ਦਫ਼ਤਰ ਵਿੱਚ ਇਹ ਤਬਦੀਲੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਾਰਟੀ ਦਾ ਹੈੱਡਕੁਆਰਟਰ ਰਾਊਜ ਐਵੇਨਿਊ ਕੋਰਟ ਨੇੜੇ ਆਈਟੀਓ ਵਿੱਚ ਸੀ। ਅਦਾਲਤ ਦੇ ਹੁਕਮਾਂ ਅਨੁਸਾਰ ਕੇਂਦਰ ਸਰਕਾਰ ਨੇ ‘ਆਪ’ ਨੂੰ ਲੁਟੀਅਨ ਜ਼ੋਨ ’ਚ ਪੰਡਿਤ ਰਵੀ ਸ਼ੰਕਰ ਸ਼ੁਕਲਾ ਲੇਨ ’ਤੇ ਬੰਗਲਾ ਨੰਬਰ 1 ਅਲਾਟ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਮੀਟਿੰਗਾਂ, ਪ੍ਰੈੱਸ ਕਾਨਫਰੰਸਾਂ ਅਤੇ ਹੋਰ ਸਮਾਗਮ ਹੁਣ ਇਸ ਨਵੇਂ ਹੈੱਡਕੁਆਰਟਰ ’ਤੇ ਹੋਣਗੇ। ਜੂਨ ਵਿੱਚ ਸੁਪਰੀਮ ਕੋਰਟ ਨੇ ‘ਆਪ’ ਨੂੰ 10 ਅਗਸਤ ਤੱਕ ਦਾ ਸਮਾਂ ਦਿੱਤਾ ਸੀ ਕਿ ਉਹ ਰਾਉਸ ਐਵੇਨਿਊ ਕੰਪਲੈਕਸ ਖਾਲੀ ਕਰਨ। ਪਹਿਲਾਂ ਪਾਰਟੀ ਨੂੰ 15 ਜੂਨ ਤੱਕ ਜਗ੍ਹਾ ਖਾਲੀ ਕਰਨੀ ਸੀ ਪਰ ਸੁਪਰੀਮ ਕੋਰਟ ਨੇ ਉਸ ਆਦੇਸ਼ ’ਤੇ ਰੋਕ ਲਗਾ ਦਿੱਤੀ। ‘ਆਪ’ ਪਹਿਲਾਂ ਰਾਊਸ ਐਵੇਨਿਊ ’ਤੇ ਬੰਗਲਾ ਨੰਬਰ 206 ਤੋਂ ਚੱਲ ਰਹੀ ਸੀ। ਇਹ ਜਾਇਦਾਦ 2020 ਵਿੱਚ ਜ਼ਿਲ੍ਹਾ ਅਦਾਲਤਾਂ ਦੇ ਵਿਸਥਾਰ ਲਈ ਦਿੱਲੀ ਹਾਈ ਕੋਰਟ ਨੂੰ ਅਲਾਟ ਕੀਤੀ ਗਈ ਸੀ ਪਰ ‘ਆਪ’ ਦਾ ਦਫ਼ਤਰ ਉੱਥੇ ਕੰਮ ਕਰਦਾ ਰਿਹਾ। ਇਸ ਕਾਰਨ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ‘ਆਪ’ ਨੇ ਸੋਸ਼ਲ ਮੀਡੀਆ ’ਤੇ ਹੈੱਡਕੁਆਰਟਰ ਬਦਲਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਇਸੇ ਦਫ਼ਤਰ ਤੋਂ ਤਿਆਰੀ ਕਰ ਕੇ ਲੜੇਗੀ।