For the best experience, open
https://m.punjabitribuneonline.com
on your mobile browser.
Advertisement

ਨਵੀਂ ਸਵੇਰ

12:32 PM Feb 02, 2023 IST
ਨਵੀਂ ਸਵੇਰ
Advertisement

ਬਰਜਿੰਦਰ ਕੌਰ ਬਿਸਰਾਓ

Advertisement

ਸਵੇਰ ਦਾ ਵਕ਼ਤ ਸੀ। ਸੁਮਨ ਘਰੋਂ ਨਿਕਲਣ ਲੱਗੀ ਤਾਂ ਉਸ ਦੇ ਪੁੱਤਰ ਨੇ ਉਸ ਨੂੰ ਅਵਾਜ਼ ਮਾਰੀ ਤੇ ਕਿਹਾ, ”ਮੰਮੀ, ਮੈਂ ਤੁਹਾਡੇ ਉੱਠਣ ਦੀ ਉਡੀਕ ਈ ਕਰਦਾ ਸੀ… ਮੈਨੂੰ ਤਾਂ ਅੱਧੀ ਰਾਤ ਤੋਂ ਹੀ ਬਹੁਤ ਪਿਆਸ ਲੱਗੀ ਏ…। ਮੈਂ ਤੁਹਾਨੂੰ ਹਾਕ ਨੀ ਮਾਰੀ… ਸੋਚਿਆ ਕਾਹਨੂੰ ਨੀਂਦ ਖਰਾਬ ਕਰਨੀ ਆ… .ਔਹ! ਪਾਣੀ ਦਾ ਗਿਲਾਸ ਫੜਾ ਦਿਓ।” ਹਾਲੇ ਸੁਮਨ ਆਪਣੇ ਪੁੱਤਰ ਜੀਤੇ ਨੂੰ ਪਾਣੀ ਫੜਾ ਹੀ ਰਹੀ ਸੀ ਕਿ ਉਸ ਦਾ ਪਤੀ ਖੰਘਦਾ ਹੋਇਆ ਬੋਲਿਆ, ”ਸੁਮਨ ਤੂੰ ਸੈਰ ਕਰਨ ਚੱਲੀ ਏਂ… ਚੱਲ ਆ ਕੇ ਚਾਹ ਬਣਾ ਦੇਵੀਂ। ਮੇਰਾ ਸਰੀਰ ਬਹੁਤ ਟੁੱਟ ਰਿਹੈ…!” ਸੁਮਨ ਦੀ ਧੀ ਅੰਦਰ ਪਈ ਦਰਦ ਨਾਲ ਕੁਰਲਾ ਰਹੀ ਸੀ। ਉਹ ਉਸ ਨੂੰ ਦਵਾਈ ਦੇ ਕੇ ਕਾਹਲੀ ਨਾਲ ਬਾਹਰਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਚਲੀ ਗਈ। ਉਹ ਤੇਜ਼ ਤੇਜ਼ ਕਦਮ ਪੁੱਟਦੀ ਜਾ ਰਹੀ ਸੀ ਜਿਵੇਂ ਕਿਤੇ ਉਸ ਨੂੰ ਜਾਣ ਦੀ ਬਹੁਤ ਕਾਹਲੀ ਹੋਵੇ।

Advertisement

ਸਵੇਰ ਨੂੰ ਸੈਰ ਕਰਨ ਤਾਂ ਉਹ ਹਰ ਰੋਜ਼ ਹੀ ਜਾਂਦੀ ਸੀ, ਪਰ ਅੱਜ ਕੁਝ ਉੱਖੜੀ ਉੱਖੜੀ, ਸੋਚਾਂ ਵਿੱਚ ਡੁੱਬੀ ਇੰਝ ਤੁਰੀ ਜਾ ਰਹੀ ਸੀ ਜਿਵੇਂ ਆਪਣੇ ਸਿਰੋਂ ਕੋਈ ਬੋਝ ਲਾਹੁਣ ਚੱਲੀ ਹੋਵੇ। ਉਸ ਦੇ ਤੁਰੀ ਜਾਂਦੀ ਦੇ ਉਸ ਦੀਆਂ ਸੋਚਾਂ ਦੇ ਨਾਲ ਨਾਲ ਉਸ ਦੇ ਚਿਹਰੇ ਦੇ ਹਾਵ-ਭਾਵ ਵੀ ਬਦਲ ਰਹੇ ਸਨ। ਉਹ ਨਹਿਰ ‘ਤੇ ਪੁੱਜੀ ਤਾਂ ਨਹਿਰ ਸੁੱਕੀ ਪਈ ਸੀ। ਨਹਿਰ ਦੇ ਪੁਲ ਦੀ ਕੰਧੜੀ ‘ਤੇ ਪੰਜ ਕੁ ਮਿੰਟ ਬੈਠ ਕੇ ਕੁਝ ਸੋਚਦੀ ਰਹੀ ਤੇ ਫਿਰ ਘਰ ਵੱਲ ਨੂੰ ਮੋੜੇ ਪਾਉਣ ਲੱਗੀ ਤੇ ਹਉਕਾ ਲੈ ਕੇ ਬੋਲੀ, ”ਚੰਗਾ ਪਰਮਾਤਮਾ! ਜਿਵੇਂ ਤੇਰੀ ਮਰਜ਼ੀ… ਖ਼ਬਰੇ ਹੋਰ ਕਿੰਨੇ ਕੁ ਇਮਤਿਹਾਨ ਲੈਣੇ ਆ…!”

ਦਰਅਸਲ, ਸੁਮਨ ਦਾ ਪਤੀ ਹਰਨਾਮ ਪਹਿਲਾਂ ਬੜਾ ਸੋਹਣਾ ਕੰਮ ‘ਤੇ ਜਾਂਦਾ ਸੀ ਤੇ ਕਮਾਈ ਵੀ ਬਹੁਤ ਵਧੀਆ ਸੀ। ਘਰ ਦਾ ਗੁਜ਼ਾਰਾ ਬੜਾ ਵਧੀਆ ਹੁੰਦਾ ਸੀ। ਜੀਤਾ ਕਾਲਜ ਪੜ੍ਹਦਾ ਸੀ। ਉਸ ਦਾ ਐਮ.ਬੀ.ਏ. ਦਾ ਆਖ਼ਰੀ ਸਾਲ ਹੀ ਸੀ ਕਿ ਇੱਕ ਦਿਨ ਕਾਲਜ ਤੋਂ ਆਉਂਦਿਆਂ ਉਸ ਦੇ ਮੋਟਰਸਾਈਕਲ ਵਿੱਚ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਸੀ ਜਿਸ ਕਰਕੇ ਉਸ ਦੀ ਲੱਤ ਦੀ ਹੱਡੀ ਦੋ ਥਾਂ ਤੋਂ ਟੁੱਟ ਗਈ ਸੀ। ਉਸ ਤੋਂ ਕੁਝ ਦਿਨ ਬਾਅਦ ਹੀ ਹਰਨਾਮ ਨੂੰ ਲਗਾਤਾਰ ਹਲਕਾ ਹਲਕਾ ਬੁਖ਼ਾਰ ਰਹਿਣ ਲੱਗਿਆ ਸੀ। ਡਾਕਟਰੀ ਰਿਪੋਰਟ ਵਿੱਚ ਉਸ ਨੂੰ ਕੈਂਸਰ ਨਿਕਲ ਆਇਆ ਸੀ ਤੇ ਓਧਰ ਉਸ ਦਾ ਇਲਾਜ ਕਰਵਾਉਣ ਲੱਗੀ। ਛੋਟੀ ਕੁੜੀ ਬਚਪਨ ਵਿੱਚ ਹੀ ਪੋਲੀਓ ਕਰਕੇ ਦੋਵੇਂ ਲੱਤਾਂ ਤੋਂ ਅਪਾਹਜ ਹੋਈ ਬੈਠੀ ਸੀ। ਪਿਛਲੇ ਤਿੰਨ ਮਹੀਨਿਆਂ ਤੋਂ ਘਰੋਂ ਖੱਲਾਂ ਖੂੰਜਿਆਂ ‘ਚੋਂ ਹੂੰਝ ਕੇ ਸਾਰੇ ਪੈਸੇ ਖ਼ਰਚ ਕਰਕੇ ਪੈਸੇ ਦੀ ਤੰਗੀ, ਉੱਤੋਂ ਤਿੰਨਾਂ ਦਾ ਬੋਝ ਉਸ ਨੂੰ ਹੀ ਉਠਾਉਣਾ ਪੈ ਰਿਹਾ ਸੀ। ਹੁਣ ਸਾਰਿਆਂ ਦੇ ਇਲਾਜ ਲਈ ਘਰ ਵੇਚਣ ਤੱਕ ਦੀ ਨੌਬਤ ਆ ਗਈ ਸੀ। ਇਸੇ ਲਈ ਉਹ ਬਹੁਤ ਪ੍ਰੇਸ਼ਾਨ ਸੀ ਤੇ ਉਹ ਖ਼ੁਦਕੁਸ਼ੀ ਕਰਨ ਲਈ ਨਹਿਰ ‘ਤੇ ਪੁੱਜੀ ਸੀ।

ਉੱਥੋਂ ਤੁਰਨ ਲੱਗੀ ਦੇ ਮਨ ਵਿੱਚੋਂ ਆਪਣੇ ਅੰਦਰੋਂ ਹੀ ਅਵਾਜ਼ ਆਈ, ‘ਹੈਂ! ਮੈਂ ਇਹ ਕੀ ਕਰਨ ਲੱਗੀ ਸੀ… ਉਹ ਜਿਹੜੇ ਤਿੰਨੋਂ ਲਾਚਾਰ ਮੇਰੇ ਮੂੰਹ ਵੱਲ ਤੱਕਦੇ ਰਹਿੰਦੇ ਹਨ… ਜਿਨ੍ਹਾਂ ਨੂੰ ਮੇਰੇ ਸਿਵਾਏ ਕੋਈ ਹੋਰ ਪੁੱਛਣ ਵਾਲਾ ਨਹੀਂ… ਮੈਂ ਉਨ੍ਹਾਂ ਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੀ ਸੀ? …ਮੇਰੀ ਤਾਂ ਮੱਤ ਮਾਰੀ ਗਈ ਸੀ…! ਹੇ ਪਰਮਾਤਮਾ! ਤੂੰ ਬਹੁਤ ਬੇਅੰਤ ਹੈਂ… ਜੇ ਨਹਿਰ ਚਲਦੀ ਹੁੰਦੀ… ਤਾਂ…!’ ਇਹ ਸੋਚ ਕੇ ਉਹ ਘਬਰਾ ਗਈ। ਫਿਰ ਪਰਮਾਤਮਾ ਅੱਗੇ ਪਸ਼ਚਾਤਾਪ ਕਰਨ ਲੱਗੀ ਕਿ ਉਹ ਜ਼ਿੰਦਗੀ ਵਿੱਚ ਕਦੇ ਅਜਿਹਾ ਨਹੀਂ ਸੋਚੇਗੀ, ਚਾਹੇ ਕਿੰਨੇ ਵੀ ਸਖ਼ਤ ਹਾਲਾਤ ਵਿੱਚੋਂ ਕਿਉਂ ਨਾ ਲੰਘਣਾ ਪਵੇ। ਉਹ ਕਾਹਲੀ ਨਾਲ ਵਾਪਸ ਘਰ ਪਹੁੰਚੀ ਤਾਂ ਪਤੀ ਨੇ ਉਸ ਨੂੰ ਪੁੱਛਿਆ, ”ਅੱਜ ਸੈਰ ਨੂੰ ਬੜੀ ਦੇਰ ਲੱਗ ਗਈ… ਮੇਰੇ ਬੜਾ ਦਰਦ ਉੱਠਦਾ ਏ… ਦਵਾਈ ਦੇ ਦੇ।” ਜੀਤਾ ਤੇ ਛੋਟੀ ਕੁੜੀ ਵੀ ਆਪਣੀ ਮਾਂ ਦੀ ਉਡੀਕ ਕਰ ਰਹੇ ਸਨ। ਸੁਮਨ ਦੇ ਅੰਦਰ ਆਉਂਦਿਆਂ ਹੀ ਸਾਰੇ ਲਾਚਾਰ ਜਿਹੇ ਪਰਿਵਾਰ ਦੇ ਜੀਆਂ ਦੇ ਚਿਹਰਿਆਂ ‘ਤੇ ਇਕਦਮ ਖ਼ੁਸ਼ੀ ਆ ਗਈ।

ਦਰਅਸਲ, ਸੁਮਨ ਆਪਣੀ ਨਵੀਂ ਵਿਆਹੀ ਨੂੰਹ ਨੂੰ ਘਰ ਦੀ ਬਗੀਚੀ ਵਿੱਚ ਬੈਠੀ ਤਿੰਨ ਵਰ੍ਹੇ ਪਹਿਲਾਂ ਵਾਪਰੀ ਗੱਲ ਦੱਸ ਰਹੀ ਸੀ।

ਉਸ ਦੀ ਨੂੰਹ ਨੇ ਪੁੱਛਿਆ, ”ਫੇਰ ਕੀ ਹੋਇਆ ਮੰਮੀ ਜੀ…?”

”ਬੱਸ ਫੇਰ ਕੀ ਸੀ, ਮੈਂ ਘਰ ਵੇਚ ਦਿੱਤਾ। ਇਲਾਜ ਕਰਵਾ ਕੇ ਮਹੀਨੇ ਬਾਅਦ ਜੀਤਾ ਠੀਕ ਹੋ ਗਿਆ ਤੇ ਅਸੀਂ ਦੋਵੇਂ ਜਣੇ ਤੁਹਾਡੇ ਪਾਪਾ ਦਾ ਇਲਾਜ ਕਰਵਾਉਂਦੇ ਰਹੇ। ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ। ਤਿੰਨ ਕੁ ਮਹੀਨੇ ਬਾਅਦ ਉਹ ਸਾਨੂੰ ਛੱਡ ਕੇ ਚਲੇ ਗਏ। ਜੀਤੇ ਦੀ ਐਮ.ਬੀ.ਏ. ਪੂਰੀ ਹੋ ਕੇ ਨੌਕਰੀ ਮਿਲ ਗਈ। ਜਿਹੜੇ ਪੈਸੇ ਬਚਦੇ ਸਨ ਉਨ੍ਹਾਂ ਦਾ ਪਲਾਟ ਲੈ ਲਿਆ ਸੀ ਤੇ ਜੀਤੇ ਨੇ ਇਹ ਘਰ ਬਣਾ ਲਿਆ। ਛੋਟੀ ਕੁੜੀ ਨੂੰ ਤੂੰ ਆਪਣੀ ਮਾਂ ਵਰਗੀ ਪਿਆਰੀ ਭਾਬੀ ਮਿਲ ਗਈ ਹੈਂ, ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ… ਹੋਰ ਪਰਮਾਤਮਾ ਤੋਂ ਸਾਨੂੰ ਕੀzwnj; ਚਾਹੀਦਾ ਏ! ਬੇਟਾ! ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਔਖਾ ਸਮਾਂ ਆ ਜਾਏ, ਕਦੇ ਅਜਿਹਾ ਗ਼ਲਤ ਕਦਮ ਨਹੀਂ ਉਠਾਉਣਾ ਚਾਹੀਦਾ ਜੋ ਮੈਂ ਉਸ ਵੇਲੇ ਉਠਾਉਣ ਲੱਗੀ ਸੀ। ਉਹ ਸਭ ਸੋਚ ਕੇ ਮੇਰੀ ਰੂਹ ਕੰਬ ਜਾਂਦੀ ਹੈ ਕਿ ਮੈਂ ਇਨ੍ਹਾਂ ਸਭ ਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੀ ਸੀ। ਜਿਵੇਂ ਹਰ ਰਾਤ ਤੋਂ ਬਾਅਦ ਨਵੀਂ ਸਵੇਰ ਨੇ ਆਉਣਾ ਹੀ ਹੁੰਦਾ ਹੈ, ਉਸੇ ਤਰ੍ਹਾਂ ਔਖੇ ਵੇਲੇ ਤੋਂ ਬਾਅਦ ਚੰਗੇ ਦਿਨ ਵੀ ਆਉਂਦੇ ਹੀ ਹਨ। ਬੱਸ ਔਖ਼ੇ ਵੇਲ਼ੇ ਦਾ ਡਟ ਕੇ ਸਾਹਮਣਾ ਕਰਨਾ ਪੈਂਦਾ ਹੈ।” ਦੋਵੇਂ ਜਣੀਆਂ ਨੇ ਇੱਕ ਦੂਜੇ ਦੇ ਹੱਥਾਂ ਨੂੰ ਇਸ ਤਰ੍ਹਾਂ ਘੁੱਟਿਆ ਜਿਵੇਂ ਇੱਕ ਦੂਜੇ ਦੀ ਨਵੀਂ ਸਵੇਰ ਬਣ ਕੇ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਰੌਸ਼ਨੀ ਫੈਲਾ ਰਹੀਆਂ ਹੋਣ।
ਸੰਪਰਕ: 99889-01324

* * *

ਪਛਤਾਵਾ

ਮਨਪ੍ਰੀਤ ਕੌਰ ਭਾਟੀਆ

ਅੱਜ ਐਤਵਾਰ ਵਾਲੇ ਦਿਨ ਮੈਂ ਆਪਣੇ ਪਿੰਡ ਜਾਣ ਦਾ ਮਨ ਬਣਾਇਆ, ਭਾਵੇਂ ਮੈਨੂੰ ਆਪਣੇ ਪਰਿਵਾਰ ਸਮੇਤ ਪਿੰਡੋਂ ਸ਼ਹਿਰ ਵਸਿਆਂ ਕਈ ਵਰ੍ਹੇ ਹੋ ਗਏ ਸਨ। ਪਰ ਪਿੰਡ, ਜਿੱਥੇ ਮੈਂ ਆਪਣਾ ਬਚਪਨ ਗੁਜ਼ਾਰਿਆ, ਜਿੱਥੇ ਜਵਾਨੀ ਬੀਤੀ, ਨਾਲ ਮੈਨੂੰ ਅੰਤਾਂ ਦਾ ਮੋਹ ਸੀ। ਸੋ ਆਪਣੇ ਪੁਰਾਣੇ ਬੇਲੀ-ਮਿੱਤਰਾਂ ਨੂੰ ਮਿਲਣ ਦਾ ਮਨ ਬਣਾ ਮੈਂ ਆਪਣੇ ਪਿੰਡ ਵੱਲ ਚੱਲ ਪਿਆ।

ਅੱਜ ਕਈ ਵਰ੍ਹਿਆਂ ਬਾਅਦ ਪੁਰਾਣੇ ਲੰਗੋਟੀਏ ਯਾਰ ਮੈਨੂੰ ਮਿਲ ਕੇ ਅੰਤਾਂ ਦੇ ਪ੍ਰਸੰਨ ਹੋਏ। ਸਭ ਨਾਲ ਹਾਸਾ-ਠੱਠਾ ਕਰ ਕੇ ਦੁਪਹਿਰ ਤੋਂ ਬਾਅਦ ਮੈਂ ਵਾਪਸ ਮੁੜ ਪਿਆ, ਪਰ ਘਰ ਪਰਤਣ ਤੋਂ ਪਹਿਲਾਂ ਮੈਂ ਉਸ ਗਲੀ ‘ਚੋਂ, ਉਸ ਘਰ ਕੋਲੋਂ ਗੁਜ਼ਰਨਾ ਚਾਹੁੰਦਾ ਸੀ ਜਿੱਥੇ ਅਸੀਂ ਪੂਰਾ ਪਰਿਵਾਰ ਚਾਚੇ-ਤਾਏ ਸਭ ਮਿਲ ਜੁਲ ਕੇ ਇਕੱਠੇ ਰਿਹਾ ਕਰਦੇ ਸੀ, ਪਰ ਜ਼ਰੂਰਤਾਂ ਤੇ ਸਹੂਲਤਾਂ ਕਾਰਨ ਸਭ ਅਲੱਗ-ਅਲੱਗ ਸ਼ਹਿਰਾਂ ‘ਚ ਜਾ ਵਸੇ ਸੀ। ਸੋ ਉਸ ਗਲੀ ‘ਚ ਹੁੰਦੇ ਹੋਏ ਉਹ ਘਰ ਦੇਖ ਕੇ, ਜੋ ਕਦੇ ਸਾਡਾ ਹੁੰਦਾ ਸੀ, ਮੈਨੂੰ ਚਾਅ ਜਿਹਾ ਚੜ੍ਹ ਗਿਆ। ਹੁਣ ਇਸ ਦੀ ਦਿੱਖ ਵੀ ਬਦਲ ਕੇ ਬਹੁਤ ਸੋਹਣੀ ਹੋ ਗਈ ਸੀ। ਆਸੇ-ਪਾਸੇ ਹੋਰ ਵੀ ਘਰ ਕਾਫ਼ੀ ਵਧੀਆ ਬਣ ਗਏ ਸਨ, ਪਰ ਸਾਡੇ ਬਿਲਕੁਲ ਗੁਆਂਢ ਵਾਲਾ ਘਰ ਕਦੇ ਪਿੰਡ ‘ਚੋਂ ਸਭ ਤੋਂ ਵਧੀਆ ਹੁੰਦਾ ਸੀ, ਹੁਣ ਬਹੁਤ ਹੀ ਖਸਤਾ ਹਾਲਤ ਵਿੱਚ ਸੀ। ਇਹ ਦੇਖ ਕੇ ਮੈਨੂੰ ਦੁੱਖ ਵੀ ਹੋਇਆ ਅਤੇ ਹੈਰਾਨੀ ਵੀ। ਮੈਂ ਇਸ ਬਾਰੇ ਸੋਚ ਹੀ ਰਿਹਾ ਸੀ ਕਿ ਅਚਾਨਕ ਮੈਨੂੰ ਕਿਸੇ ਔਰਤ ਦੇ ਉੱਚੀ-ਉੱਚੀ ਹੱਸਣ ਤੇ ਫਿਰ ਰੋਣ ਦੀ ਆਵਾਜ਼ ਸੁਣਾਈ ਦਿੱਤੀ ਜੋ ਕਿ ਉਸੇ ਗੁਆਂਢ ਵਾਲੇ ਘਰ ‘ਚੋਂ ਆ ਰਹੀ ਸੀ। ਮੈਂ ਹੈਰਾਨ ਹੋਇਆ ਉਸ ਘਰ ਅੰਦਰ ਵੜ ਗਿਆ, ਪਰ ਅੰਦਰ ਦਾ ਦ੍ਰਿਸ਼ ਬੜਾ ਹੀ ਡਰਾਉਣਾ ਜਿਹਾ ਸੀ। ਅਜੀਬ ਜਿਹੀ ਹੁੰਮਸ ਸਾਰੇ ਘਰ ਵਿੱਚ ਫੈਲੀ ਹੋਈ ਸੀ। ਇੱਕ ਕਮਜ਼ੋਰ ਜਿਹੀ ਬਜ਼ੁਰਗ ਔਰਤ ਹੇਠਾਂ ਜ਼ਮੀਨ ‘ਤੇ ਬੈਠੀ ਆਪਣੇ-ਆਪ ਵਿੱਚ ਹੀ ਬੁੜ-ਬੁੜ ਕਰ ਰਹੀ ਸੀ। ਉਸ ਦੇ ਵਾਲ ਬੁਰੀ ਤਰ੍ਹਾਂ ਖਿਲਰੇ ਪਏ, ਗੰਦੇ ਜਿਹੇ ਕੱਪੜੇ ਪਾਏ ਹੋਏ, ਜਿਵੇਂ ਕਈ ਦਿਨਾਂ ਤੋਂ ਨਹਾਤੀ ਨਾ ਹੋਵੇ। ਉਸ ਦੇ ਸਰੀਰ ਅਤੇ ਕੱਪੜਿਆਂ ‘ਤੇ ਗੋਡੇ-ਗੋਡੇ ਮੈਲ ਦੂਰੋਂ ਹੀ ਲਿਸ਼ਕਾਂ ਮਾਰ ਰਹੀ ਸੀ। ਪੂਰੇ ਘਰ ਵਿੱਚ ਅਜੀਬ ਜਿਹੀ ਬਦਬੂ ਫੈਲੀ ਹੋਈ ਸੀ। ਮੈਂ ਕਾਹਲੀ ਨਾਲ ਬਾਹਰ ਵੱਲ ਜਾਣ ਲੱਗਾ ਤਾਂ ਉਹ ਔਰਤ ਚੀਕੀ, ”ਜਰਨੈਲ ਪੁੱਤ! ਆ ਗਿਆ ਤੂੰ…।” ਤੇ ਉਹ ਭੱਜ ਕੇ ਮੇਰੇ ਨਾਲ ਆ ਲੱਗੀ।

ਮੈਂ ਜਿਵੇਂ ਅਚਾਨਕ ਹੋਏ ਹਮਲੇ ਤੋਂ ਘਬਰਾ ਗਿਆ। ”ਮੈਂ… ਮੈਂ… ਜਰਨੈਲ ਨਹੀਂ…।” ਮੈਂ ਉਸ ਔਰਤ ਨੂੰ ਪਰ੍ਹਾਂ ਕਰਨ ਲਈ ਗੁੱਸੇ ਵਿੱਚ ਜ਼ੋਰ ਲਗਾਇਆ, ਪਰ ਉਸ ਨੇ ਮੈਨੂੰ ਘੁੱਟ ਕੇ ਫੜ ਲਿਆ ਅਤੇ ਉੱਚੀ-ਉੱਚੀ ਰੋਣ ਲੱਗੀ। ਮੈਂ ਧਿਆਨ ਨਾਲ ਦੇਖਿਆ। ਹੱਡੀਆਂ ਦੀ ਮੁੱਠ ਬਣੀ ਪਈ ਇਹ ਔਰਤ ਤਾਂ ਸ਼ਰਨਜੀਤ ਸੀ ਜੋ ਕਈ ਸਾਲ ਪਹਿਲਾਂ ਹੱਟੀ-ਕੱਟੀ, ਬੜੇ ਹੀ ਰੋਅਬ-ਦਾਅਬ ਵਾਲੀ ਔਰਤ ਸੀ। ਉਦੋਂ ਪੂਰੇ ਪਿੰਡ ਵਿੱਚ ਇਨ੍ਹਾਂ ਦੇ ਪਰਿਵਾਰ ਦੀ ਬੜੀ ਧੌਂਸ ਹੁੰਦੀ ਸੀ। ਸਾਰੇ ਪਿੰਡ ਵਾਲੇ ਇਨ੍ਹਾਂ ਕੋਲੋਂ ਡਰਦੇ ਸੀ। ਇਨ੍ਹਾਂ ਦਾ ਇੱਕੋ-ਇੱਕ ਮੁੰਡਾ ਜਰਨੈਲ ਪੂਰਾ ਬਦਮਾਸ਼ ਸੀ, ਪਰ ਜਦ ਇਨ੍ਹਾਂ ਨੇ ਜਰਨੈਲ ਨੂੰ ਵਿਆਹਿਆ ਸੀ ਤਾਂ ਪੂਰੇ ਪਿੰਡ ਇਨ੍ਹਾਂ ਦੀ ਵਾਹ-ਵਾਹ ਹੋ ਗਈ ਸੀ। ਇਨ੍ਹਾਂ ਦੀ ਨੂੰਹ ਜਸਬੀਰ ਸਾਰੇ ਪਿੰਡ ‘ਚੋਂ ਸੋਹਣੀ ਤੇ ਗੁਣੀ ਆਈ ਹੋਣ ਕਾਰਨ ਸਾਰਿਆਂ ਦੀ ਜ਼ੁਬਾਨ ‘ਤੇ ਉਸ ਦਾ ਹੀ ਨਾਂਅ ਰਹਿੰਦਾ। ਉਸ ਨੇ ਆਉਂਦਿਆਂ ਹੀ ਸਾਰਾ ਘਰ ਸੰਭਾਲ ਲਿਆ ਸੀ ਤੇ ਉਹ ਸੱਸ-ਸਹੁਰੇ, ਪਤੀ ਦਾ ਬਹੁਤ ਆਦਰ-ਮਾਣ ਕਰਨ ਵਾਲੀ ਸਾਊ ਔਰਤ ਸੀ। ਅਜੇ ਵਿਆਹ ਹੋਇਆਂ ਕੁਝ ਹੀ ਮਹੀਨੇ ਬੀਤੇ ਸਨ ਕਿ ਅਚਾਨਕ ਇੱਕ ਦਿਨ ਪਤਾ ਲੱਗਾ ਪਈ ਜਸਬੀਰ ਬੁਰੀ ਤਰ੍ਹਾਂ ਸੜ ਗਈ ਤੇ ਹਸਪਤਾਲ ਦਾਖ਼ਲ ਹੈ। ਸਭ ਹੈਰਾਨ-ਪ੍ਰੇਸ਼ਾਨ ਕਿ ਇੰਝ ਅਚਾਨਕ…। ਤੇ ਜਦੋਂ ਪਤਾ ਲੱਗਾ ਕਿ ਗਹਿਰੇ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਉਹ ਦਮ ਤੋੜ ਗਈ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਸਭ ਉਸ ਦੀ ਅਣਿਆਈ ਮੌਤ ‘ਤੇ ਹੈਰਾਨ ਸਨ। ਕੁੜੀ ਦੇ ਪੇਕੇ ਪਰਿਵਾਰ ਨੂੰ ਪਤਾ ਲੱਗਾ ਤਾਂ ਪਤਾ ਲੱਗਦੇ ਹੀ ਉਸ ਦੀ ਮਾਂ ਨੂੰ ਸਦਮੇ ਕਾਰਨ ਦਿਲ ਦਾ ਦੌਰਾ ਪੈ ਗਿਆ ਤੇ ਉਹ ਥਾਂਏ ਪੂਰੀ ਹੋ ਗਈ।

ਕੁਝ ਲੋਕ ਤਾਂ ਦੱਬੀ ਜ਼ੁਬਾਨ ‘ਚ ਇਹ ਕਹਿੰਦੇ ਵੀ ਸੁਣੇ ਗਏ ਕਿ ਜਸਬੀਰ ਦੀ ਮੌਤ ਸ਼ਰਨਜੀਤ ਹੋਰਾਂ ਦਾ ਹੀ ਕੰਮ ਹੈ, ਪਰ ਉਨ੍ਹਾਂ ਤੋਂ ਡਰਦਾ ਕੋਈ ਉਨ੍ਹਾਂ ਦੇ ਖ਼ਿਲਾਫ਼ ਬੋਲਿਆ ਤੱਕ ਨਹੀਂ ਸੀ।

”ਫੇਰ… ਫੇਰ… ਕੌ… ਕੌਣ… ਕੌਣ… ਐਂ ਤੂੰ?” ਸ਼ਰਨਜੀਤ ਕੰਬਦੀ ਆਵਾਜ਼ ‘ਚ ਬੋਲੀ ਤਾਂ ਮੈਂ ਅਤੀਤ ‘ਚੋਂ ਇਕਦਮ ਵਰਤਮਾਨ ‘ਚ ਮੁੜ ਆਇਆ। ਮੈਂ ਉਸ ਨੂੰ ਯਾਦ ਕਰਵਾਇਆ ਕਿ ”ਅਸੀਂ ਕੁਝ ਵਰ੍ਹੇ ਪਹਿਲਾਂ ਥੋਡੇ ਗੁਆਂਢ ‘ਚ ਰਹਿੰਦੇ ਹੁੰਦੇ ਸੀ…। ਮੈਂ ਦੀਪਾ… ਗੁਰਸ਼ਰਨ ਸਿੰਘ ਦਾ ਮੁੰਡਾ।” ਮੈਂ ਉਸ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ।

”ਅੱਛਾ ਅੱਛਾ…,ਦੀਪ…।” ਉਹ ਉੱਚੀ-ਉੱਚੀ ਹੱਸਣ ਲੱਗੀ। ”ਦੀਪਾ!” ਉਹ ਫਿਰ ਉੱਚਾ ਹੱਸੀ। ਮੈਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰਾ ਹੱਥ ਫੜ ਕੇ ਬਿਠਾ ਲਿਆ।

”ਬਹਿ ਜਾ ਪੁੱਤ, ਬਹੁਤ ਚਿਰ ਬਾਅਦ ਮੇਰੇ ਘਰ ਅੰਦਰ ਕੋਈ ਆਇਆ ਏ। ਨਹੀਂ ਤਾਂ ਏਥੇ ਤਾਂ ਸਾਰੇ ਮੈਨੂੰ ਪਾਗਲ ਹੀ ਕਹਿੰਦੇ ਨੇ। ਪੁੱਤ, ਮੈਂ ਤੈਨੂੰ ਵੀ ਪਾਗਲ ਲੱਗਦੀ ਆਂ?” ਤੇ ਉਹ ਮੇਰੇ ਮੂੰਹ ਵੱਲ ਝਾਕਣ ਲੱਗੀ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਹ ਬੋਲੀ, ”ਮੈਂ ਪਾਗਲ ਨਹੀਂ… ਮੈਨੂੰ ਤਾਂ ਦੁੱਖਾਂ ਨੇ ਅੱਧਮਰੀ ਕਰ ਦਿੱਤਾ ਏ। ਹੁਣ ਤਾਂ ਨਾ ਖਾਣ-ਪੀਣ ਦੀ ਹੋਸ਼ ਤੇ ਨਾ ਹੀ ਕਿਸੇ ਹੋਰ ਕੰਮ ਦੀ। ਬਹਿ ਜਾ ਪੁੱਤ ਮੇਰੀ ਪੂਰੀ ਗੱਲ ਸੁਣ ਕੇ ਜਾਵੀਂ, ਨਹੀਂ ਤਾਂ ਮਰਨ ਤੋਂ ਬਾਅਦ ਵੀ ਮੇਰੀ ਰੂਹ ਨੂੰ ਸ਼ਾਂਤੀ ਨਹੀਂ ਮਿਲਣੀ।”

”ਜਦ ਦਾ ਜਰਨੈਲ… ਤੇ ਮੇਰਾ ਘਰ ਵਾਲਾ ਮੈਨੂੰ ਛੱਡ ਕੇ ਗਏ ਨੇ ਮੈਂ ਤਾਂ ਜਿਉਂਦੇ ਜੀਅ ਮਰ ਗਈ।” ”ਉਹ ਕਿੱਥੇ ਚਲੇ ਗਏ ਨੇ?” ਮੇਰੇ ਇੰਨਾ ਕਹਿੰਦੇ ਹੀ ਉਹ ਉੱਚੀ-ਉੱਚੀ ਰੋਣ ਲੱਗ ਗਈ। ”ਇਹ ਤਾਂ ਸਾਡੇ ਪਾਪਾਂ ਦਾ ਈ ਫਲ ਐ। ਅੱਜ ਤੈਨੂੰ ਸ਼ਾਇਦ ਉਸ ਰੱਬ ਨੇ ਈ ਭੇਜਿਆ ਮੇਰਾ ਦੁੱਖ ਸੁਣਨ ਨੂੰ। ਹੁਣ ਤਾਂ ਬੱਸ ਉਸ ਘੜੀ ਨੂੰ ਉਡੀਕਦੀ ਆਂ, ਜਦ ਮੈਨੂੰ ਮੌਤ ਆ ਜਾਵੇ, ਪਰ ਉਹ ਭੈੜੀ ਵੀ ਨਹੀਂ ਆਉਂਦੀ।” ਮੇਰਾ ਕੋਈ ਹੁੰਗਾਰਾ ਸੁਣੇ ਬਿਨਾਂ ਹੀ ਉਸ ਨੇ ਆਪਣੀ ਗੱਲ ਜਾਰੀ ਰੱਖੀ।

”ਪੁੱਤਰਾ, ਤੈਨੂੰ ਕੀ ਦੱਸਾਂ! ਜਦ ਦੀ ਜਸਬੀਰ ਗਈ ਐ ਸਾਡੇ ਘਰ ਦੀਆਂ ਖ਼ੁਸ਼ੀਆਂ ਵੀ ਨਾਲ ਹੀ ਚਲੀਆਂ ਗਈਆਂ। ਅਸੀਂ ਪੁਲੀਸ ਤੋਂ ਤਾਂ ਚਲਾਕੀ ਨਾਲ ਬਚ ਗਏ। ਸਿਆਣੇ ਠੀਕ ਹੀ ਕਹਿੰਦੇ ਆ, ਸਭ ਬੁਰੇ ਕੰਮਾਂ ਦਾ ਫਲ ਇਸ ਧਰਤੀ ‘ਤੇ ਹੀ ਐ। ਮੈਂ ਜਿਹੜੀ ਕਦੇ ਪੈਰਾਂ ‘ਤੇ ਪਾਣੀ ਨਹੀਂ ਸੀ ਪੈਣ ਦਿੰਦੀ, ਰੱਬ ਦੀ ਐਸੀ ਮਾਰ ਵੱਜੀ ਕਿ ਹੁਣ ਮੌਤ ਨੂੰ ਆਵਾਜ਼ਾਂ ਮਾਰਦੀ ਆਂ। ਸਭ ਪਾਗਲ ਕਹਿੰਦੇ ਨੇ ਮੈਨੂੰ। ਜਦ ਜਸਬੀਰ ਮਰੀ ਤਾਂ ਅਸੀਂ ਝੱਟ ਮੁੰਡੇ ਦਾ ਦੂਜਾ ਵਿਆਹ ਕਰਵਾ ਦਿੱਤਾ। ਚੋਖਾ ਦਾਜ ਆਇਆ ਜਿਸ ਦੀ ਸਾਨੂੰ ਤਾਂਘ ਸੀ। ਘਰ ਭਰ ਦਿੱਤਾ ਉਨ੍ਹਾਂ ਸਮਾਨ ਨਾਲ। ਮੈਂ ਵੀ ਚੌੜੀ ਹੋਈ ਫਿਰਦੀ ਸੀ ਕਿ ਕੀ ਕਰ ਲਿਆ ਕਿਸੇ ਨੇ…। ਅਸੀਂ ਆਪਣੀ ਮਨ ਆਈ ਕਰ ਕੇ ਛੱਡੀ। ਕੁਝ ਵਕਤ ਤਾਂ ਸੋਹਣਾ ਬੀਤ ਗਿਆ, ਪਰ ਦੂਜੀ ਨਾਲ ਵੀ ਮੇਰੀ ਨਾ ਨਿਭੀ। ਅੱਗੋਂ ਉਹ ਵੀ ਬੜੀ ਤੇਜ਼ ਸੀ। ਆਖ਼ਰ ਇੱਕ ਦਿਨ ਮੈਂ ਮੁੰਡੇ ਨੂੰ ਕਹਿ ਹੀ ਦਿੱਤਾ ਬਈ ਤਲਾਕ ਲੈ ਲਾ ਇਸ ਤੋਂ ਜਾਂ ਇਸ ਨੂੰ ਵੀ ਪਾਰ ਬੁਲਾ ਦੇ। ਪਰ ਮੁੰਡੇ ਨੂੰ ਪਤਾ ਨਹੀਂ ਕੀ ਹੋਇਆ ਸਾਨੂੰ ਬਿਨਾਂ ਦੱਸੇ ਦੂਜੇ ਸ਼ਹਿਰ ਦੀ ਬਦਲੀ ਕਰਵਾ ਲਈ ਤੇ ਵਹੁਟੀ ਨੂੰ ਨਾਲ ਲੈ ਕੇ ਐਸਾ ਗਿਆ ਕਿ ਅੱਜ ਤੱਕ ਸ਼ਕਲ ਨਹੀਂ ਵਿਖਾਈ। ਬੱਸ ਕਿਸੇ ਐਨਾ ਹੀ ਦੱਸਿਆ ਕਿ ਅਜੇ ਤੱਕ ਬੱਚਾ ਨਹੀਂ ਹੋਇਆ ਉਸ ਦੇ। ਇੰਨੇ ਸਾਲ ਬੀਤਣ ‘ਤੇ ਵੀ ਉਹ ਔਲਾਦ ਦਾ ਮੂੰਹ ਵੇਖਣ ਨੂੰ ਤਰਸ ਰਿਹਾ ਏ। ਸੁਣਿਐ ਉਸ ਨੇ ਸਭ ਬੁਰੇ ਕੰਮ ਵੀ ਛੱਡ ਦਿੱਤੇ ਤੇ ਵਾਲ ਰੱਖ ਕੇ ਅੰਮ੍ਰਿਤ ਵੀ ਛਕ ਲਿਆ। ਉਹ ਸਿੱਧੇ ਰਾਹ ‘ਤੇ ਆ ਗਿਆ, ਪਰ ਮੇਰੀ ਸਾਰ ਕਦੇ ਵੀ ਨਹੀਂ ਲੈਣ ਆਇਆ। ਹੁਣ ਸਾਰਾ ਕੀਮਤੀ ਸਮਾਨ ਇਸ ਘਰ ਵਿੱਚ ਰੁਲਦਾ ਫਿਰਦੈ, ਪਰ ਵਰਤਣ ਵਾਲਾ ਹੀ ਕੋਈ ਨਹੀਂ। ਤੇਰੇ ਅੰਕਲ ਨੂੰ ਤਾਂ ਜਰਨੈਲ ਦੇ ਜਾਣ ਤੋਂ ਕੁਝ ਮਹੀਨੇ ਬਾਅਦ ਹੀ ਦਿਲ ਦਾ ਦੌਰਾ ਪੈ ਗਿਆ ਤੇ ਉਹ ਇਸ ਜਹਾਨ ਤੋਂ ਕੂਚ ਕਰ ਗਏ… ਤੇ ਮੈਨੂੰ ਸਭ ਦੇ ਵਿਛੋੜੇ ਨੇ ਅੱਧੀ ਪਾਗਲ ਕਰ ਦਿੱਤਾ। ਹੁਣ ਤਾਂ ਇਕੱਲੀ ਬੈਠੀ ਨੂੰ ਰੱਬ ਵੀ ਯਾਦ ਆਉਂਦਾ ਏ ਤੇ ਆਪਣੇ ਮਾੜੇ ਕਰਮ ਵੀ। ਜਸਬੀਰ ‘ਤੇ… ਮੈਂ ਖ਼ੁਦ ਮਿੱਟੀ ਦਾ ਤੇਲ ਪਾਇਆ। ਹੁਣ ਤਾਂ ਰਾਤੀਂ ਰੋਜ਼ ਸੁਪਨੇ ਵਿੱਚ ਵੀ ਆਉਂਦੀ ਏ ਤੇ ਦਿਨੇ ਵੀ ਚਾਰੇ ਪਾਸੇ ਉਹ ਮੈਨੂੰ ਮਿੰਨਤਾਂ ਕਰਦੀ ਦਿਖਾਈ ਦਿੰਦੀ ਏ ‘ਨਾ ਮਾਰੋ ਮੈਨੂੰ, ਨਾ ਮਾਰੋ…’। ਪਰ ਮੈਂ ਬਲਦੀ ਤੀਲ੍ਹੀ ਐਸੀ ਉਸ ਵੱਲ ਸੁੱਟੀ ਕਿ ਉਹ ਮਿੰਟਾਂ ਵਿੱਚ ਹੀ ਚੀਕਦੀ-ਚਿਲਾਉਂਦੀ ਸੜ ਕੇ ਸੁਆਹ ਹੋ ਗਈ। ਜਿਉਂਦੀ ਨੂੰ ਅੱਗ ਨਾਲ ਸਾੜ ਸੁੱਟਿਆ ਮੈਂ। ਉਹ ਬੰਦ ਕਮਰੇ ਵਿੱਚ ਚੀਕਦੀ, ਤੜਫ਼ਦੀ ਰਹੀ ਤੇ ਅਸੀਂ ਬੇਪਰਵਾਹ ਹੋਏ ਟੀ.ਵੀ. ਉੱਚੀ ਆਵਾਜ਼ ਵਿੱਚ ਛੱਡ ਕੇ ਹੱਸਦੇ ਰਹੇ। ਬੱਸ ਉਹੀ ਹਾਸਾ ਲੈ ਬੈਠਾ ਸਾਨੂੰ ਤੇ ਜਦ ਉਹ ਬੁਰੀ ਤਰ੍ਹਾਂ ਸੜ ਗਈ ਤਾਂ ਚੰਗੇ ਬਣਨ ਲਈ ਅਸੀਂ ਚੀਕਾਂ ਮਾਰਦੀ ਤੇ ਤੜਫ਼ਦੀ ਨੂੰ ਹਸਪਤਾਲ ਲੈ ਗਏ ਜਿੱਥੇ ਲਿਜਾਦਿਆਂ ਹੀ ਕੁਝ ਦੇਰ ਬਾਅਦ ਉਹ…। ਮੈਨੂੰ ਉਸ ਦੀਆਂ ਚੀਕਾਂ ਸੁਣਾਈ ਦਿੰਦੀਆਂ ਨੇ… ਉਹ ਚੀਕ ਰਹੀ ਏ… ਉਹ ਚੀਕ ਰਹੀ ਏ… ਉਹ…! ਤੈਨੂੰ ਸੁਣੀਆਂ ਉਸ ਦੀਆਂ ਚੀਕਾਂ?” ਤੇ ਉਸ ਨੇ ਆਪਣੇ ਕੰਨ ਹਥੇਲੀਆਂ ਨਾਲ ਘੁੱਟ ਲਏ।

”ਇਸ ਸੁੰਨਸਾਨ ਪਏ ਘਰ ਵਿੱਚ ਉਸ ਦੀਆਂ ਚੀਕਾਂ ਗੂੰਜਦੀਆਂ ਨੇ,” ਉਹ ਆਪਣੇ ਵਾਲ ਪੁੱਟਦੀ ਫਿਰ ਚੀਕਣ ਲੱਗੀ, ”ਕੀ ਕਰਾਂ, ਮੈਂ ਕੀ ਕਰਾਂ? ਦੱਸ ਦੀਪੇ ਕੀ ਕਰਾਂ?” ਉਹ ਕਾਹਲੀ ਕਾਹਲੀ ਬੋਲਦੀ ਫਿਰ ਉੱਚੀ-ਉੱਚੀ ਰੋਣ ਲੱਗ ਪਈ।

ਮੈਂ ਘੜੀ ਵੱਲ ਵੇਖਿਆ। ਆਖ਼ਰੀ ਬੱਸ ਜਾਣ ਵਿੱਚ ਬਹੁਤ ਘੱਟ ਵਕਤ ਰਹਿ ਗਿਆ ਸੀ। ਮੈਂ ਚਾਹ ਕੇ ਵੀ ਹੋਰ ਰੁਕ ਨਾ ਸਕਿਆ। ਮੈਂ ਖੜ੍ਹਾ ਹੁੰਦਿਆਂ ਉਸ ਤੋਂ ਇਜਾਜ਼ਤ ਮੰਗੀ।

”ਵੇ ਪੁੱਤਰਾ, ਇੱਕ ਕੰਮ ਕਰੀਂ।” ਮੈਨੂੰ ਉੱਠਦੇ ਦੇਖ ਜਿਵੇਂ ਉਸ ਦੀ ਲੇਰ ਜਿਹੀ ਨਿਕਲ ਗਈ। ਮੈਂ ਉਸ ਵੱਲ ਦੇਖਦਿਆਂ ਬੋਲਿਆ, ”ਦੱਸੋ?”

ਉਹ ਹੱਥ ਜੋੜ ਕੇ ਬੋਲੀ, ”ਬੱਸ… ਬੱਸ ਰੱਬ ਅੱਗੇ ਦੁਆ ਕਰੀਂ…! ਮੈਨੂੰ ਛੇਤੀ ਚੁੱਕ ਲਵੇ।” ਤੇ ਉਹ ਫਿਰ ਉਸੇ ਤਰ੍ਹਾਂ ਕੁਰਲਾਉਣ ਲੱਗੀ। ਮੈਂ ਉਦਾਸ ਤੇ ਪ੍ਰੇਸ਼ਾਨ ਹੋਇਆ ਜਲਦੀ ਨਾਲ ਉੱਥੋਂ ਬਾਹਰ ਨਿਕਲ ਆਇਆ। ਸੱਚਮੁੱਚ ਅੱਜ ਉਸ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਦਹਿਲ ਗਿਆ ਸੀ। ਹਨੇਰਾ ਹੋ ਰਿਹਾ ਸੀ। ਮੈਂ ਰੱਬ ਦਾ ਨਾਮ ਲੈਂਦਾ ਜਲਦੀ ਨਾਲ ਬੱਸ ਸਟੈਡ ਵੱਲ ਕਦਮ ਪੁੱਟਣ ਲੱਗਾ।

* * *

ਮੋਬਾਈਲ ਫ਼ੋਨ

ਗੋਵਿੰਦ ਸ਼ਰਮਾ

ਵੇਟਿੰਗ ਰੂਮ ਵਿੱਚ ਕਈ ਯਾਤਰੀ ਬੈਠੇ ਸਨ। ਇੱਕ ਨੂੰ ਛੱਡ ਕੇ, ਸਾਰੇ ਆਪੋ-ਆਪਣੇ ਮੋਬਾਈਲ ਫੋਨ ‘ਤੇ ਝੁਕੇ ਹੋਏ ਸਨ। ਅਚਾਨਕ ਇੱਕ ਮੋਬਾਈਲਧਾਰੀ ਦਾ ਧਿਆਨ ਉਸ ਵੱਲ ਚਲਾ ਗਿਆ। ਉਸ ਨੇ ਹੈਰਾਨੀ ਨਾਲ ਪੁੱਛਿਆ, ”ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ?”

”ਹੈ! ਆਹ ਵੇਖੋ!” ਕਹਿੰਦਿਆਂ ਉਹਨੇ ਆਪਣੀ ਜੇਬ ‘ਚੋਂ ਮੋਬਾਈਲ ਫੋਨ ਕੱਢ ਕੇ ਵਿਖਾਇਆ।

”ਵਾਹ, ਬਿਲਕੁਲ ਨਵੇਂ ਡਿਜ਼ਾਈਨ ਦਾ! ਐਨਾ ਮਹਿੰਗਾ ਫ਼ੋਨ! ਜੇ ਤੁਹਾਡੇ ਕੋਲ ਮੋਬਾਈਲ ਫੋਨ ਹੈ ਤਾਂ ਤੁਸੀਂ ਇਹਦੀ ਵਰਤੋਂ ਕਿਉਂ ਨਹੀਂ ਕਰ ਰਹੇ? ਯਾਨੀ ਵੀਡੀਓ ਵੇਖਣ, ਸਰਚ ਕਰਨ, ਚੈਟ ਕਰਨ ਲਈ ਹੱਥ ‘ਚ ਕਿਉਂ ਨਹੀਂ ਫੜਿਆ?” ”ਮੈਂ ਇਹਨੂੰ ਹੱਥ ਵਿੱਚ ਉਦੋਂ ਹੀ ਰੱਖਦਾ ਹਾਂ, ਜਦੋਂ ਮੈਂ ਕਿਸੇ ਨੂੰ ਫੋਨ ਕਰਨਾ ਹੁੰਦਾ ਹੈ ਜਾਂ ਮੈਨੂੰ ਕਿਸੇ ਦਾ ਫੋਨ ਆਉਂਦਾ ਹੈ।” ”ਓਹ, ਮੈਂ ਤਾਂ ਭੁੱਲ ਹੀ ਗਿਆ ਸੀ ਕਿ ਇਹ ਕਿਸੇ ਦੂਰ ਦੇ ਆਦਮੀ ਨਾਲ ਗੱਲ ਕਰਨ ਦੇ ਕੰਮ ਵੀ ਆਉਂਦਾ ਹੈ!”
ਸੰਪਰਕ: 94144-82280
– ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement