ਨਵੀਂ ਬੇਰੁਜ਼ਗਾਰ ਪੀਟੀਆਈ ਯੂਨੀਅਨ ਵੱਲੋਂ ਪ੍ਰਦਰਸ਼ਨ
ਸਤਵਿੰਦਰ ਬਸਰਾ
ਲੁਧਿਆਣਾ, 30 ਮਈ
ਨਵੀਂ ਬੇਰੁਜ਼ਗਾਬਰ ਪੀਟੀਆਈ ਯੂਨੀਅਨ ਵੱਲੋਂ 200 ਪੋਸਟਾਂ ਦਾ ਪੋਰਟਲ ਆਨਲਾਈਟ ਕਰਾਉਣ ਦੀ ਮੰਗ ਨੂੰ ਲੈ ਕੇ ਅੱਜ ਵੀ ਜਵਾਹਰ ਨਗਰ ਪਾਣੀ ਵਾਲੀ ਟੈਂਕੀ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਈ ਅਧਿਆਪਕਾਂ ਨੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ। ਇੰਨਾਂ ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਸਮੇਂ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਮਾਮੂਲੀ ਬਹਿਸ ਵੀ ਹੋਈ। ਖਬਰ ਲਿਖੇ ਜਾਣ ਤੱਕ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਜਾਰੀ ਸੀ।
ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਦਾ ਕਹਿਣਾ ਸੀ ਕਿ ਦਸੰਬਰ 2021 ਨੂੰ ਪੰਜਾਬ ਸਰਕਾਰ ਵੱਲੋਂ 2000 ਪੀ ਟੀ ਆਈ ਪੋਸਟਾਂ ਤੇ ਈ ਟੀ ਟੀ 5994 ਦਾ ਇਸ਼ਤਿਆਰ ਅਖ਼ਬਾਰ ਵਿਚ ਦਿੱਤਾ ਗਿਆ ਸੀ। ਈ ਟੀ ਟੀ 5994 ਦਾ ਪੇਪਰ ਵੀ ਹੋ ਗਿਆ ਅਤੇ ਅਧਿਆਪਕ ਸਕੂਲਾਂ ਵਿੱਚ ਲੱਗ ਵੀ ਗਏ ਹਨ ਪਰੰਤੂ ਪੀ ਟੀ ਆਈ ਪੋਸਟਾਂ ਲਈ ਹਜੇ ਤੱਕ ਪੋਰਟਲ ਆਨਲਾਈਨ ਕਰਕੇ ਫਾਰਮ ਵੀ ਨਹੀਂ ਭਰਵਾਏ ਗਏ ਹਨ। ਇਸ ਤੋਂ ਇਹ ਪਤਾ ਲਗਦਾ ਕੇ ਸਰਕਾਰ ਪੀ ਟੀ ਅਧਿਆਪਕਾ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ। ਅਧਿਆਪਕ ਆਗੂਆਂ ਦਾ ਕਹਿਣਾ ਸੀ ਕਿ ਇਸ ਸਬੰਧੀ ਉਹ ਸਬੰਧਤ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗ ਵੀ ਕਰ ਚੁੱਕੇ ਹਨ ਪਰ ਉਨ੍ਹਾਂ ਝੂਠੇ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਮਿਲਿਆ। ਇਸ ਤਰ੍ਹਾਂ 25 ਅਪਰੈਲ 2025 ਨੂੰ ਪੰਜਾਬ ਸਰਕਾਰ ਵੱਲੋਂ 2000 ਪੀ.ਟੀ.ਆਈ ਪੋਸਟਾਂ ਦਾ ਇੱਕ ਹਫਤੇ ਦੇ ਅੰਦਰ-ਅੰਦਰ ਪੋਰਟਲ ਓਪਨ ਕਰਕੇ ਫਾਰਮ ਭਰਵਾਉਣ ਦਾ ਵਾਅਦਾ ਕੀਤਾ ਗਿਆ ਸੀ, ਪ੍ਰੰਤੂ ਹਜੇ ਤੱਕ ਪੋਰਟਲ ਓਪਨ ਨਹੀਂ ਕੀਤਾ ਗਿਆ, ਇਹ ਵੀ ਸਿਰਫ ਲਾਰਾ ਹੀ ਨਿਕਲਿਆ। ਇਸੇ ਰੋਸ ਵਜੋਂ ਨਵੀਂ ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕ ਯੂਨੀਅਨ ਵਲੋਂ ਅੱਜ ਦੂਜੀ ਵਾਰ ਲੁਧਿਆਣਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਪੋਰਟਲ ਆਨਲਾਈਨ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਸ਼ਨ ਕੀਤਾ ਜਾਵੇ ਗਾ। ਇਸ ਰੋਸ ਪ੍ਰਦਰਸ਼ਨ ਮੌਕੇ ਸੂਬਾ ਪ੍ਰਧਾਨ ਅਮਨਦੀਪ ਕੰਬੋਜ, ਸੁਰਿੰਦਰ ਵਿਨਾਇਕ, ਗੁਰਪ੍ਰੀਤ ਸਿੰਘ, ਵਿਨੈ ਕੰਬੋਜ,ਦਵਿੰਦਰ ਕੁਮਾਰ, ਗੁਰਮੀਤ ਸਿੰਘ ਚਹਿਲ, ਗੁਰਵਿੰਦਰ ਸਿੰਘ, ਗੋਬਿੰਦ ਸਿੰਘ, ਬਲਜਿੰਦਰ ਕੁਮਾਰ,ਵਰਿੰਦਰ ਸਿੰਘ, ਬਲਵਿੰਦਰ ਸਿੰਘ, ਬਹਾਦਰ ਸਿੰਘ, ਗੁਰੀ ਮੂਸਾ, ਜਸ਼ਨਦੀਪ ਸਰਦੂਲਗੜ੍ਹ, ਹਰਮਨਦੀਪ,ਰਾਜੇਸ਼ ਕੰਬੋਜ,ਗੁਰਜੰਟ ਸਿੰਘ,ਗੁਰਦਾਸ ਸਿੰਘ ਆਦਿ ਵੀ ਹਾਜ਼ਰ ਸਨ। ਇੰਨਾਂ ਅਧਿਆਪਕਾਂ ਨੇ ਆਪਣੇ ਹੱਥਾਂ ਵਿੱਚ ਵੱਖ ਵੱਖ ਨਾਅਰੇ ਲਿਖੇ ਪਰਚੇ ਵੀ ਫੜੇ ਹੋਏ ਸਨ।