ਨਵੀਂ ਬਣੀ ਸੜਕ ਤਿੰਨ ਮਹੀਨੇ ਬਾਅਦ ਹੀ ਟੁੱਟੀ
ਜਗਤਾਰ ਸਮਾਲਸਰ
ਏਲਨਾਬਾਦ, 5 ਫਰਵਰੀ
ਪਿੰਡ ਕਿਸ਼ਨਪੁਰਾ-ਕਰਮਸ਼ਾਨਾ ਵਿਚਕਾਰ ਕਰੀਬ ਤਿੰਨ ਮਹੀਨੇ ਪਹਿਲਾਂ ਨਵੀਂ ਬਣਾਈ ਗਈ ਸੜਕ ਬਹੁਤ ਸਾਰੀਆਂ ਥਾਵਾਂ ਤੋਂ ਟੁੱਟਣ ਲੱਗੀ ਹੈ। ਸੜਕ ਵਿੱਚ ਬਹੁਤੀਆਂ ਥਾਵਾਂ ਤੇ ਖੱਡੇ ਵੀ ਬਣ ਚੁੱਕੇ ਹਨ। ਸ਼ਹੀਦ ਭਗਤ ਸਿੰਘ ਟਰੱਸਟ ਮਿਠੁਨਪੁਰਾ ਦੇ ਡਾਇਰੈਕਟਰ ਕੁਲਦੀਪ ਮੁੰਦਲੀਆ, ਪਰਦੀਪ ਕੁਮਾਰ, ਸਰਪੰਚ ਅਜੇ ਸੋਲੰਕੀ, ਹਰਦੇਵ ਸਿੰਘ, ਨੌਰੰਗ ਭਾਬੂ, ਅਨਿਲ ਕਰਮਸ਼ਾਨਾ, ਅਨਿਲ ਜਾਖੜ, ਚੇਤ ਰਾਮ, ਰਾਕੇਸ਼ ਗੋਦਾਰਾ ਕਿਸ਼ਨਪੁਰਾ, ਮੋਹਨ ਲਾਲ ਆਦਿ ਨੇ ਦੱਸਿਆ ਕਿ ਪਿੰਡ ਕਿਸ਼ਨਪਰਾ ਤੋਂ ਕਰਮਸ਼ਾਨਾ ਤੱਕ ਕਰੀਬ 10 ਕਿਲੋਮੀਟਰ ਲੰਬੀ ਸੜਕ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਵਿੱਚ ਸੀ। ਇਸ ਸੜਕ ਨੂੰ ਬਣਾਏ ਜਾਣ ਲਈ ਪਿੰਡਾਂ ਦੇ ਲੋਕਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਤਾਂ ਵਿਭਾਗ ਵਲੋਂ ਕਰੀਬ ਤਿੰਨ ਮਹੀਨੇ ਪਹਿਲਾਂ ਇਹ ਸੜਕ ਨਵੀਂ ਬਣਾ ਦਿੱਤੀ ਗਈ ਪਰ ਇਸ ਸੜਕ ‘ਤੇ ਲੋੜੀਂਦਾ ਮੈਟੀਰੀਅਲ ਨਾ ਪਾਏ ਜਾਣ ਕਾਰਨ ਕਈ ਥਾਵਾਂ ਤੋਂ ਸੜਕ ਉੱਖੜ ਚੁੱਕੀ ਹੈ। ਲੋਕਾਂ ਨੇ ਹਰਿਆਣਾ ਸਰਕਾਰ ਅਤੇ ਪੀਡਬਲਿਊਡੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦਾ ਨਿਰੀਖ਼ਣ ਕੀਤਾ ਜਾਵੇ ਅਤੇ ਇਸ ਸੜਕ ਦੇ ਨਿਰਮਾਣ ਵਿੱਚ ਲਾਪਰਵਾਹੀ ਵਰਤਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦਿਆ ਟੁੱਟ ਚੁੱਕੀ ਸੜਕ ਨੂੰ ਦੁਬਾਰਾ ਬਣਵਾਇਆ ਜਾਵੇ।