ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੀਂ ਪਛਾਣ

01:36 AM Jun 16, 2023 IST

ਦਿੱਲੀ ਪੁਲੀਸ ਦੁਆਰਾ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਮਹਿਲਾ ਪਹਿਲਵਾਨਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਦੋਸ਼-ਪੱਤਰ ਦਾਖ਼ਲ ਕੀਤਾ ਹੈ। ਦਿੱਲੀ ਪੁਲੀਸ ਨੇ ਉਸ ਵਿਰੁੱਧ ਤਾਜੀਰਾਤ-ਏ-ਹਿੰਦ (ਭਾਰਤੀ ਦੰਡ ਨਿਯਮਾਵਲੀ-Indian Penal Code-ਆਈਪੀਸੀ) ਦੀਆਂ ਧਾਰਾਵਾਂ 354 (ਔਰਤਾਂ ਨਾਲ ਛੇੜਖਾਨੀ ਕਰਨੀ), 354-ਏ (ਔਰਤਾਂ ‘ਤੇ ਜਿਨਸੀ ਰੰਗਤ ਦੀਆਂ ਟਿੱਪਣੀਆਂ ਕਰਨੀਆਂ), 354-ਡੀ (ਲਗਾਤਾਰ ਪਿੱਛਾ ਕਰਨਾ) ਅਤੇ 506-(1) (ਅਪਰਾਧਿਕ ਤਰੀਕੇ ਨਾਲ ਧਮਕਾਉਣਾ) ਤਹਿਤ ਦੋਸ਼ ਆਇਦ ਕੀਤੇ ਹਨ; ਇਹ ਦੋਸ਼ ਗੰਭੀਰ ਹਨ। ਇਸ ਦੇ ਨਾਲ ਨਾਲ ਦਿੱਲੀ ਪੁਲੀਸ ਨੇ ਨਾਬਾਲਗ ਮਹਿਲਾ ਪਹਿਲਵਾਨ ਦੇ ਮਾਮਲੇ ਵਿਚ ਉਸ ਦੇ ਪਿਤਾ ਦੁਆਰਾ ਸ਼ਿਕਾਇਤ ਵਾਪਸ ਲਏ ਜਾਣ ਕਾਰਨ ਕੇਸ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ।

Advertisement

ਇਹ ਦੋਸ਼-ਪੱਤਰ ਦਾਇਰ ਹੋਣ ਨੂੰ ਕਈ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾ ਰਿਹਾ ਹੈ। ਪ੍ਰਮੁੱਖ ਸਵਾਲ ਇਹ ਹੈ ਕਿ ਪੁਲੀਸ ਤਫ਼ਤੀਸ਼ ਕਰਨ ਸਮੇਂ ਵੱਖ ਵੱਖ ਵਿਅਕਤੀਆਂ ਨਾਲ ਵੱਖ ਵੱਖ ਤਰ੍ਹਾਂ ਦਾ ਵਰਤਾਉ ਕਿਉਂ ਕਰਦੀ ਹੈ; ਜੇ ਅਜਿਹਾ ਕੇਸ ਕਿਸੇ ਹੋਰ ਵਿਅਕਤੀ ਵਿਰੁੱਧ ਦਰਜ ਹੋਇਆ ਹੁੰਦਾ ਹੈ ਤਾਂ ਪੁਲੀਸ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲੈਣਾ ਸੀ। ਹੁਣ ਪੁਲੀਸ ਨੇ ਜਿਹੜੇ ਦੋਸ਼ ਆਇਦ ਕੀਤੇ ਹਨ, ਉਨ੍ਹਾਂ ਵਿਚ ਸਜ਼ਾ ਤਿੰਨ ਸਾਲ ਕੈਦ ਤਕ ਹੈ ਅਤੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜਿਹੇ ਮੁਲਜ਼ਮ ਜਿਨ੍ਹਾਂ ਵਿਰੁੱਧ ਆਇਦ ਦੋਸ਼ਾਂ ਵਿਚ ਸਜ਼ਾ ਸੱਤ ਸਾਲ ਤੋਂ ਘੱਟ ਹੋਵੇ, ਨੂੰ ਗ੍ਰਿਫ਼ਤਾਰ ਕਰਨ ਦੀ ਜ਼ਰੂਰਤ ਨਹੀਂ ਹੈ। ਇਸੇ ਤਰ੍ਹਾਂ ਨਾਬਾਲਗ ਕੁੜੀ ਦਾ ਕੇਸ ਰੱਦ ਕਰਨ ਦੀ ਸਿਫ਼ਾਰਸ਼ ‘ਤੇ ਵੀ ਸਵਾਲ ਉਠਾਏ ਜਾ ਰਹੇ ਹਨ; ਕਾਨੂੰਨੀ ਮਾਹਿਰਾਂ ਦੀ ਦਲੀਲ ਹੈ ਕਿ ਜਦੋਂ ਨਾਬਾਲਗ ਲੜਕੀ ਨੇ ਆਪਣੇ ਬਿਆਨ ਸੀਆਰਪੀਸੀ ਦੀ ਧਾਰਾ 164 ਤਹਿਤ ਦਰਜ ਕਰਾ ਦਿੱਤੇ ਸਨ ਤਾਂ ਪੁਲੀਸ ਨੂੰ ਉਸੇ ਸਮੇਂ ਹੀ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ। ਕੇਸ ਵਿਚ ਇਹ ਕਮੀਆਂ ਦਿੱਲੀ ਪੁਲੀਸ ਦੀ ਪਹੁੰਚ ‘ਤੇ ਗੰਭੀਰ ਸਵਾਲ ਉਠਾਉਂਦੀਆਂ ਹਨ; ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਲੋਕੁਰ ਨੇ ਇਸ ਪਹੁੰਚ ਨੂੰ ਪੀੜਤ ਕੁੜੀਆਂ ਨੂੰ ਦੁਬਾਰਾ ਪੀੜਤ ਕਰਨ ਵਾਲੀ ਦੱਸਿਆ ਹੈ। ਸਪੱਸ਼ਟ ਹੈ ਕਿ ਮਹਿਲਾ ਪਹਿਲਵਾਨਾਂ ਦੀ ਮੁੱਖ ਮੰਗ ਕਿ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਨਹੀਂ ਮੰਨੀ ਗਈ।

ਇਸ ਸਭ ਕੁਝ ਦੇ ਬਾਵਜੂਦ ਅਜਿਹੇ ਤਾਕਤਵਰ ਵਿਅਕਤੀ ਵਿਰੁੱਧ ਦੋਸ਼-ਪੱਤਰ ਦਰਜ ਹੋਣਾ ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਲਈ ਇਕ ਅਹਿਮ ਜਿੱਤ ਹੈ। ਬ੍ਰਿਜ ਭੂਸ਼ਣ ਆਪਣੇ ਪ੍ਰਭਾਵ ਤੇ ਤਾਕਤ ਕਾਰਨ ਗ੍ਰਿਫ਼ਤਾਰੀ ਤੋਂ ਭਾਵੇਂ ਬਚ ਗਿਆ ਹੋਵੇ ਪਰ ਇਸ ਅੰਦੋਲਨ ਨਾਲ ਭਾਰਤ ਦੇ ਖੇਡ ਇਤਿਹਾਸ ਅਤੇ ਔਰਤਾਂ ਦੇ ਸੰਘਰਸ਼ ਦੇ ਖੇਤਰ ਵਿਚ ਨਵੀਂ ਸ਼ੁਰੂਆਤ ਹੋਈ ਹੈ। ਸਭ ਤੋਂ ਪਹਿਲਾਂ ਤਾਂ ਮਹਿਲਾ ਪਹਿਲਵਾਨਾਂ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ ਸਰੀਰਕ ਸ਼ੋਸ਼ਣ ਵਿਰੁੱਧ ਆਵਾਜ਼ ਉਠਾਈ ਅਤੇ ਆਪਣੇ ਪੈਂਤੜੇ ਤੋਂ ਥਿੜਕੀਆਂ ਨਹੀਂ। ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿੰਨੀਆਂ ਧਮਕੀਆਂ ਮਿਲੀਆਂ ਅਤੇ ਉਹ ਕਿਹੋ ਜਿਹੇ ਮਾਨਸਿਕ ਸੰਘਰਸ਼ ‘ਚੋਂ ਗੁਜ਼ਰੀਆਂ ਹੋਣਗੀਆਂ। ਉਨ੍ਹਾਂ ਦੇ ਮੈਦਾਨ ਵਿਚ ਨਿੱਤਰਨ ਨੇ ਖਿਡਾਰਨਾਂ ਲਈ ਰੋਸ਼ਨੀ ਦੇ ਬੂਹੇ ਖੋਲ੍ਹੇ ਹਨ। ਸਾਰੇ ਵਰਗਾਂ ਦੇ ਲੋਕਾਂ, ਕਿਸਾਨ ਤੇ ਔਰਤ ਜਥੇਬੰਦੀਆਂ, ਖਾਪ ਪੰਚਾਇਤਾਂ, ਸਭ ਨੇ ਮਹਿਲਾ ਪਹਿਲਵਾਨਾਂ ਦਾ ਸਾਥ ਦਿੱਤਾ। ਇਸ ਅੰਦੋਲਨ ਨੇ ਸਮਾਜ ਵਿਚ ਨਵੀਂ ਭਾਸ਼ਾ, ਬਹਿਸ ਤੇ ਸਮਝ ਨੂੰ ਜਨਮ ਦਿੱਤਾ। ਇਹ ਸਿਹਰਾ ਖਾਪ ਪੰਚਾਇਤਾਂ ਸਿਰ ਬੰਨ੍ਹਿਆ ਜਾਵੇਗਾ ਕਿ ਇਸ ਵਾਰ ਉਨ੍ਹਾਂ ਨੇ ਨਾ ਤਾਂ ਕੁੜੀਆਂ ਨੂੰ ਕਸੂਰਵਾਰ ਮੰਨਿਆ ਅਤੇ ਨਾ ਹੀ ਉਨ੍ਹਾਂ ਨੂੰ ਚੁੱਪ ਹੋਣ ਦੀ ਨਸੀਹਤ ਕੀਤੀ। ਖਾਪ ਪੰਚਾਇਤਾਂ ਵਿਚ ਇਹ ਬਹਿਸ ਹੋਈ ਕਿ ਕੁੜੀਆਂ ਨੂੰ ਸਰੀਰਕ ਸ਼ੋਸ਼ਣ ਸਾਹਮਣਾ ਕਰਨਾ ਪਿਆ ਹੈ; ਇਸ ਬਹਿਸ ਦੌਰਾਨ ਖਾਪ ਪੰਚਾਇਤਾਂ ਵਿਚ ਇਸ ਸਮਝ ਵੀ ਬਣੀ ਕਿ ਅਸੀਂ ਸ਼ਬਦ ਤਾਂ ‘ਸਰੀਰਕ ਸ਼ੋਸ਼ਣ’ ਵਰਤ ਰਹੇ ਹਾਂ ਪਰ ਅਸਲ ਵਿਚ ਇਹ ਕੁੜੀਆਂ ਅਤਿਅੰਤ ਭਿਆਨਕ ਯਾਤਨਾ ਵਿਚੋਂ ਗੁਜ਼ਰੀਆਂ ਹਨ। ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਦੇ ਪ੍ਰਭਾਵ ਕੁਸ਼ਤੀ ਦੀ ਖੇਡ ਤਕ ਹੀ ਮਹਿਦੂਦ ਨਹੀਂ ਸਗੋਂ ਇਨ੍ਹਾਂ ਦਾ ਪ੍ਰਭਾਵ ਸਭ ਖੇਡਾਂ ਵਿਚ ਪੈਣਾ ਹੈ। ਇਹ ਫ਼ੈਸਲਾ ਮਹਿਲਾ ਪਹਿਲਵਾਨਾਂ ਨੇ ਕਰਨਾ ਹੈ ਕਿ ਉਨ੍ਹਾਂ ਨੇ ਆਪਣੇ ਅੰਦੋਲਨ ਨੂੰ ਹੁਣ ਕਿਹੋ ਜਿਹਾ ਮੋੜ ਦੇਣਾ ਹੈ। ਉਨ੍ਹਾਂ ਦੁਆਰਾ ਦਿਖਾਈ ਗਈ ਹਿੰਮਤ, ਹੌਸਲਾ ਤੇ ਜੇਰਾ ਅਦੁੱਤੀ ਹਨ। ਇਸ ਨਾਲ ਦੇਸ਼ ਦੀਆਂ ਔਰਤਾਂ ਦੀ ਨਵੀਂ ਪਛਾਣ ਸਾਹਮਣੇ ਆਈ ਹੈ; ਇਹ ਪਛਾਣ ਅਨਿਆਂ ਵਿਰੁੱਧ ਲੜਨ ਤੇ ਸੰਗਠਿਤ ਹੋਣ ਦੀ ਹੈ।

Advertisement

Advertisement