ਨਵਾਂ ਸਾਲ ਬਣੇ ਹਰ ਇੱਕ ਲਈ ਮੁਬਾਰਕ
ਗੁਰਬਿੰਦਰ ਸਿੰਘ ਮਾਣਕ
ਸਮੇਂ ਦੀ ਕੰਨੀ ਨੂੰ ਕਦੇ ਕੋਈ ਫੜ ਨਹੀਂ ਸਕਿਆ, ਇਸ ਲਈ ਬੀਤਿਆ ਸਮਾਂ ਹੱਥ ਨਹੀਂ ਆਉਂਦਾ। ਸਮਾਂ ਦੁਨੀਆ ਦੀ ਕਿਸੇ ਵੀ ਦੌਲਤ ਨਾਲੋਂ ਕਿਤੇ ਵੱਧ ਕੀਮਤੀ ਹੈ। ਜਿਨ੍ਹਾਂ ਦੇ ਮਨਾਂ ਵਿੱਚ ਅਜਿਹਾ ਅਹਿਸਾਸ ਹੋਵੇ, ਉਹ ਸਮੇਂ ਦੀ ਕਦਰ ਕਰਦਿਆਂ ਆਪਣੀ ਜ਼ਿੰਦਗੀ ਦੇ ਖਾਤੇ ਵਿੱਚ ਪ੍ਰਾਪਤੀਆਂ ਤੇ ਖ਼ੁਸ਼ੀਆਂ ਦਰਜ ਕਰ ਲੈਂਦੇ ਹਨ। ਜਿਹੜੇ ਸਮਿਆਂ ਦੀ ਪਰਵਾਹ ਨਹੀਂ ਕਰਦੇ, ਸਮਾਂ ਵੀ ਉਨ੍ਹਾਂ ਦੀ ਪਰਵਾਹ ਨਹੀਂ ਕਰਦਾ। ਸਮਾਂ ਕਦੇ ਰੁਕਦਾ ਨਹੀਂ ਤੇ ਲਗਾਤਾਰ ਆਪਣੇ ਸਫ਼ਰ ’ਤੇ ਚੱਲਦੇ ਰਹਿਣਾ ਹੀ ਇਸ ਦਾ ਵਜੂਦ ਹੈ।
ਸਮਾਂ ਆਪਣੀ ਤੋਰ ਤੁਰਦਿਆਂ ਜਦੋਂ ਅਗਲੇ ਪੜਾਅ ਵਿੱਚ ਦਾਖਲ ਹੁੰਦਾ ਹੈ ਤਾਂ ਸਾਨੂੰ ਨਵੇਂ ਸਾਲ ਦਾ ਅਹਿਸਾਸ ਹੁੰਦਾ ਹੈ। ਪਹਿਲੀ ਜਨਵਰੀ ਤੋਂ ਇਕੱਤੀ ਦਸੰਬਰ ਤੱਕ ਦੇ ਸਫ਼ਰ ਦਾ ਨਾਂ ਹੈ ਨਵਾਂ ਸਾਲ। ਉਂਜ ਨਵਾਂ ਇਸ ਵਿੱਚ ਕੁਝ ਨਹੀਂ ਹੁੰਦਾ ਕਿਉਂਕਿ ਇਹ ਆਮ ਦਿਨਾਂ ਵਾਂਗ ਹੀ ਚੜ੍ਹਦਾ ਹੈ ਤੇ ਆਮ ਵਾਂਗ ਹੀ ਦਿਨ-ਦਿਨ ਕਰਕੇ ਬੀਤ ਜਾਂਦਾ ਹੈ। ਜੇ ਮਨਾਂ ਵਿੱਚ ਨਵੀਆ ਸੋਚਾਂ ਹੋਣ, ਨਵੇਂ ਦਿਸਹੱਦਿਆਂ ਨੂੰ ਚੁੰਮਣ ਦੀ ਤੀਬਰ ਜਗਿਆਸਾ ਹੋਵੇ, ਗਿਆਨ ਰੂਪੀ ਸਮੁੰਦਰ ਵਿੱਚੋਂ ਕੁੱਝ ਬੂੰਦਾਂ ਪੀਣ ਦੀ ਅੰਦਰੂਨੀ ਸਿੱਕ ਹੋਵੇ ਤੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਅੱਖਾਂ ਵਿੱਚ ਆਕਾਸ਼ ਦੀਆਂ ਨਿਲੱਤਣਾਂ ਨੂੰ ਛੂਹਣ ਦੇ ਸੁਨਹਿਰੀ ਸੁਪਨੇ ਸਮੋਏ ਹੋਣ ਤਾਂ ਹਰ ਦਿਨ ਦਾ ਚੜ੍ਹਦਾ ਸੂਰਜ ਹੀ ਨਵਾਂ ਹੁੰਦਾ ਹੈ।
ਜੇ ਮਨਾਂ ਵਿੱਚ ਪਰਵਾਜ਼ ਦੀ ਤਾਂਘ ਨਾ ਹੋਵੇ ਤਾਂ ਨਵੇਂ ਵਰ੍ਹੇ ਦੀ ਆਮਦ ’ਤੇ ਜਸ਼ਨਾਂ ਦੇ ਆਡੰਬਰ ਰਚਣ ਦਾ ਵੀ ਕੋਈ ਫਾਇਦਾ ਨਹੀਂ ਹੈ। ਸਾਡੇ ਦੇਸ਼ ਦੇ ਮਹਾਨਗਰਾਂ ਤੇ ਹੋਰ ਸ਼ਹਿਰਾਂ ਵਿੱਚ ਤਾਂ ਹੁਣ ਨਵੇਂ ਸਾਲ ਦੀ ਆਮਦ ’ਤੇ ਖ਼ੂਬ ਮਹਿਫਲਾਂ ਸਜਦੀਆਂ ਹਨ ਤੇ ਰਾਤ ਭਰ ਜਸ਼ਨ ਮਨਾਏ ਜਾਂਦੇ ਹਨ। ਕੀਮਤੀ ਤੋਹਫਿਆਂ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਜਾਮ ਨਾਲ ਜਾਮ ਟਕਰਾਏ ਜਾਂਦੇ ਹਨ। ਕੁੱਝ ਪਲਾਂ ਲਈ ਮਨਾਂ ’ਤੇ ਛਾਈ ਉਦਾਸੀਆਂ ਦੀ ਧੁੰਦ ਵਿੱਚੋਂ ਨਿਕਲ ਕੇ ਖ਼ੁਸ਼ੀਆਂ ਤੇ ਖੇੜਿਆਂ ਦਾ ਭਰਪੂਰ ਆਨੰਦ ਮਾਣਨ ਦਾ ਜਲੌਅ ਸਜਾਇਆ ਜਾਂਦਾ ਹੈ। ਰਾਤ ਭਰ ਅਜਿਹੇ ਜਸ਼ਨ ਚੱਲਦੇ ਰਹਿੰਦੇ ਹਨ ਤੇ ਨਵੇਂ ਵਰ੍ਹੇ ਦਾ ਸਵਾਗਤ ਕਰਨ ਲਈ ਤੇ ਇੱਕ ਦੂਜੇ ਨੂੰ ਸ਼ੁੱਭ-ਇਛਾਵਾਂ ਭੇਟ ਕਰਨ ਲਈ ਲੱਖਾਂ ਰੁਪਏ ਫਜ਼ੂਲ ਹੀ ਵਹਾ ਦਿੱਤੇ ਜਾਂਦੇ ਹਨ। ਇਸ ਦੇ ਉਲਟ ਲੱਖਾਂ ਲੋਕ ਅਜਿਹੇ ਵੀ ਹਨ ਜਿਹੜੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਜੂਝਦੇ ਨਵੇਂ ਸਾਲ ਦੀ ਆਮਦ ਤੋਂ ਹੀ ਬੇਖ਼ਬਰ ਹੁੰਦੇ ਹਨ। ਆਖਰ ਉਹ ਜਸ਼ਨ ਵੀ ਮਨਾਉਣ ਤਾਂ ਕਿਹੜੀ ਗੱਲ ਦੇ। ਉਨ੍ਹਾਂ ਲਈ ਹਰ ਦਿਨ ਹੀ ਇੱਕੋ ਜਿਹਾ ਹੁੰਦਾ ਹੈ।
ਟੀਵੀ ਦੇ ਅਨੇਕਾਂ ਚੈਨਲ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਨਵੇਂ ਸਾਲ ਦੀ ਆਮਦ ਦੇ ਜਸ਼ਨਾਂ ਉੱਤੇ ਧੂਮ-ਧੜੱਕੇ ਵਾਲੇ ਪ੍ਰੋਗਰਾਮ ਪੇਸ਼ ਕਰਦੇ ਹਨ। ਲੋਕਾਂ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਨਵੇਂ ਸਾਲ ਦਾ ਆਗਾਜ਼ ਬਹੁਤ ਮਹੱਤਵਪੂਰਨ ਹੈ। ਉਪਭੋਗਤਾਵਾਦੀ ਮਾਨਸਿਕਤਾ ਨੇ ਮੱਧਵਰਗੀ ਲੋਕਾਂ ਦੇ ਮਨਾਂ ਵਿੱਚ ਸੁਪਨਿਆਂ ਦੇ ਏਨੇ ਅੰਬਾਰ ਸਿਰਜ ਦਿੱਤੇ ਹਨ ਕਿ ਉਹ ਇਨ੍ਹਾਂ ਨੂੰ ਸਾਕਾਰ ਕਰਨ ਪਿੱਛੇ ਦੌੜਦਾ ਹੋਇਆ ਹਫਿਆ ਪਿਆ ਹੈ। ਹਰ ਸਾਲ ਹੀ ਉਸ ਨੂੰ ਲੱਗਦਾ ਹੈ ਕਿ ਇਸ ਵਾਰ ਉਸ ਦੇ ਸੁਪਨੇ ਪੂਰੇ ਹੋਏ ਕਿ ਹੋਏ, ਪਰ ਹਕੀਕਤਾਂ ਦਾ ਸੰਸਾਰ ਇਸ ਕਦਰ ਕਠੋਰ ਹੈ ਕਿ ਸਾਲ ਦਰ ਸਾਲ ਜ਼ਿੰਦਗੀ ਜਿਊਣੀ ਦੁੱਭਰ ਹੁੰਦੀ ਜਾ ਰਹੀ ਹੈ। ਗ਼ਰੀਬੀ ਦੀ ਦਲਦਲ ਵਿੱਚ ਗਲ ਗਲ ਤੱਕ ਗਰਕ ਹੋਏ ਇਸ ਦੇਸ਼ ਦੇ ਕਰੋੜਾਂ ਲੋਕਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭ-ਇਛਾਵਾਂ ਦਾ ਕੀ ਆਸਰਾ ਹੋ ਸਕਦਾ ਹੈ।
ਸਵਾਲ ਤਾਂ ਇਹ ਹੈ ਕਿ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਮਿਹਨਤੀ ਵਿਅਕਤੀ ਲਈ ਨਵੇਂ ਸਾਲ ਦੇ ਧੂਮ-ਧੜੱਕੇ ਦੀ ਕੀ ਅਹਿਮੀਅਤ ਹੈ। ਆਮ ਆਦਮੀ ਜੇ ਕੁੱਝ ਪਲਾਂ ਲਈ ਇਨ੍ਹਾਂ ਜਸ਼ਨਾਂ ਦੀ ਬਦੌਲਤ ਆਪਣੇ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਭੁੱਲ ਵੀ ਜਾਂਦਾ ਹੈ ਤਾਂ ਅਗਲੇ ਪਲ ਹੀ ਜੀਵਨ ਦਾ ਕਰੂਰ ਯਥਾਰਥ ਉਸ ਦੇ ਸਨਮੁੱਖ ਹੁੰਦਾ ਹੈ। ਵਧੀਆ ਜ਼ਿੰਦਗੀ ਦੇ ਸੁਪਨੇ ਤਾਂ ਉਸ ਦੀਆਂ ਅੱਖਾਂ ਵਿੱਚ ਵੀ ਜ਼ਰੂਰ ਲਟਕਦੇ ਹੋਣਗੇ, ਪਰ ਇਹ ਜ਼ਰੂਰੀ ਨਹੀਂ ਕਿ ਨਵੇਂ ਸਾਲ ਵਿੱਚ ਇਹ ਸੁਪਨੇ ਹਕੀਕਤ ਦਾ ਰੂਪ ਧਾਰ ਲੈਣ। ਬੀਤ ਗਏ ਸਾਲ ਨੂੰ ਜੇ ਇੱਕ ਨਜ਼ਰ ਦੇਖੀਏ ਤਾਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਸੀ। ਕਈ ਸਾਲਾਂ ਤੋਂ ਹੀ ਘੱਟ-ਗਿਣਤੀਆਂ, ਦਲਿਤਾਂ, ਔਰਤਾਂ ਅਤੇ ਆਦਿਵਾਸੀਆਂ ਨੂੰ ਜ਼ਬਰ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਆਰਥਿਕ ਤੰਗੀਆਂ ਦੇ ਜਾਲ ਵਿੱਚ ਫਸੇ ਕਿਸਾਨ ਮਜ਼ਦੂਰ ਕਈ ਸਾਲਾਂ ਤੋਂ ਹੀ ਖੁਦਕੁਸ਼ੀਆਂ ਦੇ ਰਾਹ ਤੁਰੇ ਜਾ ਰਹੇ ਹਨ, ਪਰ ਹਕੂਮਤਾਂ ਏਨੀਆਂ ਹੰਕਾਰੀ ਤੇ ਅਸੰਵੇਦਨਸ਼ੀਲ ਹੋ ਚੁੱਕੀਆਂ ਹਨ ਕਿ ਝੂਠੇ ਦਿਲਾਸਿਆਂ ਤੋਂ ਬਿਨਾਂ ਕੋਈ ਹੱਥ-ਪੱਲਾ ਨਹੀਂ ਫੜਾ ਰਹੀਆਂ। ਅਜਿਹੇ ਸੋਗੀ ਘਰਾਂ ਨੂੰ ਕਿਹੜੀ ਆਸ ਵਿੱਚ ਕੋਈ ਨਵੇਂ ਸਾਲ ਦੀਆਂ ਸ਼ੁੱਭ-ਇਛਾਵਾਂ ਦੇਵੇ।
ਕਈ ਕਈ ਸਾਲਾਂ ਤੋਂ ਬੇਰੁਜ਼ਗਾਰੀ ਦਾ ਦਰਦ ਹੰਢਾਅ ਰਹੇ ਨੌਜਵਾਨਾਂ ਦੇ ਚਕਨਾਚੂਰ ਹੋਏ ਸੁਪਨਿਆਂ ਨੂੰ ਕਾਹਦੀ ਮੁਬਾਰਕ ਨਾਲ ਧਰਵਾਸ ਦੇਈਏ। ਜਦੋਂ ਕੋਈ ਆਸ ਦੀ ਕਿਰਨ ਨਜ਼ਰ ਹੀ ਨਾ ਆਉਂਦੀ ਹੋਵੇ, ਉਦੋਂ ਬਹੁਤ ਔਖਾ ਹੁੰਦਾ ਹੈ ਕਿਸੇ ਨੂੰ ਇਹ ਕਹਿਣਾ ਕਿ ਆਸ਼ਾਵਾਦੀ ਨਜ਼ਰੀਆ ਰੱਖੋ। ਜਿਹੜੇ ਬੇਰੁਜ਼ਗਾਰ ਆਪਣੇ ਹੱਕਾਂ ਲਈ ਸਾਰਾ ਸਾਲ ਸੰਘਰਸ਼ਾਂ ਦੇ ਰਾਹ ਤੁਰੇ ਰਹੇ ਪਰ ਪੁਲੀਸ ਦੀਆਂ ਡਾਂਗਾਂ ਤੇ ਗੋਲੀਆਂ ਤੋਂ ਬਿਨਾਂ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ, ਉਨ੍ਹਾਂ ਨੂੰ ਕੋਈ ਮੁਬਾਰਕ ਵੀ ਦੇਵੇ ਤਾਂ ਕਿਹੜੀ ਗੱਲ ਦੀ। ਸਾਰਾ ਸਾਲ ਹੀ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਣ ਵਾਲੇ ਸੜਕਾਂ ’ਤੇ ਬੈਠੇ ਸੰਘਰਸ਼ ਕਰ ਰਹੇ ਹਨ ਪਰ ਕਿਸੇ ਹਕੂਮਤ ਨੂੰ ਕੋਈ ਆਵਾਜ਼ ਨਹੀਂ ਸੁਣਦੀ। ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਹੜ੍ਹ ਵਿੱਚ ਰੁੜ੍ਹਦਾ ਜਾ ਰਿਹਾ ਹੈ। ਸਮੈਕ, ਭੁੱਕੀ, ਹੈਰੋਇਨ ਅਤੇ ਪੰਜਾਬ ਦੇ ਭਵਿੱਖ ਨੂੰ ਕਾਲਾ ਕਰਨ ਵਾਲਾ ‘ਚਿੱਟਾ’ ਤੇ ਅਨੇਕਾਂ ਹੋਰ ਮੈਡੀਕਲ ਨਸ਼ਿਆਂ ਨੇ ਪੰਜ ਪਾਣੀਆਂ ਦੀ ਧਰਤੀ ਨੂੰ ਅਜਿਹੀ ਅੰਨ੍ਹੀ ਗਲੀ ਵੱਲ ਧੱਕ ਦਿੱਤਾ ਹੈ ਕਿ ਅੱਗੇ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਜਿਨ੍ਹਾਂ ਘਰਾਂ ਦੇ ਨੌਜਵਾਨ ਪੁੱਤਰ ਨਸ਼ਿਆਂ ਨੇ ਖਾ ਲਏ ਹਨ, ਉਨ੍ਹਾਂ ਨੂੰ ਕਿਹੜੇ ਜਿਗਰੇ ਨਾਲ ਕੋਈ ਚੰਗੇ ਦਿਨਾਂ ਦੀ ਢਾਰਸ ਬੰਨ੍ਹਾਵੇ।
ਅਤਿਵਾਦ ਦਾ ਚੰਦਰਾ ਦੈਂਤ ਕਈ ਸਾਲਾਂ ਤੋਂ ਸਰਹੱਦਾਂ ਦੀ ਰਾਖੀ ਕਰਦੇ ਸੂਰਬੀਰਾਂ ਨੂੰ ਲਾਸ਼ਾਂ ਬਣਾ ਕੇ ਘਰਾਂ ਨੂੰ ਤੋਰਨ ਦੀਆਂ ਹਿਰਦੇਵੇਧਕ ਘਟਨਾਵਾਂ ਵਿੱਚ ਲੱਗਾ ਹੋਇਆ ਹੈ। ਜਿਨ੍ਹਾਂ ਮਾਵਾਂ ਦੇ ਗੱਭਰੂ ਪੁੱਤ, ਭੈਣਾਂ ਦੇ ਵੀਰ, ਸੁਹਾਗਣਾਂ ਦੇ ਸੁਹਾਗ, ਮਾਸੂਮ ਬੱਚਿਆਂ ਦੇ ਪਿਆਰੇ ਪਿਤਾ ਜੋਬਨ-ਰੁੱਤੇ ਹੀ ਘਰਾਂ ਨੂੰ ਡੂੰਘੀ ਉਦਾਸੀ ਤੇ ਸਦਮੇ ਵਿੱਚ ਛੱਡ ਕੇ ਤੁਰ ਗਏ ਹਨ, ਉਨ੍ਹਾਂ ਨੂੰ ਕਿਹੜੇ ਹੌਸਲੇ ਨਾਲ ਕੋਈ ਨਵੇਂ ਸਾਲ ਦੀ ਮੁਬਾਰਕ ਦੇਵੇ। ਉਨ੍ਹਾਂ ਲਈ ਤਾਂ ਇਹ ਜਹਾਨ ਸੁੰਨਾ ਹੋ ਗਿਆ ਹੈ। ਇੱਥੋਂ ਤੱਕ ਕਿ ਹਕੂਮਤਾਂ ਵੀ ਉਨ੍ਹਾਂ ਦੀ ਬਾਤ ਨਹੀਂ ਪੁੱਛਦੀਆਂ।
ਪੰਜਾਬ ਵਿੱਚ ਸੜਕ ਹਾਦਸਿਆਂ ਦੀਆਂ ਵਾਪਰ ਰਹੀਆਂ ਘਟਨਾਵਾਂ ਮਨਾਂ ਨੂੰ ਵਲੂੰਧਰਨ ਵਾਲੀਆਂ ਹਨ। ਨਿੱਤ ਦਿਨ ਸੜਕਾਂ ਖੂਨ ਨਾਲ ਰੰਗ ਹੋ ਰਹੀਆਂ ਹਨ। ਅਜਿਹੀ ਸਿਰੇ ਦੀ ਅਨੁਸ਼ਾਸਨਹੀਣਤਾ ਨੂੰ ਠੱਲ੍ਹ ਪਾਉਣ ਲਈ ਨਾ ਸਰਕਾਰੀ ਤੰਤਰ ਹੀ ਗੰਭੀਰ ਹੈ ਤੇ ਨਾ ਹੀ ਲੋਕ ਸੁਚੇਤ ਹੋ ਰਹੇ ਹਨ। ਬਹੁਤੇ ਹਾਦਸੇ ਮਨੁੱਖੀ ਲਾਪਰਵਾਹੀ ਕਾਰਨ ਵਾਪਰਦੇ ਹਨ। ਪਿਛਲੇ ਦਿਨੀਂ ਸੜਕ ਹਾਦਸੇ ਵਿੱਚ ਇੱਕ ਬੱਸ ਗੰਦੇ ਨਾਲੇ ਵਿੱਚ ਡਿੱਗਣ ਨਾਲ ਅੱਠ ਜਾਨਾਂ ਤਾਂ ਚੱਲ ਵਸੀਆਂ ਤੇ ਅਜੇ ਬਹੁਤ ਸਾਰੇ ਗੰਭੀਰ ਜ਼ਖਮੀਂ ਹਨ। ਜਿਹੜੇ ਘਰੀਂ ਮਾਤਮ ਪਸਰਿਆ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ। ਕਿਹੜੇ ਜਿਗਰੇ ਨਾਲ ਕੋਈ ਇਨ੍ਹਾਂ ਗ਼ਮ ਵਿੱਚ ਡੁੱਬੇ ਪਰਿਵਾਰਾਂ ਨੂੰ ਨਵੇਂ ਸਾਲ ਦੀ ਮੁਬਾਰਕ ਦੇ ਬੋਲ ਆਖੇ। ਪੰਜਾਬ ਵਿੱਚ ਸਾਰਾ ਸਾਲ ਹਫੜਾ-ਦਫੜੀ ਦਾ ਮਾਹੌਲ ਰਿਹਾ ਹੈ। ਤਲਵਾਰਾਂ, ਬੰਦੂਕਾਂ, ਪਿਸਤੌਲ, ਕਤਲ, ਲੁੱਟ-ਖੋਹ, ਮਾਰਧਾੜ, ਰਸੂਖਵਾਨਾਂ ਦੀ ਹਊਮੇ ਜਿਹੀਆਂ ਉਦਾਸ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਰਹੀਆਂ ਹਨ। ਅਜਿਹੀ ਸੂਰਤ ਵਿੱਚ ਕਿਸੇ ਲਈ ਮੁਬਾਰਕ ਦੇ ਸ਼ਬਦ ਕੀ ਅਰਥ ਰੱਖਦੇ ਹਨ। ਅਜਿਹੀਆਂ ਅਨੇਕਾਂ ਘਟਨਾਵਾਂ ਹਨ ਜੋ ਦਰਦਾਂ ਦੀ ਬਾਤ ਪਾਉਂਦੀਆਂ ਹਨ। ਕਹਿੰਦੇ ਆਸ ਦਾ ਪੱਲਾ ਛੱਡਣਾ ਨਹੀਂ ਚਾਹੀਦਾ ਪਰ ਕੋਈ ਅਜਿਹੀ ਆਸ ਦੀ ਕਿਰਨ ਨਜ਼ਰ ਹੀ ਨਹੀਂ ਆਉਂਦੀ ਜਿਸ ਤੋਂ ਇਹ ਜਾਪੇ ਕਿ ਨਵੇਂ ਸਾਲ ਵਿੱਚ ਉਹ ਸਭ ਕੁੱਝ ਠੀਕ ਹੋ ਜਾਵੇਗਾ ਤੇ ਸਭ ਦੇ ਸੁਪਨੇ ਸਾਕਾਰ ਹੋ ਜਾਣਗੇ।
ਨਵੇਂ ਵਰ੍ਹੇ ਨੇ ਕੋਈ ਅਲੋਕਾਰ ਆਸਾਂ ਉਮੰਗਾਂ ਦਾ ਮੀਂਹ ਲੈ ਕੇ ਨਹੀਂ ਆਉਣਾ। ਇਸ ਲਈ ਤਾਂ ਦ੍ਰਿੜਤਾ ਨਾਲ ਉੱਦਮ ਕਰਨਾ ਪਏਗਾ ਕਿ ਜ਼ਿੰਦਗੀ ਦੇ ਪਿੜ ਵਿੱਚ ਜੂਝਦੇ ਲੋਕਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਹੱਲਾਸ਼ੇਰੀ ਤੇ ਹੌਸਲਾ ਦਿੱਤਾ ਜਾਵੇ। ਕਾਸ਼! ਨਵਾਂ ਸਾਲ ਜ਼ਿੰਦਗੀ ਦੇ ਅਜਿਹੇ ਮਰਜੀਵੜਿਆਂ ਲਈ ਸੱਚਮੁੱਚ ਮੁਬਾਰਕ ਬਣ ਸਕੇ। ਜਿਹੜੇ ਕਾਲਖ਼ਾਂ ਦੇ ਪਹਿਰੇ ਨੂੰ ਚਾਨਣ ’ਚ ਬਦਲਣ ਦੇ ਰਾਹ ਤੁਰੇ ਹੋਏ ਨੇ, ਉਨ੍ਹਾਂ ਦੀ ਨਿਸ਼ਠਾ ਤੇ ਹੌਸਲੇ ਨੂੰ ਸਲਾਮ। ਉਹ ਸੱਚਮੁੱਚ ਹੀ ਮੁਬਾਰਕ ਦੇ ਹੱਕਦਾਰ ਹਨ। ਕਾਸ਼! ਇਹ ਸਾਲ ਉਨ੍ਹਾਂ ਸਭ ਲੋਕਾਂ ਲਈ ਸਹੀ ਅਰਥਾਂ ਵਿੱਚ ਮੁਬਾਰਕ ਬਣੇ, ਜਿਨ੍ਹਾਂ ਦੀਆਂ ਅੱਖਾਂ ਵਿੱਚ ਚਿਰਾਂ ਤੋਂ ਸੁਪਨੇ ਲਟਕ ਰਹੇ ਹਨ।
ਸੰਪਰਕ: 98153-56086