ਨਵਾਂ ਸਾਲ ਨਵੀਆਂ ਉਮੀਦਾਂ
ਡਾ. ਬਿਕਰਮਜੀਤ ਪੁਰਬਾ
ਨਵੀਂ ਸੋਚ ਮਨੁੱਖ ਨੂੰ ਬਹੁਤ ਉੱਪਰ ਤੱਕ ਲੈ ਕੇ ਜਾ ਸਕਦੀ ਹੈ। ਨਵੇਂ ਸਾਲ ਵਿੱਚ ਸਾਨੂੰ ਨਵੇਂ ਮੌਕੇ ਅਤੇ ਨਵੀਂ ਪ੍ਰੇਰਨਾ ਮਿਲਦੀ ਹੈ, ਜਿਸ ਦੇ ਹੌਸਲੇ ਸਦਕਾ ਤੁਸੀਂ ਅੱਗੇ ਵਧ ਸਕਦੇ ਹੋ। ਨਵੇਂ ਸਾਲ ਵਿੱਚ ਜੋ ਤੁਸੀਂ ਸੁਪਨੇ ਸੋਚੇ ਹਨ ਉਨ੍ਹਾਂ ਨੂੰ ਤੁਸੀਂ ਇਸ ਸਾਲ ਵਿੱਚ ਪੂਰੇ ਕਰ ਸਕਦੇ ਹੋ। ਵਿਅਕਤੀ ਜੇਕਰ ਸੋਚ ਲਵੇ ਕਿ ਮੈਂ ਇਹ ਮੁਕਾਮ ਹਾਸਲ ਕਰਨਾ ਹੈ ਤਾਂ ਪੂਰੀ ਕਾਇਨਾਤ ਵੀ ਉਸ ਦਾ ਸਾਥ ਦੇਣ ਲੱਗਦੀ ਹੈ। ਨਵਾਂ ਸਾਲ ਨਾ ਸਿਰਫ਼ ਇੱਕ ਨਵੀਂ ਸ਼ੁਰੂਆਤ ਹੈ ਬਲਕਿ ਇਹ ਸਾਨੂੰ ਅੱਗੇ ਵਧਣ ਤੇ ਹਰ ਰੋਜ਼ ਕੁੱਝ ਨਵਾਂ ਸਿਖਣ ਦੀ ਪ੍ਰੇਰਨਾ ਵੀ ਦਿੰਦਾ ਹੈ। ਪਿਛਲੇ ਸਾਲ ਅਸੀਂ ਜੋ ਵੀ ਕੀਤਾ, ਜੋ ਕੁਝ ਸਿੱਖਿਆ, ਸਫਲ ਹੋਏ ਜਾਂ ਅਸਫਲ ਰਹੇ, ਉਸ ਨੂੰ ਛੱਡ ਕੇ ਇਹ ਨਵਾਂ ਸਾਲ ਸਾਨੂੰ ਨਵੀਂ ਉਮੀਦ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ।
ਨਵੇਂ ਸਾਲ ਦੀ ਆਮਦ ’ਤੇ ਜੋ ਤੁਹਾਡੇ ਸੁਪਨੇ ਹਨ ਉਨ੍ਹਾਂ ਬਾਰੇ ਸੋਚੋ ਕਿ ਇਹ ਕਿਵੇਂ ਪੂਰੇ ਕੀਤੇ ਜਾ ਸਕਦੇ ਹਨ ਜਾਂ ਇਨ੍ਹਾਂ ਨੂੰ ਪੂਰੇ ਕਰਨ ਲਈ ਸਾਨੂੰ ਕਿਹੜੀ ਊਰਜਾ ਦੀ ਲੋੜ ਹੈ। ਇਹ ਊਰਜਾ ਸਾਨੂੰ ਕਿੱਥੋਂ ਮਿਲ ਸਕਦੀ ਹੈ। ਇਹ ਸ਼ਕਤੀ ਸਾਨੂੰ ਸਾਡੀਆਂ ਮਹਾਨ ਸ਼ਖ਼ਸੀਅਤਾਂ ਨਾਲ ਰਹਿ ਕੇ ਜਾਂ ਉਨ੍ਹਾਂ ਦੇ ਵਿਚਾਰ ਸੁਣ ਕੇ ਮਿਲ ਸਕਦੀ ਹੈ। ਸਾਡੇ ਜੋ ਮਾਰਗਦਰਸ਼ਕ ਹਨ ਉਨ੍ਹਾਂ ਦੇ ਦਿਖਾਏ ਰਾਹਾਂ ’ਤੇ ਚੱਲ ਕੇ ਸਾਡੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ।
ਸੁਪਨੇ ਦੇਖਣ ਦਾ ਸਭ ਨੂੰ ਹੱਕ ਹੈ, ਪਰ ਇਹ ਪੂਰੇ ਕਿਵੇਂ ਕਰਨੇ ਹਨ, ਸਿਰਫ਼ ਉੱਧਰ ਧਿਆਨ ਦੇਣ ਦੀ ਜ਼ਰੂਰਤ ਹੈ। ਮਨੁੱਖ ਆਪਣੀ ਜ਼ਿੰਦਗੀ ਵਿੱਚ ਵੱਖ-ਵੱਖ ਸੁਪਨੇ ਵੇਖਦਾ ਹੈ। ਕੋਈ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣਨਾ ਚਾਹੁੰਦਾ ਹੈ ਤੇ ਕਿਸੇ ਦਾ ਸੁਪਨਾ ਕਿਸੇ ਉਦੇਸ਼ ਦੀ ਪ੍ਰਾਪਤੀ ਹੁੰਦਾ ਹੈ। ਸੁਪਨੇ ਮਨੁੱਖ ਦੇ ਜੀਵਨ ਨੂੰ ਸੰਪੂਰਨ ਬਣਾਉਂਦੇ ਹਨ। ਦੁਨੀਆ ਦੇ ਹਰ ਕੰਮ ਦੀ ਸ਼ੁਰੂਆਤ ਮਨੁੱਖੀ ਦਿਮਾਗ਼ ਦੀ ਦੇਣ ਹੈ। ਪਹਿਲਾਂ ਕੋਈ ਵਿਚਾਰ ਦਿਮਾਗ਼ ਦਾ ਹਿੱਸਾ ਬਣਦਾ ਹੈ, ਫਿਰ ਉਸ ਨੂੰ ਸਾਕਾਰ ਕਰਨ ਲਈ ਯੋਜਨਾ ਬਣਾਉਣੀ ਪੈਂਦੀ ਹੈ। ਕਿਹਾ ਜਾਂਦਾ ਹੈ ਕਿ ਸੁਪਨੇ ਉਹ ਹੀ ਸਾਕਾਰ ਹੁੰਦੇ ਹਨ ਜੋ ਖੁੱਲ੍ਹੀਆਂ ਅੱਖਾਂ ਨਾਲ ਦੇਖੇ ਜਾਂਦੇ ਹਨ। ਇਸ ਦਾ ਅਰਥ ਇਹ ਹੈ ਕਿ ਸੁੱਤਾ ਰਹਿਣ ਵਾਲਾ ਵਿਅਕਤੀ ਜ਼ਿੰਦਗੀ ਵਿੱਚ ਉਨ੍ਹਾਂ ਸੁਪਨਿਆਂ ਨੂੰ ਸਿਰਫ਼ ਨੀਂਦ ਦੀ ਆਗੋਸ਼ ਵਿੱਚ ਹੀ ਮਹਿਸੂਸ ਕਰਦਾ ਹੈ। ਜਦਕਿ ਜਾਗਣ ਵਾਲਾ ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ ਨਿਸ਼ਚੇ ਸਦਕਾ ਉਨ੍ਹਾਂ ਸੁਪਨਿਆਂ ਨੂੰ ਮੂਰਤ ਰੂਪ ਪ੍ਰਦਾਨ ਕਰਦਾ ਹੈ।
ਸੁਪਨਿਆਂ ਦੀ ਉਡਾਣ ਮਨੁੱਖ ਨੂੰ ਦਿਨ-ਰਾਤ ਪ੍ਰੇਰਿਤ ਕਰਦੀ ਹੈ, ਉਸ ਉਚਾਈ ’ਤੇ ਪਹੁੰਚਣ ਦੀ ਜੋ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ। ਇਨ੍ਹਾਂ ਨੂੰ ਸਾਕਾਰ ਕਰਨ ਲਈ ਸਕਾਰਾਤਮਕ ਲੋਕਾਂ ਨਾਲ ਰਹਿਣ ਦੀ ਲੋੜ ਹੈ। ਇਹ ਲੋਕ ਤੁਹਾਨੂੰ ਸਹੀ ਰਸਤਾ ਦਿਖਾਉਣ ਅਤੇ ਤੁਹਾਨੂੰ ਪ੍ਰੇਰਿਤ ਕਰਦੇ ਰਹਿਣਗੇ। ਸਕਾਰਾਤਮਕ ਸੋਚ ਵਾਲੇ ਦੋਸਤ ਮਿੱਤਰ, ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਤੁਹਾਡੇ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਵਿੱਚ ਅਪ੍ਰਤੱਖ ਜਾਂ ਪ੍ਰਤੱਖ ਰੂਪ ਵਿੱਚ ਸਹਾਈ ਹੁੰਦੇ ਹਨ। ਉਹ ਤੁਹਾਡੀ ਹਰ ਛੋਟੀ ਸਫਲਤਾ ’ਤੇ ਤੁਹਾਡਾ ਉਤਸ਼ਾਹ ਵਧਾਉਂਦੇ ਹਨ ਅਤੇ ਹਰ ਅਸਫਲਤਾ ’ਤੇ ਤੁਹਾਡੀ ਸਹਾਇਤਾ ਕਰਦੇ ਹਨ ਤਾਂ ਜੋ ਤੁਸੀਂ ਨਿਰਾਸ਼ ਨਾ ਹੋ ਜਾਵੋ। ਆਤਮ-ਵਿਸ਼ਵਾਸ ਅਤੇ ਲਗਨ ਨਾਲ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੁਕਾਵਟਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਬਾਰ-ਬਾਰ ਕਰਨਾ ਪੈਂਦਾ ਹੈ, ਪਰ ਅਸਲ ਵਿੱਚ ਜਿੱਤ ਦਾ ਤਾਜ ਵੀ ਉਸ ਦੇ ਸਿਰ ਹੀ ਸਜਦਾ ਹੈ ਜੋ ਮੁਸ਼ਕਲਾਂ ਤੋਂ ਘਬਰਾਉਂਦਾ ਨਹੀਂ, ਬਲਕਿ ਅਸਫਲਤਾ ਨੂੰ ਆਪਣੀ ਸਕਾਰਾਤਮਕ ਸੋਚ ਸਦਕਾ ਇੱਕ ਹੋਰ ਮੌਕੇ ਦੀ ਭਾਲ ਦੇ ਰੂਪ ਵਿੱਚ ਹੀ ਦੇਖਦਾ ਹੈ। ਕਹਿੰਦੇ ਹਨ ਕਿ ਇੱਕ ਵਾਰ ਕਿਸੇ ਨੇ ਥਾਮਸ ਐਡੀਸਨ ਨੂੰ ਪੁੱਛਿਆ ਕਿ ਉਸ ਨੂੰ ਨਿਰਾਸ਼ਾ ਨਹੀਂ ਹੋਈ ਕਿਉਂਕਿ ਉਹ 10000 ਵਾਰ ਅਸਫਲ ਰਹਿਣ ਤੋਂ ਬਾਅਦ ਬਲਬ ਬਣਾ ਸਕਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਨਹੀਂ ਸਗੋਂ ਮੈਨੂੰ ਇਹ ਪਤਾ ਲੱਗਿਆ ਕਿ 10000 ਤਰੀਕੇ ਅਜਿਹੇ ਹਨ ਜਿਨ੍ਹਾਂ ਨਾਲ ਇਹ ਨਹੀਂ ਬਣ ਸਕਦਾ। ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਹੀ ਉਨ੍ਹਾਂ ਨੂੰ ਸਫਲ ਬਣਾ ਸਕੀ। ਜੇ ਕੋਈ ਮਨੁੱਖ ਨਿਰਾਸ਼ਾ ਦੇ ਹਨੇਰੇ ਵਿੱਚ ਡੁੱਬ ਜਾਵੇ ਤਾਂ ਉਹ ਕਦੇ ਵੀ ਸਫਲਤਾ ਦਾ ਸੁਆਦ ਨਹੀਂ ਲੈ ਸਕੇਗਾ।
ਮਨੁੱਖ ਦੀ ਇਕਾਗਰਤਾ ਤੁਹਾਨੂੰ ਸਫਲ ਇਨਸਾਨ ਬਣਾਉਂਦੀ ਹੈ। ਇਕਾਗਰਤਾ ਸੁਪਨਿਆਂ ਦੀ ਉਡਾਣ ਨੂੰ ਹੋਰ ਉੱਚਾ ਚੁੱਕਦੀ ਹੈ। ਜਦੋਂ ਤੁਹਾਡਾ ਮਨ ਆਪਣੇ ਉਦੇਸ਼ ਦੀ ਪੂਰਤੀ ਹਿੱਤ ਇਕਾਗਰ ਹੋ ਜਾਂਦਾ ਹੈ ਤਾਂ ਸਫਲ ਹੋਣ ਦੀਆਂ ਸੰਭਾਵਨਾਵਾਂ ਹੋਰ ਵਧ ਜਾਂਦੀਆਂ ਹਨ। ਇਸ ਲਈ ਪਹਿਲਾਂ ਛੋਟੇ-ਛੋਟੇ ਟੀਚੇ ਨਿਸ਼ਚਿਤ ਕਰਦੇ ਹੋਏ ਇਨ੍ਹਾਂ ਪੜਾਵਾਂ ਨੂੰ ਪਾਰ ਕਰਦੇ ਜਾਓ। ਇੱਕ ਦਿਨ ਆਪਣੀ ਮੰਜ਼ਿਲ ’ਤੇ ਜ਼ਰੂਰ ਪਹੁੰਚ ਜਾਓਗੇ।
ਅੰਗਰੇਜ਼ੀ ਕੈਲੰਡਰ ਅਨੁਸਾਰ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਸ ਲਈ ਇਸ ਦਿਨ ਨੂੰ ਪੂਰੇ ਵਿਸ਼ਵ ’ਚ ਤਿਉਹਾਰ ਵਾਂਗ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਨਵਾਂ ਸਾਲ ਸਾਨੂੰ ਨਵੀਆਂ ਉਮੀਦਾਂ, ਨਵੇਂ ਸੁਪਨੇ, ਨਵੇਂ ਟੀਚੇ ਤੇ ਨਵੇਂ ਵਿਚਾਰ ਦਿੰਦਾ ਹੈ, ਇਸ ਲਈ ਅਸੀਂ ਨਵੇਂ ਸਾਲ ਦਾ ਸਵਾਗਤ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਕਰਦੇ ਹਾਂ। ਸਾਨੂੰ ਜ਼ਿੰਦਗੀ ਵਿੱਚ ਬੀਤੇ ਸਮੇਂ ਨੂੰ ਲੈ ਕੇ ਉਦਾਸ ਨਹੀਂ ਹੋਣਾ ਚਾਹੀਦਾ। ਜੋ ਬੀਤ ਗਿਆ ਹੈ ਉਸ ਬਾਰੇ ਸੋਚਣ ਦੀ ਬਜਾਏ ਆਉਣ ਵਾਲੇ ਮੌਕਿਆਂ ਦਾ ਸੁਆਗਤ ਕਰੋ ਤੇ ਉਨ੍ਹਾਂ ਦੁਆਰਾ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ। ਆਓ! ਸਾਰੇ ਇਸ ਨਵੇਂ ਸਾਲ ਵਿੱਚ ਪਿਛਲੇ ਸਾਲ ਦੀਆਂ ਅਪਣੀਆਂ ਗ਼ਲਤੀਆਂ ਤੋਂ ਸਿੱਖਦੇ ਹੋਏ ਕੋਈ ਨਵਾਂ ਸੰਕਲਪ ਜਾਂ ਸਹੁੰ ਚੁੱਕੀਏ ਅਤੇ ਪੂਰੀ ਊਰਜਾ ਨਾਲ ਆਪਣੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਜਿਸ ਨਾਲ ਸਾਨੂੰ ਸਫਲਤਾ ਹਾਸਲ ਹੋਵੇ।