ਨਵਾਂ ਜਨਮ
ਅਵਨੀਤ ਕੌਰ
ਰਾਜਧਾਨੀ ਦੇ ਕਾਲਜ ਵਿਚ ਦਾਖਲਾ ਹੋਇਆ। ਹੋਸਟਲ ਵੀ ਮਿਲ ਗਿਆ। ਖੁੱਲ੍ਹਾ ਡੁੱਲ੍ਹਾ ਮਾਹੌਲ। ਕਾਲਜ ਦੇ ਚੁਫੇਰੇ ਪਸਰੀ ਹਰਿਆਵਲ। ਵੱਖ ਵੱਖ ਰਾਜਾਂ ਤੋਂ ਆਈਆਂ ਸਹਿਪਾਠਣਾਂ। ਆਪਸ ਵਿਚ ਮਿਲ ਬੈਠਦੀਆਂ। ਗੱਲਾਂ ਤੁਰਦੀਆਂ, ਹਾਸੇ ਗੂੰਜਦੇ। ਨਿੱਤ ਨਵਾਂ ਸਿੱਖਣ ਪੜ੍ਹਨ ਨੂੰ ਮਿਲਦਾ। ਕੰਟੀਨ ‘ਤੇ ਰੌਣਕਾਂ ਲੱਗੀਆਂ ਰਹਿੰਦੀਆਂ। ਚਿਹਰਿਆਂ ‘ਤੇ ਖੁਸ਼ੀ ਨਜ਼ਰ ਆਉਂਦੀ। ਦਿਨ ਬੀਤਦੇ ਦਾ ਪਤਾ ਹੀ ਨਾ ਲੱਗਦਾ। ਕਲਾਸਾਂ ਤੋਂ ਬਾਅਦ ਹੋਸਟਲ ਸਾਡਾ ਘਰ ਹੁੰਦਾ। ਪੜ੍ਹਾਈ ਤੋਂ ਵਿਹਲੇ ਹੋ ਖਾਣ ਪੀਣ ਹੁੰਦਾ। ਕੁੜੀਆਂ ਅਕਸਰ ਆਪੋ-ਆਪਣੇ ਘਰਾਂ, ਸਕੂਲਾਂ ਦੀਆਂ ਗੱਲਾਂ ਕਰਦੀਆਂ। ਹੋਰ ਰਾਜਾਂ ਤੋਂ ਪੜ੍ਹਨ ਆਈਆਂ ਕੁੜੀਆਂ ਦੀਆਂ ਗੱਲਾਂ ਦਿਲਚਸਪ ਹੁੰਦੀਆਂ।
ਖਾਲੀ ਪੀਰੀਅਡਾਂ ਵਿਚ ਕੰਟੀਨ ਤੇ ਕੁੜੀਆਂ ਜੁੜ ਬੈਠਦੀਆਂ। ਦਾਰਜੀਲਿੰਗ ਤੋਂ ਆਈ ਨਿਸ਼ਾ ਚਾਹ ਦੇ ਬਾਗ਼ਾਂ ਦੀਆਂ ਗੱਲਾਂ ਕਰਨ ਲਗਦੀ। ਚਾਹ ਦੇ ਨਿੱਕੇ ਹਰੇ ਭਰੇ ਖੇਤ। ਚਾਹ ਦੀਆਂ ਪੱਤੀਆਂ ਤੋੜਦੀਆਂ ਕਿਰਤੀ ਔਰਤਾਂ। ਖੇਤਾਂ ਤੋਂ ਫੈਕਟਰੀਆਂ ਤੱਕ ਜਾਂਦੀਆਂ ਪੱਤੀਆਂ। ਤਿਆਰ ਹੋ ਕੇ ਦੇਸ਼ ਦੁਨੀਆ ਤੱਕ ਪਹੁੰਚਦੀ। ਚਾਹ ਪੀਂਦਿਆਂ ਅਸੀਂ ਚਾਹ ਉਗਾਉਂਦੇ ਕਿਸਾਨਾਂ ਨੂੰ ਸਿਜਦਾ ਕਰਦੀਆਂ। ਹੋਸਟਲ ਉੱਪਰ ਖੜ੍ਹਿਆਂ ਨਜ਼ਰ ਆਉਂਦੇ ਪਹਾੜ ਆਪਣੇ ਵੱਲ ਬੁਲਾਉਂਦੇ ਪ੍ਰਤੀਤ ਹੁੰਦੇ।
ਸ਼ਾਮ ਨੂੰ ਰੋਟੀ ਪਾਣੀ ਤੋਂ ਮਗਰੋਂ ਸੋਲਨ ਤੋਂ ਆਈ ਨੰਦਨੀ ਪਹਾੜਾਂ ਦੇ ਜਿਊਣ ਦੀਆਂ ਗੱਲਾਂ ਕਰਨ ਲਗਦੀ। ਕੁਦਰਤ ਦੇ ਕਲਾਵੇ ਵਿਚ ਰਹਿੰਦੇ ਸਖ਼ਤ ਜਾਨ ਲੋਕ। ਸੁਭਾਅ ਵਿਚ ਮਿਹਨਤ ਤੇ ਮਿਲਵਰਤਨ। ਛੋਟੇ ਛੋਟੇ ਪਹਾੜੀ ਖੇਤਾਂ ਨੂੰ ਸਾਂਭਦੇ। ਇੱਕ ਦੂਸਰੇ ਦਾ ਹੱਥ ਵਟਾਉਂਦੇ। ਪਹਾੜਾਂ ਦੀ ਗੋਦ ਵਿਚ ਸੁਖ ਦੁਖ ਹੰਢਾਉਂਦੇ। ਪਹਾੜਾਂ ਦੀ ਚੜ੍ਹਾਈ ਉਤਰਾਈ ਤੋਂ ਸਬਕ ਲੈਂਦੇ। ਖੇਤਾਂ ਤੋਂ ਸੱਖਣੇ ਲੋਕ, ਮਿਹਨਤ ਮੁਸ਼ੱਕਤ ਨਾਲ ਜਿਊਣ ਦੇ ਆਹਰ ਵਿਚ ਜੁਟੇ ਰਹਿੰਦੇ। ਆਪਣੇ ਧੀਆਂ ਪੁੱਤਰਾਂ ਨੂੰ ਸਫਲ ਹੁੰਦੇ ਦੇਖਣ ਲਈ ਦਿਨ ਰਾਤ ਸਖ਼ਤ ਮਿਹਨਤ ਕਰਦੇ।
ਸਖੀਆਂ ਦੀਆਂ ਅਜਿਹੀਆਂ ਗੱਲਾਂ ਮੰਜਿ਼ਲ ਵੱਲ ਤੁਰਦੇ ਰਹਿਣ ਦਾ ਸਬਕ ਦਿੰਦੀਆਂ। ਨਵਾਂ ਸਿੱਖਦਿਆਂ, ਪੜ੍ਹਦਿਆਂ ਬੀਤਦੇ ਸਮੇਂ ਦਾ ਪਤਾ ਹੀ ਨਾ ਲੱਗਦਾ। ਹੋਸਟਲ ਵਿਚ ਨਾਲ ਦੇ ਕਮਰੇ ਵਾਲੀ ਸਹਿਪਾਠਣ ਬਹੁਤ ਘੱਟ ਬੋਲਦੀ। ਚੁੱਪ ਚਾਪ ਸੁਣਦੀ ਰਹਿੰਦੀ। ਸਾਰਾ ਧਿਆਨ ਪੜ੍ਹਨ ਲਿਖਣ ਵੱਲ ਦਿੰਦੀ। ਲਾਇਬ੍ਰੇਰੀ ਵੱਲ ਗੇੜਾ ਰੱਖਦੀ। ਕਾਲਜ ਦੀ ਲਾਇਬ੍ਰੇਰੀ ਕਦੇ ਕਦਾਈਂ ਖੁੱਲ੍ਹਦੀ। ਜਦ ਖੁੱਲ੍ਹਦੀ ਤਾਂ ਲਾਇਬ੍ਰੇਰੀਅਨ ਤੋਂ ਸੱਖਣੀ ਹੁੰਦੀ। ਉਹ ਕਲਪਦੀ, ਫਿ਼ਕਰਮੰਦ ਹੁੰਦੀ- ‘ਜੇਕਰ ਏਡੇ ਵੱਡੇ ਅਦਾਰਿਆਂ ਵਿਚ ਲਾਇਬ੍ਰੇਰੀਆਂ ਦਾ ਇਹ ਹਾਲ ਹੈ ਤਾਂ ਆਮ ਸਕੂਲਾਂ, ਕਾਲਜਾਂ ਵਿਚ ਕੀ ਹੁੰਦਾ ਹੋਊ!’ ਉਸ ਦੀ ਪੜ੍ਹਨ ਲਿਖਣ ਦੀ ਆਦਤ ਮੈਨੂੰ ਉਸ ਦੇ ਨੇੜੇ ਲੈ ਗਈ। ਇਹ ਸਾਂਝ ਉਸ ਦੀ ਹੱਡ ਬੀਤੀ ਜਾਣਨ ਦਾ ਸਬਬ ਬਣੀ।
ਇੱਕ ਸ਼ਾਮ ਉਸ ਨੇ ਮੇਰੇ ਕੋਲ ਦਿਲ ਦੀ ਗੱਲ ਖੋਲ੍ਹੀ… ਕੁੜੀਆਂ ਨਾਲ ਮਿਲ ਬੈਠਿਆਂ ਮੇਰੇ ਕੋਲ ਕਰਨ ਨੂੰ ਕੋਈ ਗੱਲ ਨਹੀਂ ਹੁੰਦੀ। ਸਾਡੇ ਕੋਲ ਨਾ ਕੋਈ ਖੇਤ ਆ, ਨਾ ਬਾਗ਼। ਮੈਂ ਕੋਈ ਬਹੁਤਾ ਘੁੰਮੀ ਫਿਰੀ ਵੀ ਨਹੀਂ। ਨਾ ਹੀ ਮੇਰੇ ਕੋਲ ਕੋਈ ਤਜਰਬਾ ਹੈ। ਸਰਕਾਰੀ ਸਕੂਲ ਵਿਚ ਪੜ੍ਹੀ ਹਾਂ। ਹੱਥੀਂ ਕੰਮ ਕਰ ਕੇ ਖਾਣ ਵਾਲੇ ਕਿਰਤੀ ਮਾਪਿਆਂ ਦੀ ਧੀ ਹਾਂ। ਰਾਜਧਾਨੀ ਦੇ ਏਸ ਕਾਲਜ ਵਿਚ ਪੜ੍ਹਨ ਆਉਣਾ ਮੇਰੇ ਜੀਵਨ ਦੀ ਵੱਡੀ ਘਟਨਾ ਹੈ। ਸਾਡੇ ਘਰ ਪਰਿਵਾਰ ਵਿਚੋਂ ਮੈਂ ਇਕੱਲੀ ਧੀ ਹਾਂ ਜਿਸ ਨੂੰ ਪੜ੍ਹ ਲਿਖ ਕੇ ਪੈਰਾਂ ਸਿਰ ਖੜੋਣ ਦਾ ਮੌਕਾ ਮਿਲਿਆ ਹੈ। ਇਹ ਮੇਰੇ ਸਕੂਲ ਦੇ ਉਚੇਰੀ ਸੋਚ ਵਾਲੇ ਅਧਿਆਪਕਾਂ ਸਦਕਾ ਸੰਭਵ ਹੋਇਆ ਹੈ ਜਿਨ੍ਹਾਂ ਔਖੇ ਵੇਲੇ ਸਾਡੀ ਬਾਂਹ ਫੜੀ। ਮੈਨੂੰ ਜਿਊਣ ਦਾ ਸੁਪਨਾ ਦਿੱਤਾ।
ਅੱਠਵੀਂ ਜਮਾਤ ਤੱਕ ਮੈਂ ਸਕੂਲ ਜਾਣੋਂ ਅਕਸਰ ਟਾਲਾ ਵੱਟਦੀ ਸਾਂ। ਨਾ ਮਨ ਵਿਚ ਕੋਈ ਚਾਅ ਸੀ ਨਾ ਉਮੰਗ। ਸਾਡੇ ਘਰਾਂ ਦਾ ਮਾਹੌਲ ਵੀ ਬਹੁਤਾ ਚੰਗਾ ਨਹੀਂ ਸੀ। ਡਰੇ, ਵਿਚਾਰੇ ਤੇ ਭਰਮ-ਭੁਲੇਖਿਆਂ ਵਿਚ ਫਸੇ ਮਾਪੇ ਤੇ ਆਂਢ-ਗੁਆਂਢ। ਘਰਾਂ ਦੀ ਹਾਲਤ ਸੁਧਾਰਨ ਲਈ ਵਹਿਮਾਂ-ਭਰਮਾਂ ਦਾ ਸਹਾਰਾ ਤੱਕਦੇ। ਹਰ ਪੁੰਨਿਆ, ਮੱਸਿਆ ਤੇ ਚੌਂਕੀਆਂ ਭਰਦੇ। ਮੈਨੂੰ ਅਚਾਨਕ ਦੌਰੇ ਪੈਣ ਲੱਗ ਪਏ। ਪਿੰਡ ਦੇ ਡਾਕਟਰ ਤੋਂ ਦੋ ਚਾਰ ਦਿਨ ਦਵਾਈ ਲਈ। ਨਾ ਆਰਾਮ ਆਇਆ ਤਾਂ ਸਿੱਧਾ ਡੇਰੇ ਨੂੰ ਰੁਖ਼ ਕੀਤਾ। ਕਈ ਮਹੀਨੇ ਰੁਲਦੇ ਰਹੇ। ਮੇਰੀ ਹਾਲਤ ਵਿਚ ਕੋਈ ਸੁਧਾਰ ਨਾ ਹੋਇਆ। ਡੇਰੇ ਦੇ ਸੇਵਾਦਾਰਾਂ ਦੇ ਕਹਿਣ ਮੇਰੇ ਮਾਪੇ ਮੈਨੂੰ ਉੱਥੇ ਇੱਕ ਸਾਲ ਲਈ ਛੱਡਣਾ ਮੰਨ ਗਏ। ਕਹਿੰਦੇ, ਨਾਲ ਇਲਾਜ ਹੋ ਜਾਊ, ਨਾਲੇ ਸੇਵਾ ਕਰਨ ਦਾ ਮੌਕਾ ਮਿਲੂ।
ਸਕੂਲੋਂ ਨਾਂ ਕਟਵਾਉਣ ਗਿਆਂ ਨੂੰ ਅਧਿਆਪਕਾਂ ਨੇ ਪੁੱਛ ਲਿਆ। ਉਨ੍ਹਾਂ ਮਾਪਿਆਂ ਨੂੰ ਸਮਝਾ ਬੁਝਾ ਕੇ ਮੈਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਪਹਿਲਾਂ ਮੇਰਾ ਡਾਕਟਰੀ ਇਲਾਜ ਕਰਵਾਇਆ। ਫਿਰ ਤਰਕਸ਼ੀਲਾਂ ਦੇ ਬਰਗਾੜੀ ਮਸ਼ਵਰਾ ਕੇਂਦਰ ‘ਤੇ ਲਿਜਾ ਕੇ ਭਰਮ ਭੁਲੇਖੇ ਦੂਰ ਕੀਤੇ। ਤਰਕਸ਼ੀਲਾਂ ਨੇ ਮੇਰੇ ਮਨ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਦੀ ਜਾਗ ਲਾਈ। ਮਹੀਨੇ ਭਰ ਵਿਚ ਮੈਂ ਬਿਲਕੁਲ ਠੀਕ ਹੋ ਗਈ। ਮੇਰੇ ਮਾਂ ਬਾਪ ਮੈਨੂੰ ਡੇਰੇ ਨਾ ਭੇਜਣ ਦੀ ਅਧਿਆਪਕਾਂ ਦੀ ਦਲੀਲ ਨਾਲ ਸਹਿਮਤ ਹੋ ਗਏ। ਅਧਿਆਪਕਾਂ ਦੀ ਪ੍ਰੇਰਨਾ ਨਾਲ ਮੈਂ ਪੜ੍ਹਾਈ ਵਿਚ ਮਿਹਨਤ ਕਰਨ ਲੱਗੀ। ਇਹ ਮੇਰਾ ‘ਨਵਾਂ ਜਨਮ’ ਸੀ। ਦਸਵੀਂ ਜਮਾਤ ਤੱਕ ਮੈਂ ਕਲਾਸ ਦੀਆਂ ਹੁਸਿ਼ਆਰ ਵਿਦਿਆਰਥਣਾਂ ਵਿਚ ਸ਼ਾਮਲ ਹੋ ਗਈ।
ਬਾਰ੍ਹਵੀਂ ਵਿਚੋਂ ਮੈਰਿਟ ਵਿਚ ਆ ਕੇ ਅਧਿਆਪਕਾਂ ਦੇ ਉੱਦਮ ਨਾਲ ਏਥੇ ਪੁੱਜੀ ਹਾਂ।
ਮਿਹਨਤ, ਲਗਨ ਤੇ ਸਫ਼ਲਤਾ ਮੇਰੀ ਜਿ਼ੰਦਗੀ ਦਾ ਆਦਰਸ਼ ਹੈ। ਮੇਰੇ ਸਕੂਲ ਦੇ ਅਧਿਆਪਕਾਂ ਨੇ ਮੈਨੂੰ ਇਹ ਸਬਕ ਦੇ ਕੇ ਏਥੇ ਪੜ੍ਹਨ ਭੇਜਿਆ, ‘ਵਿਹਲੇ ਸਮੇਂ ਪੁਸਤਕਾਂ ਨਾਲ ਸੰਵਾਦ। ਦਿਨ ਭਰ ਕੀਤੇ ਕੰਮਾਂ ਦਾ ਲੇਖਾ ਜੋਖਾ। ਬੇਧਿਆਨੀ ਤੇ ਲਾਪਰਵਾਹੀ ਤੋਂ ਦੂਰੀ, ਸਮੇਂ ਦੀ ਸੁਯੋਗ ਵਰਤੋਂ। ਬੇਲੋੜੀਆਂ ਗੱਲਾਂ ਤੇ ਆਦਤਾਂ ਦਾ ਤਿਆਗ। ਦਿਖਾਵੇ ਤੇ ਰਾਹੋਂ ਭਟਕਾਉਣ ਵਾਲੀ ਸੋਚ ਤੋਂ ਤੋਬਾ। ਰਾਤ ਨੂੰ ਦਿਨ ਭਰ ਕੀਤੇ ਕੰਮਾਂ ਦਾ ਲੇਖਾ ਜੋਖਾ’। ਆਪਣੀ ਮਿਹਨਤ ਦੇ ਬਲਬੂਤੇ ਮੈਂ ਆਪਣੇ ਸਕੂਲ, ਮਾਂ ਬਾਪ ਤੇ ਮਾਪੇ ਬਣੇ ਅਧਿਆਪਕਾਂ ਦੁਆਰਾ ਦਿੱਤਾ ਸਫਲ ਜੀਵਨ ਦਾ ਸੁਪਨਾ ਸਾਕਾਰ ਕਰਨਾ ਹੈ। ਉਸ ਦੀਆਂ ਅੱਖਾਂ ਵਿਚ ਅਨੂਠੀ ਚਮਕ ਸੀ ਤੇ ਚਿਹਰੇ ਤੇ ਸੰਤੁਸ਼ਟੀ ਦੇ ਭਾਵ। ਮੈਂ ਉਸ ਦੇ ‘ਨਵੇਂ ਜਨਮ’ ਵਿਚੋਂ ਚੰਗੇਰੇ ਭਵਿੱਖ ਦੀ ਝਲਕ ਦੇਖ ਰਹੀ ਸਾਂ।
ਸੰਪਰਕ: salamzindgi88@gmail.com