ਨਵਾਂਸ਼ਹਿਰ ਦਾ ਗੈਂਗਸਟਰ ਗੋਪਾ ਸਾਥੀਆਂ ਸਣੇ ਕਾਬੂ
ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਜੂਨ
ਸੀਆਈਏ ਸਟਾਫ ਮੋਗਾ ਨੇ ਨਵਾਂਸ਼ਹਿਰ ਦੇ ਗੈਂਗਸਟਰ ਗੋਪਾ ਸਣੇ 5 ਮੁਲਜ਼ਮਾਂ ਨੂੰ ਕਾਬੂ ਕਰ ਕੇ ਪੰਜ ਨਾਜਾਇਜ਼ ਪਿਸਤੌਲ, 12 ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਗੈਂਗਸਟਰ ਗੋਪਾ ਖ਼ਿਲਾਫ਼ ਵੱਖ-ਵੱਖ ਜ਼ਿਲ੍ਹਿਆਂ ’ਚ 17 ਕੇਸ ਦਰਜ ਹਨ। ਪ੍ਰੈੱਸ ਕਾਨਫਰੰਸ ਕਰ ਕੇ ਐੱਸਪੀ ਡਾ. ਬਾਲ ਕ੍ਰਿਸ਼ਨ ਸਿੰਗਲਾ, ਡੀਐੱਸਪੀ ਸੁਖਅੰਮ੍ਰਿਤ ਸਿੰਘ ਅਤੇ ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੁਲਵੰਤ ਸਿੰਘ ਉਰਫ਼ ਗੋਪਾ ਵਾਸੀ ਪਿੰਡ ਅਟਾਲ ਮਜਾਰਾ ਨਵਾਂਸ਼ਹਿਰ, ਰਾਮਜੋਤ ਸਿੰਘ ਉਰਫ਼ ਜੋਤ ਵਾਸੀ ਪਿੰਡ ਬੀੜ ਰਾਊਕੇ, ਪ੍ਰਦੀਪ ਸਿੰਘ ਵਾਸੀ ਪਿੰਡ ਲੰਢੇਕੇ, ਹਰਵਿੰਦਰ ਸਿੰਘ ਉਰਫ਼ ਹਿੰਦਾ ਵਾਸੀ ਪਿੰਡ ਸੈਦੋਕੇ, ਜਸਕਰਨ ਸਿੰਘ ਉਰਫ਼ ਰਾਜਾ ਵਾਸੀ ਪਿੰਡ ਮੱਲਕੇ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੁਲਵੰਤ ਸਿੰਘ ਉਰਫ਼ ਗੋਪਾ ਖ਼ਿਲਾਫ਼ ਪਹਿਲਾਂ ਨਵਾਂਸ਼ਹਿਰ, ਲੁਧਿਆਣਾ, ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹੇ ’ਚ 17 ਅਤੇ ਰਾਮਜੋਤ ਸਿੰਘ ਉਰਫ਼ ਜੋਤ ਖ਼ਿਲਾਫ਼ ਮੋਗਾ ਤੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ 5 ਕੇਸ ਦਰਜ ਹਨ। ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਕੋਲੋਂ 4 ਦੇਸੀ ਪਿਸਤੌਲ 32 ਬੋਰ, 1 ਦੇਸੀ ਕੱਟਾ, 12 ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਗਰੋਹ ਬਣਾਇਆ ਹੋਇਆ ਜੋ ਮੋਗਾ ਸਣੇ ਹੋਰ ਜ਼ਿਲ੍ਹਿਆਂ ’ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ। ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।