ਨਫ਼ਰਤੀ ਭਾਸ਼ਣ: ਵਿਧਾਇਕ ਅੱਬਾਸ ਅੰਸਾਰੀ ਨੂੰ ਦੋ ਸਾਲ ਦੀ ਕੈਦ
ਮਊ (ਉੱਤਰ ਪ੍ਰਦੇਸ਼), 31 ਮਈ
ਇੱਥੋਂ ਦੀ ਸਪੈਸ਼ਲ ਐੱਮਪੀ-ਐੱਮਐੱਲਏ ਅਦਾਲਤ ਨੇ 2022 ਦੇ ਨਫ਼ਰਤੀ ਭਾਸ਼ਣ ਸਬੰਧੀ ਕੇਸ ’ਚ ਮਊ ਸਦਰ ਹਲਕੇ ਤੋਂ ਵਿਧਾਇਕ ਅੱਬਾਸ ਅੰਸਾਰੀ ਨੂੰ ਦੋ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅੱਬਾਸ ਅੰਸਾਰੀ, ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦਾ ਬੇਟਾ ਹੈ। ਸਜ਼ਾ ਸੁਣਾਏ ਜਾਣ ਕਾਰਨ ਮਊ ਸਦਰ ਹਲਕੇ ਤੋਂ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐੱਸਬੀਐੱਸਪੀ) ਦੇ ਵਿਧਾਇਕ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਇਸਤਗਾਸਾ ਧਿਰ ਮੁਤਾਬਕ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਊ ਸਦਰ ਹਲਕੇ ਤੋਂ ਐੱਸਬੀਐੱਸਪੀ ਉਮੀਦਵਾਰ ਵਜੋਂ ਅੱਬਾਸ ਅੰਸਾਰੀ ਨੇ 3 ਮਾਰਚ 2022 ਨੂੰ ਪਹਾੜਪੁਰ ਮੈਦਾਨ ’ਚ ਰੈਲੀ ਦੌਰਾਨ ਮਊ ਪ੍ਰਸ਼ਾਸਨ ਨੂੰ ਚੋਣ ਮਗਰੋਂ ‘ਹਿਸਾਬ-ਕਿਤਾਬ ਕਰਨ ਤੇ ਸਬਕ ਸਿਖਾਉਣ’ ਦੀ ਧਮਕੀ ਦਿੱਤੀ ਸੀ।
ਬਚਾਅ ਧਿਰ ਦੀ ਵਕੀਲ ਨੇ ਕਿਹਾ ਕਿ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅੱਜ ਅੱਬਾਸ ਅੰਸਾਰੀ ਨੂੰ ਦੋਸ਼ੀ ਠਹਿਰਾਇਆ ਤੇ ਧਾਰਾ 189 ਤੇ 153ਏ ਤਹਿਤ ਦੋ-ਦੋ ਸਾਲ, ਧਾਰਾ 506 ਤਹਿਤ ਇੱਕ ਸਾਲ ਤੇ ਧਾਰਾ 171ਐੱਫ ਤਹਿਤ ਛੇ ਮਹੀਨੇ ਦੀ ਸਜ਼ਾ ਸੁਣਾਈ। ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਅੰਸਾਰੀ ਨੂੰ ਦੋ ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਦਾਲਤ ਦੇ ਇਸ ਹੁਕਮ ਨੂੰ ਸੈਸ਼ਨ ਅਦਾਲਤ ’ਚ ਚੁਣੌਤੀ ਦਿੱਤੀ ਜਾਵੇਗੀ। ਫਿਲਹਾਲ ਅੱਬਾਸ ਅੰਸਾਰੀ ਨੂੰ ਜ਼ਮਾਨਤ ਮਿਲ ਗਈ ਹੈ। ਵਕੀਲ ਮੁਤਾਬਕ ਇਸ ਮਾਮਲੇ ’ਚ ਅੱਬਾਸ ਅੰਸਾਰੀ ਦੇ ਸਾਥੀ ਮਨਸੂਰ ਅੰਸਾਰੀ ਨੂੰ ਵੀ ਛੇ ਮਹੀਨੇ ਸਜ਼ਾ ਸੁਣਾਈ ਗਈ ਹੈ ਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ। -ਪੀਟੀਆਈ