ਨਤੀਜੇ ਦਾ ਡਰ
ਜਦੋਂ ਅਸੀਂ ਸਕੂਲ ਪੜ੍ਹਦੇ ਸੀ, ਨਤੀਜਾ 31 ਮਾਰਚ ਨੂੰ ਨਿਕਲਦਾ ਹੁੰਦਾ ਸੀ। ਹੁਣ ਤਾਂ ਕੋਈ ਪੱਕੀ ਤਰੀਕ ਨਹੀਂ ਹੁੰਦੀ। ਨਾਲੇ ਹੁਣ ਤਾਂ ਕੋਈ ਫੇਲ੍ਹ ਵੀ ਨਹੀਂ ਕਰਦਾ। ਇਹ ਜਿਹੜੀ 43-44 ਸਾਲ ਪਹਿਲਾਂ ਦੀ ਕਹਾਣੀ ਹੈ, ਉਸ ਸਮੇਂ ਤਾਂ ਮਾਸਟਰ ਨਿਆਣਿਆਂ ਨੂੰ ਫੇਲ੍ਹ ਕਰਨ ਦਾ ਪੂਰਾ ਝਰਨਾ ਲਾਉਂਦੇ ਸੀ।
31 ਮਾਰਚ ਹੋਣਾ ਤਾਂ ਦਿਲ ਧੜਕਣ ਲੱਗ ਜਾਣਾ ਕਿ ਪਤਾ ਨਹੀਂ ਕੀ ਬਣੂ! ਨਤੀਜੇ ਤੋਂ ਕਈ ਦਿਨ ਪਹਿਲਾਂ ਪੇਪਰ ਮੁੱਕ ਜਾਣੇ ਤੇ ਘਰਦਿਆਂ ਨੇ ਪੂਰਾ ਲਾਹਾ ਲੈਣਾ, ਖਾਸ ਕਰ ਕੇ ਪਸ਼ੂਆਂ ਲਈ ਬਰਸੀਨ ਵਢਾਣੀ। ਬਰਸੀਨ ਵਿੱਚ ਇੱਕ ਭੂੰਡੀ ਹੁੰਦੀ ਸੀ, ਹੁਣ ਵੀ ਹੁੰਦੀ ਹੈ... ਰੰਗ-ਬਰੰਗੀ। ਇਹ ਭੂੰਡੀ ਫੜ ਕੇ ਹਥੇਲੀ ਉੱਤੇ ਬਿਠਾ ਕੇ ਕਹਿਣਾ- ਦੱਸ ਫੇਲ੍ਹ ਕਿ ਪਾਸ? ਭੂੰਡੀ ਨੇ ਤਾਂ ਉੱਡਣਾ ਹੀ ਹੁੰਦਾ ਸੀ; ਜੇ ਭੂੰਡੀ ਉਡ ਜਾਣੀ ਤਾਂ ਮੰਨ ਲੈਣਾ ਕਿ ਪਾਸ! ਕਈ ਵਾਰ ਭੂੰਡੀ ਫੜਦੇ ਸਮੇਂ ਉਹ ਉਂਝ ਹੀ ਅੱਧ ਮਰੀ ਜਿਹੀ ਹੋ ਜਾਂਦੀ, ਫਿਰ ਵਿੱਚਾਰੀ ਕੋਲੋਂ ਉਡਿਆ ਨਾ ਜਾਣਾ, ਫਿਰ ਇਵੇਂ ਲੱਗਣਾ ਕਿ ਕਿਧਰੇ ਫੇਲ੍ਹ ਹੀ ਨਾ ਹੋ ਜਾਈਏ! ਦੁਬਾਰਾ ਕੋਈ ਹੋਰ ਭੂੰਡੀ ਫੜਨੀ, ਉਹਨੇ ਉਡ ਜਾਣਾ ਤਾਂ ਖੁਸ਼ ਹੋ ਜਾਣਾ।
ਸਾਡੇ ਪਿੰਡ ਚਿੱਲੇ ਦੇ ਸਾਰੇ ਨਿਆਣੇ ਪਿੰਡ ਵਾਲੇ ਖੇੜੇ ’ਤੇ ਪਤਾਸੇ ਵੀ ਸੁੱਖ ਲੈਂਦੇ- ‘ਜੇ ਪਾਸ ਹੋ ਗਏ ਤਾਂ ਪੰਜ ਰੁਪਏ ਦੇ ਪਤਾਸੇ ਵੰਡਾਂਗੇ।’ ਨਤੀਜੇ ਤੋਂ ਬਾਅਦ ਜਿਹੜਾ ਵੀ ਐਤਵਾਰ ਆਉਂਦਾ, ਡੇਢ ਕਿਲੋਮੀਟਰ ਤੁਰ ਕੇ ਮਨੌਲੀ ਜਾਣਾ ਪਤਾਸੇ ਲੈਣ, ਫਿਰ ਸ਼ਾਮ ਨੂੰ ਖੇੜੇ ਉੱਤੇ ਜਾ ਕੇ ਦੀਵਾ ਬਾਲਣਾ, ਨਾਲੇ ਉੱਥੇ ਬੈਠੇ ਲੋਕਾਂ ਨੂੰ ਪਤਾਸੇ ਵੰਡਣੇ। ਘਰ ਮੁੜਦਿਆਂ ਸਾਰੇ ਰਾਹ ਜਿਹੜਾ ਵੀ ਮਿਲਦਾ, ਉਹਨੂੰ ਵੀ ਪਤਾਸੇ ਵੰਡਣੇ। ਫਿਰ ਘਰ ਆ ਕੇ ਸਾਰਿਆਂ ਨੂੰ ਵੰਡਣੇ।
ਮੈਨੂੰ ਨੌਵੀਂ ਜਮਾਤ ਵਾਲਾ ਨਤੀਜਾ ਭੁੱਲਦਾ ਨਹੀਂ। ਸਰਕਾਰੀ ਹਾਈ ਸਕੂਲ ਮਨੌਲੀ ਵਿੱਚ ਪੜ੍ਹਦਾ ਸੀ, ਹੁਣ ਤਾਂ ਇਹ ਸਕੂਲ ਸੀਨੀਅਰ ਸੈਕੰਡਰੀ ਬਣ ਗਿਆ। 1981 ਦਾ ਸਾਲ ਸੀ, ਮੈਂ ਨਕਲ ਮਾਰਨ ਤੋਂ ਬਹੁਤ ਡਰਦਾ ਸੀ; ਭਾਵੇਂ ਕਦੀ ਨਕਲ ਨਹੀਂ ਸੀ ਮਾਰੀ ਤੇ ਨਾ ਕਦੀ ਪਰਚੀ ਲੈ ਕੇ ਗਿਆ ਸਾਂ। ਸਮਾਜਿਕ ਸਿੱਖਿਆ ਦਾ ਪੇਪਰ ਸੀ, ਇਹੀ ਵਿਸ਼ਾ ਪੜ੍ਹਾਉਣ ਵਾਲੇ ਮਾਸਟਰ ਸਾਧੂ ਸਿੰਘ ਪੇਪਰ ਲੈ ਰਹੇ ਸੀ। ਉਦੋਂ ਹੇਠਾਂ ਫਰਸ਼ ਉੱਤੇ ਬੈਠ ਕੇ ਹੀ ਪੇਪਰ ਹੁੰਦੇ ਸਨ। ਹੁਣ ਵਾਂਗ ਬੈਂਚ ਨਹੀਂ ਸੀ। ਪਤਾ ਨਹੀਂ ਕਦੋਂ ਕਿਸੀ ਨੇ ਮੇਰੇ ਨੇੜੇ ਕੋਈ ਪਰਚੀ ਸੁੱਟ ਦਿੱਤੀ। ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਪਰ ਮਾਸਟਰ ਜੀ ਦੀ ਨਿਗ੍ਹਾ ਪੈ ਗਈ। ਉਨ੍ਹਾਂ ਪਰਚੀ ਚੁੱਕੀ ਤੇ ਮੈਨੂੰ ਖੜ੍ਹਾ ਲਿਆ, ਮੇਰਾ ਪਰਚਾ ਖੋਹ ਲਿਆ। ਬਥੇਰਾ ਕਿਹਾ ਕਿ ਨਾ ਮੇਰੀ ਪਰਚੀ ਹੈ ਤੇ ਨਾ ਨਕਲ ਮਾਰੀ ਪਰ ਮਾਸਟਰ ਜੀ ਮੰਨੇ ਨਹੀਂ। ਉਨ੍ਹਾਂ ਪੇਪਰ ਦੇ ਮੂਹਰਲੇ ਪੰਨੇ ਉੱਤੇ ਸੱਜੇ ਪਾਸੇ ਲਿਖ ਦਿੱਤਾ ਕਿ ਇਸ ਦੇ ਦਸ ਨੰਬਰ ਕੱਟੇ ਜਾਣਗੇ।
ਪੇਪਰ ਮੈਨੂੰ ਦੁਬਾਰਾ ਫੜਾ ਦਿੱਤਾ ਗਿਆ। ਫਟਾਫਟ ਦੁਬਾਰਾ ਪੇਪਰ ਕਰਨ ਲੱਗ ਪਿਆ। ਪਤਾ ਨਹੀਂ ਦਿਮਾਗ ਵਿੱਚ ਕੀ ਆਇਆ... ਜਿੱਥੇ ਮਾਸਟਰ ਜੀ ਨੇ ਨੰਬਰ ਕੱਟਣ ਬਾਰੇ ਲਿਖਿਆ ਸੀ, ਉੱਥੇ ਪੈੱਨ ਵਿੱਚੋਂ ਸਿਆਹੀ ਸੁੱਟ ਦਿੱਤੀ। ਉਦੋਂ ਸਿਆਹੀ ਵਾਲੇ ਪੈੱਨ ਹੁੰਦੇ ਸਨ। ਪੇਪਰਾਂ ਵਿੱਚ ਸਿਆਹੀ ਵਾਲੀ ਦਵਾਤ ਨਾਲ ਲੈ ਕੇ ਜਾਂਦੇ ਹੁੰਦੇ ਸੀ।
ਖ਼ੈਰ! ਪੇਪਰ ਖ਼ਤਮ ਹੋ ਗਏ ਪਰ ਡਰ ਵੱਢ-ਵੱਢ ਖਾਈ ਜਾਵੇ ਕਿ ਮਾਸਟਰ ਜੀ ਨੇ ਮੈਨੂੰ ਫੇਲ੍ਹ ਕਰਾ ਦੇਣਾ ਹੈ। ਮੇਰਾ ਚਾਚਾ ਮੇਵਾ ਸਿੰਘ ਗਿੱਲ ਸਿੱਖਿਆ ਬੋਰਡ ਵਿੱਚ ਸੁਪਰਡੈਂਟ ਲੱਗਿਆ ਹੋਇਆ ਸੀ। ਪਿੰਡ ਦੇ ਕਈ ਨਿਆਣਿਆਂ ਦੇ ਮਾਪੇ ਉਨ੍ਹਾਂ ਕੋਲ ਆਪਣੇ ਬੱਚਿਆਂ ਨੂੰ ਪਾਸ ਕਰਾਉਣ ਦੀ ਸਿਫ਼ਾਰਸ਼ ਲਗਵਾਉਣ ਆਉਂਦੇ ਸੀ। ਚਾਚੇ ਦੀ ਗੱਲ ਮਨੌਲੀ ਸਕੂਲ ਵਾਲੇ ਵੀ ਮੰਨਦੇ ਸੀ। ਮੇਰਾ ਦਿਲ ਕਰੇ, ਚਾਚੇ ਨੂੰ ਸਾਰੀ ਗੱਲ ਦੱਸਾਂ ਪਰ ਫਿਰ ਡਰ ਜਾਇਆ ਕਰਾਂ ਕਿ ਚਾਚੇ ਨੇ ਮੈਨੂੰ ਹੀ ਝਿੜਕਣਾ...।
ਇਸੇ ਉਧੇੜ-ਬੁਣ ਵਿੱਚ 31 ਮਾਰਚ ਆ ਗਿਆ। ਇਹ ਪਹਿਲਾ ਨਤੀਜਾ ਸੀ, ਜਦ ਮੈਨੂੰ ਸਕੂਲ ਜਾਣ ਤੋਂ ਡਰ ਲੱਗ ਰਿਹਾ ਸੀ। ਬਾਪੂ ਤਾਂ ਪੜ੍ਹਾਈ ਬਾਰੇ ਕਦੀ ਬਹੁਤਾ ਪੁੱਛਦਾ ਨਹੀਂ ਸੀ, ਉਹ ਤਾਂ ਬੱਸ ਸਵੇਰੀਉਂ ਟਰੈਕਟਰ ਲੈ ਕੇ ਖੇਤਾਂ ਵਿੱਚ ਨਿਕਲ ਜਾਂਦਾ, ਰਾਤ ਨੂੰ ਵਾਪਿਸ ਆਉਂਦਾ। ਮਾਂ ਉਦੋਂ ਬਹੁਤ ਬਿਮਾਰ ਰਹਿੰਦੀ ਸੀ। ਉਂਝ, ਸਾਡੇ ਸਾਰੇ ਭੈਣ ਭਾਈਆਂ ਦੀ ਪੜ੍ਹਾਈ ਦਾ ਪੂਰਾ ਖਿਆਲ ਰੱਖਦੀ ਸੀ।... 31 ਮਾਰਚ ਨੂੰ ਕਾਫ਼ੀ ਦਿਨ ਚੜ੍ਹੇ ਤੱਕ ਮੈਂ ਮੰਜੇ ਤੋਂ ਹੀ ਨਾ ਉੱਠਿਆ, ਉੱਪਰੋਂ ਮਾਂ ਹਾਕਾਂ ਮਾਰੀ ਜਾਵੇ। ਮੈਂ ਕਿਹਾ- “ਮੈਨੂੰ ਤਾਂ ਬੁਖ਼ਾਰ ਲੱਗ ਰਿਹਾ।” ਮਾਂ ਨੇ ਬਾਂਹ ਫੜ ਕੇ ਕਿਹਾ- “ਠੰਢੀ ਪਈ... ਬਖਾਰ ਨੀ ਹੈ...ਤੌਂ ਨਾਅ ਕੈ ਤਿਆਰ ਹੋ ਕੈ ਸਕੂਲ ਮਾ ਜਾਹ...।” ਮੇਰੀ ਅੜੀ ਤੋਂ ਮਾਂ ਸਮਝ ਗਈ- ਕੋਈ ਨਾ ਕੋਈ ਚੱਕਰ ਐ... ਜਿਹੜਾ ਇਹ ਨਤੀਜੇ ਤੋਂ ਡਰ ਰਿਹਾ।
ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਮਾਂ ਨੇ ਹੌਸਲਾ ਦਿੱਤਾ; ਕਹਿੰਦੀ, “ਜੇ ਤੌਂ ਸੱਚਾ ਐਂ, ਹਰ ਤੈਂ ਨਕਲ ਮਾਰੀ ਓ ਨੀ, ਤਾਂ ਮਾਸਟਰ ਨੂੰ ਪੇਪਰ ਪੜ੍ਹ ਕੈ ਪਤਾ ਲੱਗ ਜਾਣਾ... ਡਰ ਨਾ...।” ਪਰ ਮੈਂ ਨਤੀਜਾ ਸੁਣਨ ਨਾ ਗਿਆ। ਨਾਲ ਪੜ੍ਹਦੇ ਪਿੰਡ ਦੇ ਇੱਕ ਮੁੰਡੇ ਨੂੰ ਕਹਿ ਆਇਆ- “ਮੇਰਾ ਨਤੀਜਾ ਵੀ ਸੁਣ ਆਵੀਂ।” ਦੁਪਹਿਰ ਤੱਕ ਮੇਰੀ ਹਾਲਤ ਬਹੁਤ ਬੁਰੀ ਰਹੀ... ਸੜਕ ਉੱਤੇ ਖੜ੍ਹ ਕੇ ਸਕੂਲ ਤੋਂ ਆ ਰਹੇ ਬੱਚਿਆਂ ਨੂੰ ਉਡੀਕੀ ਗਿਆ... ਅਖ਼ੀਰ ਉਸ ਮੁੰਡੇ ਨੇ ਆ ਕੇ ਦੱਸਿਆ ਕਿ ਪਾਸ ਹਾਂ। ਯਕੀਨ ਹੀ ਨਾ ਆਵੇ। ਉਸ ਵਿਚਾਰੇ ਨੂੰ ਕਈ ਸਹੁੰਆਂ ਖੁਆਈਆਂ...ਤਾਂ ਕਿਤੇ ਯਕੀਨ ਹੋਇਆ।
ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਦੌੜ ਕੇ ਘਰ ਸਭ ਤੋਂ ਪਹਿਲਾਂ ਮਾਂ ਨੂੰ ਦੱਸਿਆ। ਉਹਨੇ ਗਠੀਏ ਦੀ ਬਿਮਾਰੀ ਕਰ ਕੇ ਵਿੰਗੇ ਹੋਏ ਹੱਥਾਂ ਨਾਲ ਜੱਫੀ ਪਾ ਲਈ ਤੇ ਕਿੰਨੀ ਦੇਰ ਘੁੱਟੀ ਰੱਖਿਆ। ਦੂਜੇ ਤੀਜੇ ਦਿਨ ਐਤਵਾਰ ਸੀ। ਪਹਿਲਾਂ ਕਦੇ ਖੇੜੇ ਸੁੱਖ ਨਹੀਂ ਸੁੱਖੀ ਸੀ, ਐਤਕੀਂ ਡਰਦਾ ਸੁੱਖ ਬੈਠਿਆ। ਜਦ ਬਾਪੂ ਤੋਂ 10 ਰੁਪਈਏ ਮੰਗੇ, ਉਹ ਗਲ ਪੈ ਗਿਆ; ਅਖੇ, “ਬਹੁਤ ਡੀਸੀ ਬਣਿਆ... ਨੌਵੀਂ ਮਾ ਤੇ ਪਾਸ ਈ ਹੋਇਆਂ...ਪੰਜ ਰੁਪਈਏ ਕੇ ਪਤਾਸੇ ਲਿਆ ਕੈ ਵੰਡ ਆਈਂ।” ਲੱਗਿਆ... ਮੈਨੂੰ ਪਾਪ ਲਗੂ... ਫਿਰ ਖਾਸੀਆਂ ਮਿੰਨਤਾਂ ਕਰ ਕੇ ਪੰਜ ਰੁਪਏ ਬਾਬੇ ਤੋਂ ਲਏ।
ਬਾਅਦ ਵਿੱਚ ਦਸਵੀਂ ਕਲਾਸ ਵਿੱਚ ਸਕੂਲ ਗਏ ਨੂੰ ਸਮਾਜਿਕ ਵਾਲੇ ਮਾਸਟਰ ਜੀ ਨੇ ਦੱਸਿਆ ਸੀ ਕਿ ਮੇਰਾ ਕੋਈ ਨੰਬਰ ਨਹੀਂ ਕੱਟਿਆ ਸੀ, ਸਿਆਹੀ ਨਾਲ ਮੇਟੇ ਸ਼ਬਦ ਪੜ੍ਹ ਕੇ ਅਤੇ ਪੇਪਰ ਦੇਖ ਕੇ ਯਕੀਨ ਹੋ ਗਿਆ ਸੀ ਕਿ ਮੈਂ ਸੱਚਾ ਸੀ।
ਬਾਅਦ ਵਿੱਚ ਮੈਂ ਭਾਵੇਂ ਤਿੰਨ ਵਿਸ਼ਿਆਂ ਦੀ ਐੱਮਏ ਕੀਤੀ; ਪੱਤਰਕਾਰੀ ਦੀ ਪੋਸਟ-ਗ੍ਰੈਜੂਏਸ਼ਨ ਵੇਲੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਵੀ ਹਾਸਿਲ ਕੀਤਾ ਪਰ ਨੌਵੀਂ ਜਮਾਤ ਦਾ ਨਤੀਜਾ ਚੇਤਿਆਂ ਵਿੱਚ ਵਸਿਆ ਹੋਇਆ ਹੈ। ਰੋਜ਼ ਸਵੇਰੇ ਸ਼ਾਮ ਮਨੌਲੀ ਸਕੂਲ ਅੱਗਿਉਂ ਲੰਘਦਾ ਹਾਂ (ਮੇਰੇ ਦੋਵੇਂ ਬੱਚੇ ਵੀ ਇਸੇ ਸਕੂਲ ਵਿੱਚ ਪੜ੍ਹੇ) ਤਾਂ 31 ਮਾਰਚ 1981 ਵਾਲਾ ਦਿਨ ਦਿਮਾਗ ਵਿੱਚ ਘੁੰਮਣ ਲੱਗ ਪੈਂਦਾ ਹੈ।
ਸੰਪਰਕ: 98155-23166