ਨਗਰ ਪੰਚਾਇਤ ਸ਼ਾਹਕੋਟ ਦੇ ਸਫ਼ਾਈ ਸੇਵਕਾਂ ਵੱਲੋਂ ਹੜਤਾਲ
ਗੁਰਮੀਤ ਖੋਸਲਾ
ਸ਼ਾਹਕੋਟ, 19 ਮਈ
ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਦਿੱਤੇ ਸੱਦੇ ’ਤੇ ਨਗਰ ਪੰਚਾਇਤ ਸ਼ਾਹਕੋਟ ਦੇ ਸਫਾਈ ਸੇਵਕਾਂ ਨੇ ਅੱਜ ਹੜਤਾਲ ਕਰ ਕੇ ਕਸਬੇ ਦੀ ਸਫਾਈ ਦਾ ਕੰਮ ਠੱਪ ਕਰ ਦਿੱਤਾ। ਇਸ ਸਮੇਂ 70-80 ਦੇ ਕਰੀਬ ਸਫਾਈ ਸੇਵਕ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ 9 ਸਫਾਈ ਸੇਵਕ ਰੈਗੂਲਰ, ਕਰੀਬ 16 ਡੀਸੀ ਰੇਟ ’ਤੇ ਅਤੇ ਕਰੀਬ 45 ਠੇਕੇਦਾਰੀ ਸਿਟਮ ਅਧੀਨ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਦੇ ਕੰਮ ਦੀ ਨਿਗਰਾਨੀ ਕਰਨ ਲਈ ਸਾਬਕਾ ਫੌਜੀਆਂ ਨੂੰ ਲਗਾਏ ਜਾਣ ਕਾਰਨ ਇਨ੍ਹਾਂ ਵਿੱਚ ਰੋਸ ਹੈ।
ਹੜਤਾਲ ਦੌਰਾਨ ਸਫਾਈ ਸੇਵਕਾਂ ਵੱਲੋਂ ਨਗਰ ਪੰਚਾਇਤ ਦੇ ਦਫਤਰ ਵਿੱਚ ਲਗਾਏ ਧਰਨੇ ਨੂੰ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਸ਼ਾਹਕੋਟ ਦੇ ਪ੍ਰਧਾਨ ਲਛਮਣ, ਸਕੱਤਰ ਰਾਹੁਲ ਕੁਮਾਰ, ਵਿੱਤ ਸਕੱਤਰ ਸੁਨੀਲ ਕੁਮਾਰ ਅਤੇ ਅਜੇ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਜੋਖਮ ਭਰੇ ਕੰਮ ਨੂੰ ਅਣਗੌਲਦਿਆਂ ਸਰਕਾਰ ਨੇ ਉਨ੍ਹਾਂ ਦੇ ਕੰਮ ਦੀ ਨਿਗਰਾਨੀ ਲਈ ਸਾਬਕਾ ਫੌਜੀਆਂ ਨੂੰ ਸੁਪਰਵਾਈਜ਼ਰ ਨਿਯੁਕਤ ਕਰ ਕੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਵੀ ਸੱਟ ਮਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਕੰਮ ਦੀ ਨਿਗਰਾਨੀ ਲਈ ਲਗਾਏ ਸੁਪਰਵਾਈਜ਼ਰ ਸਾਬਕਾ ਫੌਜੀ ਹਟਾਏ ਜਾਣ, ਉਨ੍ਹਾਂ ਵਿੱਚੋਂ ਹੀ ਸੁਪਵਾਈਜ਼ਰ ਲਗਾਏ ਜਾਣ, ਠੇਕੇਦਾਰੀ ਸਿਟਮ ਬੰਦ ਕੀਤਾ ਜਾਵੇ, ਸਾਰੇ ਸਫਾਈ ਸੇਵਕਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ।