ਨਗਰ ਨਿਗਮ ਵੱਲੋਂ ਸ਼ਹਿਰ ਦੇ 12 ਹੋਟਲ ਸੀਲ
ਪਾਰਕਿੰਗ ਦੀ ਉਲੰਘਣਾ ਕਰਨ ਵਾਲੇ ਹੋਟਲਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖਦਿਆਂ ਅੱਜ ਦੂਜੇ ਦਿਨ ਵੀ ਨਗਰ ਨਿਗਮ ਦੀਆਂ ਟੀਮਾਂ ਨੇ ਜਵਾਹਰ ਨਗਰ ਕੈਂਪ (ਬੱਸ ਸਟੈਂਡ ਨੇੜੇ) ਤੇ ਘੰਟਾ ਘਰ ਨੇੜਲੇ ਇਲਾਕਿਆਂ ਵਿੱਚ 12 ਹੋਟਲ ਸੀਲ ਕੀਤੇ ਹਨ। ਇਨ੍ਹਾਂ ਵਿੱਚੋਂ 9 ਹੋਟਲ ਜਵਾਹਰ ਨਗਰ ਕੈਂਪ ਇਲਾਕੇ (ਬੱਸ ਸਟੈਂਡ ਦੇ ਨੇੜੇ) ਵਿੱਚ ਸਥਿਤ ਹਨ, ਜੋ ਨਗਰ ਨਿਗਮ ਦੇ ਜ਼ੋਨ-ਡੀ ਅਧੀਨ ਆਉਂਦੇ ਹਨ। ਇਨ੍ਹਾਂ ਵਿੱਚ ਹੋਟਲ ਮਾਲਵਾ, ਹੋਟਲ ਡਾਇਮੰਡ ਨਾਮ ਦੇ ਦੋ ਹੋਟਲ ਅਤੇ ਹੋਟਲ ਅਰਮਾਨ ਨਾਮ ਦੇ ਦੋ ਹੋਟਲ, ਹੋਟਲ ਪਾਮ ਇਨ, ਹੋਟਲ ਤਾਨੀਆ ਪੈਲੇਸ, ਹੋਟਲ ਸਿਡਾਨਾ ਅਤੇ ਹੋਟਲ ਇੰਡੀਅਨ ਸ਼ਾਮਲ ਹਨ।
ਇਸ ਤੋਂ ਇਲਾਵਾ ਘੰਟਾ ਘਰ ਦੇ ਨੇੜਲੇ ਇਲਾਕਿਆਂ ਵਿੱਚ ਜਿਨ੍ਹਾਂ ਤਿੰਨ ਹੋਟਲਾਂ ਨੂੰ ਸੀਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹੋਟਲ ਪੁਨੀਤ, ਹੋਟਲ ਸਿਟੀਜਨ ਅਤੇ ਹੋਟਲ ਹਾਲਮਾਰਕ ਸ਼ਾਮਲ ਹਨ। ਇਹ ਹੋਟਲ ਨਗਰ ਨਿਗਮ ਦੇ ਜ਼ੋਨ-ਏ ਅਧੀਨ ਆਉਂਦੇ ਹਨ। ਨਗਰ ਨਿਗਮ ਜ਼ੋਨ-ਏ ਤੇ ਡੀ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਿਛਲੇ ਸਮੇਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਨਿਰਦੇਸ਼ਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਦੀ ਉਲੰਘਣਾ ਵਾਲੇ ਹੋਟਲਾਂ ਵਿਰੁੱਧ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬਿਲਡਿੰਗ ਬ੍ਰਾਂਚ ਨੇ ਨਗਰ ਨਿਗਮ ਜ਼ੋਨ-ਡੀ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ’ਚ ਸਥਿਤ ਅੱਠ ਹੋਟਲ ਸੀਲ ਕੀਤੇ ਸਨ। ਇਸ ਤਰ੍ਹਾਂ ਪਿਛਲੇ ਦੋ ਦਿਨਾਂ ਨਿਗਮ ਕੁਲ 20 ਹੋਟਲ ਸੀਲ ਕਰ ਚੁੱਕਿਆ ਹੈ।