ਨਗਰ ਨਿਗਮ ਵੱਲੋਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 10 ਜਨਵਰੀ
ਇਥੇ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਹੁਕਮਾਂ ’ਤੇ ਐੱਮਟੀਪੀ ਵਿਭਾਗ ਨੇ ਨਾਜਾਇਜ਼ ਤੌਰ ’ਤੇ ਉਸਾਰੀਆਂ ਇਮਾਰਤਾਂ ਵਿਰੁੱਧ ਕਾਰਵਾਈ ਕੀਤੀ ਹੈ। ਅੱਜ ਸੈਂਟਰਲ ਜ਼ੋਨ ਦੇ ਐੱਮਟੀਪੀ ਨਰਿੰਦਰ ਸ਼ਰਮਾ, ਐੱਮਟੀਪੀ ਮੇਹਰਬਾਨ ਸਿੰਘ, ਏਟੀਪੀ ਵਰਿੰਦਰ ਮੋਹਨ, ਬਿਲਡਿੰਗ ਇੰਸਪੈਕਟਰ ਨਵਜੋਤ ਕੌਰ ਅਤੇ ਫੀਲਡ ਸਟਾਫ ਦੀ ਮਿਊਂਸਿਪਲ ਪੁਲੀਸ ਨੇ 10 ਇਮਾਰਤਾਂ ਨੂੰ ਸੀਲ ਕਰ ਦਿੱਤਾ ਅਤੇ ਕੁਝ ਇਮਾਰਤਾਂ ਨੂੰ ਢਾਹ ਵੀ ਦਿੱਤਾ ਗਿਆ। ਇਹ ਕਾਰਵਾਈ ਬਾਗ ਰਾਮਾਨੰਦ, ਲੱਕੜ ਮੰਡੀ ਅਤੇ ਕਟੜਾ ਆਹਲੂਵਾਲੀਆ ਖੇਤਰਾਂ ਵਿੱਚ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੇ ਇਨ੍ਹਾਂ ਇਲਾਕਿਆਂ ਵਿੱਚ ਗੈਰ-ਕਾਨੂੰਨੀ ਤੌਰ ’ਤੇ ਹੋਟਲ ਬਣਾ ਰਹੇ ਸਨ। ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਗੈਰ-ਕਾਨੂੰਨੀ ਇਮਾਰਤਾਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਐੱਮਟੀਪੀ ਵਿਭਾਗ ਵੱਲੋਂ 2 ਦਿਨਾਂ ਵਿੱਚ 29 ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਲ ਕੀਤੀਆਂ ਜਾਣ ਵਾਲੀਆਂ ਇਮਾਰਤਾਂ ’ਤੇ ਨੋਟਿਸ ਵੀ ਚਿਪਕਾਏ ਜਾ ਰਹੇ ਹਨ। ਨਿਗਮ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਗੈਰ-ਕਾਨੂੰਨੀ ਇਮਾਰਤਾਂ ਵਿਰੁੱਧ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ, ਉਸ ਲਈ ਨਿਗਮ ਵੱਲੋਂ ਜੋ ਵੀ ਖਰਚਾ ਕੀਤਾ ਜਾ ਰਿਹਾ ਹੈ, ਉਹ ਵੀ ਨਿਗਮ ਵੱਲੋਂ ਹੀ ਇਮਾਰਤ ਬਣਾਉਣ ਵਾਲੇ ਮਾਲਕਾਂ ਤੋਂ ਲਿਆ ਜਾਵੇਗਾ। ਨਿਗਮ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਇਮਾਰਤਾਂ ਨੂੰ ਸੀਲ ਕੀਤਾ ਜਾ ਰਿਹਾ ਹੈ, ਉਨ੍ਹਾਂ ’ਤੇ ਪੀਲੀ ਟੇਪ ਚਿਪਕਾਈ ਜਾ ਰਹੀ ਹੈ, ਜਿਸ ’ਤੇ ‘ਐਂਟਰ ਨਾ ਹੋਵੋ’ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕੁਝ ਗੈਰ-ਕਾਨੂੰਨੀ ਇਮਾਰਤਾਂ ਨੂੰ ਸੀਲ ਕਰਨ ਲਈ ਲੋਹੇ ਦੇ ਤਾਲੇ ਲਗਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਗਰ ਨਿਗਮ ਤੋਂ ਨਕਸ਼ਾ ਮਨਜ਼ੂਰ ਹੋਣ ਤੋਂ ਬਾਅਦ ਹੀ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਜਾਵੇ।