ਨਗਰ ਕੌਂਸਲ ਧਾਰੀਵਾਲ ਦੇ ਮੀਤ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 27 ਦਸੰਬਰ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਐੱਸਡੀਐੱਮ ਗੁਰਦਾਸਪੁਰ ਡਾ. ਕਰਮਜੀਤ ਸਿੰਘ ਦੀ ਮੌਜੂਦਗੀ ਵਿੱਚ ਨਗਰ ਕੌਂਸਲ ਧਾਰੀਵਾਲ ਦੇ ਮੀਤ ਪ੍ਰਧਾਨ ਦੀ ਚੋਣ ਹੋਈ। ਦੱਸਣਯੋਗ ਹੈ ਨਗਰ ਕੌਂਸਲ ਦੇ ਪਹਿਲੇ ਵਾਈਸ ਪ੍ਰਧਾਨ ਕੁਸ਼ਮ ਖੋਸਲਾ ਦੇ ਇਸ ਅਹੁਦੇ ਦੀ ਮਿਆਦ ਖਤਮ ਹੋ ਚੁੱਕੀ ਸੀ। ਇਸ ਮੌਕੇ ਚੋਣ ਪ੍ਰਕਿਰਿਆ ਵਿੱਚ ਨਗਰ ਕੌਂਸਲ ਧਾਰੀਵਾਲ ਦੇ ਕੁੱਲ 13 ਕੌਂਸਲਰਾਂ ਵਿੱਚੋਂ 9 ਕੌਂਸਲਰ ਸ਼ਾਮਲ ਹੋਏ। ਚੋਣ ਪ੍ਰਕਿਰਿਆ ਦੌਰਾਨ ਪਹਿਲੇ ਵਾਈਸ ਪ੍ਰਧਾਨ/ ਕੌਂਸਲਰ ਕੁਸ਼ਮ ਖੋਸਲਾ ਨੇ ਵਾਈਸ ਪ੍ਰਧਾਨ ਲਈ ਕੌਂਸਲਰ ਦੀਪਕ ਕੁਮਾਰ ਰਿੰਟੂ ਦਾ ਨਾਂ ਪੇਸ਼ ਕੀਤਾ, ਜਿਸ ’ਤੇ ਆਜ਼ਾਦ ਕੌਂਸਲਰ ਪਵਨ ਅਬਰੋਲ ਨੇ ਇਸ ਦੀ ਪਰੋੜਤਾ ਕੀਤੀ। ਹਾਜ਼ਰ ਸਾਰੇ ਕੌਂਸਲਰਾਂ ਨੇ ਦੀਪਕ ਕੁਮਾਰ ’ਤੇ ਸਹਿਮਤੀ ਪ੍ਰਗਟਾਉਣ ਮਗਰੋਂ ਚੋਣ ਪ੍ਰਕਿਰਿਆ ਪੂਰੀ ਹੋਣ ’ਤੇ ਐੱਸਡੀਐੱਮ ਗੁਰਦਾਸਪੁਰ ਡਾ. ਕਰਮਜੀਤ ਸਿੰਘ ਨੇ ਦੀਪਕ ਕੁਮਾਰ ਰਿੰਟੂ ਨੂੰ ਵਾਈਸ ਪ੍ਰਧਾਨ ਐਲਾਨਿਆ। ਚੋਣ ਮੀਟਿੰਗ ’ਚ ਹਾਜ਼ਰ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਸਾਬਕਾ ਵਾਈਸ ਪ੍ਰਧਾਨ ਕੁਸ਼ਮ ਖੋਸਲਾ, ਕੌਂਸਲਰ ਪਵਨ ਅਬਰੋਲ, ਕੌਂਸਲਰ ਇੰਦਰਿਆਸ ਹੰਸ ਨੇ ਹਾਰ ਪਾ ਕੇ ਨਵੇਂ ਬਣੇ ਵਾਈਸ ਪ੍ਰਧਾਨ ਦੀਪਕ ਕੁਮਾਰ ਰਿੰਟੂ ਨੂੰ ਵਧਾਈ ਦਿੱਤੀ।