ਨਗਰ ਕੌਂਸਲ ਕਾਦੀਆਂ ਨੇ ਨਾਜਾਇਜ਼ ਕਬਜ਼ੇ ਹਟਵਾਏ
ਨਗਰ ਕੌਂਸਲ ਕਾਦੀਆਂ ਵੱਲੋਂ ਸ਼ਹਿਰ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਿਵਲ ਲਾਈਨ ਰੋਡ ’ਤੇ ਜਿਨ੍ਹਾਂ ਦੁਕਾਨਦਾਰਾਂ ਅਤੇ ਫੜੀ ਵਾਲਿਆਂ ਵੱਲੋਂ ਸੜਕਾਂ ਤੱਕ ਆਪਣੀ ਦੁਕਾਨਾਂ ਦਾ ਵਾਧਾ ਕੀਤਾ ਗਿਆ ਸੀ, ਉਨ੍ਹਾਂ ਨੂੰ ਆਪਣੀ ਹਦੂਦ ਤੱਕ ਹੀ ਦੁਕਾਨਾਂ ਲਗਾਉਣ ਲਈ ਕਿਹਾ ਗਿਆ। ਇਸ ਸਬੰਧ ਵਿੱਚ ਨਗਰ ਕੌਂਸਲ ਕਾਦੀਆਂ ਦੀ ਇੰਸਪੈਕਟਰ ਰਣਜੀਤ ਕੌਰ ਨੇ ਦੱਸਿਆ ਕਿ ਉਹ ਸ਼ਹਿਰ ਵਾਸੀਆਂ ਨੂੰ ਕਈ ਦਿਨਾਂ ਤੋਂ ਅਪੀਲ ਕਰ ਰਹੇ ਹਨ ਕਿ ਕਾਦੀਆਂ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਦੇਸ਼- ਵਿਦੇਸ਼ ਤੋਂ ਵੱਡੀ ਗਿਣਤੀ ’ਚ ਮਹਿਮਾਨ ਆ ਰਹੇ ਹਨ। ਸ਼ਹਿਰ ਵਿੱਚ ਭੀੜ ਦੀ ਸੰਭਾਵਨਾ ਦੇ ਮੱਦੇਨਜ਼ਰ ਸਿਵਲ ਲਾਈਨ ’ਚ ਲੱਗਣ ਵਾਲੀਆਂ ਆਰਜ਼ੀ ਦੁਕਾਨਾਂ ਨੂੰ ਹੱਦਬੰਦੀ ਤੋਂ 5 ਮੀਟਰ ਦੇ ਦਾਇਰੇ ਤੱਕ ਹੀ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਦੂਜੇ ਪਾਸੇ, ਕੁੱਝ ਦੁਕਾਨਦਾਰਾਂ ਨੇ ਨਗਰ ਕੌਂਸਲ ਦੇ ਕੁਝ ਕਰਮਚਾਰੀਆਂ ’ਤੇ ਕੁੱਝ ਦੁਕਾਨਦਾਰਾਂ ਨਾਲ ਦੁਰਵਿਵਹਾਰ ਕਰਨ ਅਤੇ ਮਾਰਕੁੱਟ ਦੇ ਦੋਸ਼ ਲਾਏ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜੇ ਕੋਈ ਕਬਜ਼ਾ ਹੈ ਤਾਂ ਤਹਿਜ਼ੀਬ ਦੇ ਦਾਇਰੇ ਵਿੱਚ ਰਹਿੰਦਿਆਂ ਇਸ ਨੂੰ ਹਟਾਇਆ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਨਾਲ ਮਾਰਕੁੱਟ ਕਰ ਕੇ ਅਤੇ ਬਦਤਮੀਜ਼ੀ ਕਰ ਕੇ। ਇੰਸਪੈਕਟਰ ਰਣਜੀਤ ਕੌਰ ਨਗਰ ਕੌਂਸਲ ਨੇ ਦੱਸਿਆ ਕਿ ਉਹ ਪੂਰੀ ਕਾਰਵਾਈ ਦੌਰਾਨ ਖ਼ੁਦ ਮੌਕੇ ’ਤੇ ਮੌਜੂਦ ਸਨ। ਕਿਸੇ ਵੀ ਕਰਮਚਾਰੀ ਨੇ ਕਿਸੇ ਨਾਲ ਦੁਰਵਿਵਹਾਰ ਜਾਂ ਮਾਰਕੁੱਟ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਜਿਨ੍ਹਾਂ ਨੂੰ ਚੈੱਕ ਕੀਤਾ ਜਾ ਸਕਦਾ ਹੈ। ਇਸ ਮੌਕੇ ਕਮਲਜੀਤ ਸਿੰਘ ਰਾਜਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।