ਨਕਾਬਪੋਸ਼ਾਂ ਨੇ ਘਰ ਦੇ ਦਰਵਾਜ਼ੇ ਨੂੰ ਅੱਗ ਲਾਈ
ਚੰਡੀਗੜ੍ਹ (ਪੱਤਰ ਪ੍ਰੇਰਕ): ਸੈਕਟਰ 40 ਵਿੱਚ ਵੀਰਵਾਰ ਦੇਰ ਰਾਤ ਕੁਝ ਨਕਾਬਪੋਸ਼ ਨੌਜਵਾਨਾਂ ਨੇ ਇੱਕ ਘਰ ਦੇ ਦਰਵਾਜ਼ੇ ਉਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਮਕਾਨ ਮਾਲਕਾਂ ਵਲੋਂ ਸੂਚਨਾ ਦੇਣ ’ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਬੁਝਾਈ। ਘਟਨਾ ਬਾਰੇ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ। ਮਕਾਨ ਨੰਬਰ 387 ਦੇ ਮਾਲਕ ਹਕੀਕਤ ਨੇ ਦੱਸਿਆ ਕਿ ਉਸ ਦੇ ਕਰੀਬ 14 ਸਾਲਾ ਬੇਟੇ ਦੀ ਕੁਝ ਕੁ ਨੌਜਵਾਨਾਂ ਨਾਲ ਕੋਈ ਪੁਰਾਣੀ ਰੰਜਿਸ਼ ਹੈ। ਵੀਰਵਾਰ ਰਾਤ ਕਰੀਬ ਸਵਾ 1 ਵਜੇ ਉਨ੍ਹਾਂ ਦੇਖਿਆ ਕਿ ਘਰ ਦੇ ਬਾਹਰ ਮੁੱਖ ਜਾਅਲੀ ਵਾਲੇ ਦਰਵਾਜ਼ੇ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਨੇ ਇਸ ਬਾਰੇ ਤੁਰੰਤ ਚੰਡੀਗੜ੍ਹ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਤੋਂ ਪਤਾ ਲੱਗਾ ਕਿ ਕੱਪੜਿਆਂ ਨਾਲ ਮੂੰਹ ਢੱਕ ਕੇ ਆਏ ਤਿੰਨ ਨੌਜਵਾਨਾਂ ਨੇ ਦਰਵਾਜ਼ੇ ’ਤੇ ਪੈਟਰੋਲ ਛਿੜਕ ਕੇ ਅੱਗ ਲਾਈ ਤੇ ਫਰਾਰ ਹੋ ਗਏ। ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਸੈਕਟਰ 56 ਦੇ ਵਸਨੀਕਾਂ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ ਲਗਪਗ 15-16 ਸਾਲ ਹੈ।