ਨਕਲੀ ਪੁਲੀਸ ਮੁਲਾਜ਼ਮ ਬਣ ਕੇ ਲੁੱਟ-ਖੋਹ ਕਰਨ ਵਾਲਾ ਗਰੋਹ ਕਾਬੂ
ਸਰਬਜੀਤ ਗਿੱਲ
ਫਿਲੌਰ, 2 ਜਨਵਰੀ
ਪੁਲੀਸ ਨੇ ਇੱਕ ਨਕਲੀ ਪੁਲੀਸ ਅਧਿਕਾਰੀ ਬਣ ਕੇ ਗਰੋਹ ਦੀ ਅਗਵਾਈ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰਕੇ ਕਈ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਏ ਵਿਸ਼ੇਸ਼ ਅਪਰੇਸ਼ਨ ਦੌਰਾਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਮੈਂਬਰ ਜਗਜੀਤ ਸਿੰਘ ਉਰਫ ਗਰੇਵਾਲ ਉਰਫ ਲਵਲੀ ਵਾਸੀ ਜੱਸੀਆਂ, ਲੁਧਿਆਣਾ, ਸੁਖਪਾਲ ਸਿੰਘ ਉਰਫ ਸੁੱਖਾ ਵਾਸੀ ਸੁਰਜੇਵਾਲਾ ਫਾਜ਼ਿਲਕਾ, ਸਨੀ ਉਰਫ ਸਨੀ ਦਿਓਲ ਵਾਸੀ ਮੁਹੱਲਾ ਪੰਜ ਢੇਰਾ ਫਿਲੌਰ ਅਤੇ ਰਮਨ ਕੁਮਾਰ ਵਾਸੀ ਤੈਹਿੰਗ ਥਾਣਾ ਫਿਲੌਰ ਨੂੰ ਗ੍ਰਿਫਤਾਰ ਕੀਤਾ ਹੈ। ਡੀਐੱਸਪੀ ਫਿਲੌਰ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਮਿਲ ਕੇ ਫਿਲੌਰ ਸ਼ਹਿਰ, ਮੇਨ ਹਾਈਵੇਅ ਫਿਲੌਰ ਵਿੱਚ ਤੇਜ਼ਧਾਰ ਹਥਿਆਰਾਂ ਦਾ ਡਰਾਵਾ ਦੇ ਕੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਕੀਤੀਆਂ ਗਈਆਂ ਸਨ ਅਤੇ ਹੁਣ ਇਨ੍ਹਾਂ ਵੱਲੋਂ ਹੁਣ ਜਾਅਲੀ ਸੀਆਈਏ ਸਟਾਫ਼ ਦੇ ਮੁਲਾਜ਼ਮ ਬਣ ਕੇ ਲੁੱਟ-ਖੋਹ ਨੂੰ ਅੰਜਾਮ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਸੁਖਪਾਲ ਸਿੰਘ ਨਕਲੀ ਸਬ-ਇੰਸਪੈਕਟਰ ਬਣਿਆ ਹੋਇਆ ਸੀ। ਇਨ੍ਹਾਂ ਪਾਸੋਂ ਲੁੱਟ-ਖੋਹ ਕੀਤੇ ਮੋਬਾਈਲ ਅਤੇ ਵਾਰਦਾਤਾਂ ਕਰਨ ਲਈ ਵਰਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਡੀਐੱਸਪੀ ਨੇ ਦੱਸਿਆ ਕਿ ਆਮ ਲੋਕਾਂ ਨੂੰ ਪੈਸਿਆਂ ਦਾ ਝਾਂਸਾ ਦੇ ਕੇ ਬੈਂਕ ਖਾਤੇ ਖੁੱਲ੍ਹਵਾ ਕੇ ਠੱਗੀਆਂ ਮਾਰਨ ਵਾਲੇ ਦੋ ਵਿਅਕਤੀਆਂ ਵਰਿੰਦਰ ਸਿੰਘ ਵਾਸੀ ਭਿਲਾਈ ਸਪਿਲਾ ਅਤੇ ਅਮਰਿੰਦਰ ਸਿੰਘ ਸੈਣੀ ਵਾਸੀ ਛੱਤੀਸਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵਿਅਕਤੀ ਪੰਜਾਬ ਦੇ ਵੱਖ-ਵੱਖ ਬੈਂਕਾਂ ਵਿੱਚ 9 ਵਿਅਕਤੀਆਂ ਦੇ ਕੁੱਲ 23 ਬੈਂਕ ਖਾਤੇ ਖੁੱਲ੍ਹਵਾ ਕੇ ਉਨ੍ਹਾਂ ਦੇ ਖਾਤਿਆਂ ਵਿੱਚ ਪੈਸਿਆਂ ਦਾ ਲੈਣ-ਦੇਣ ਕਰਦੇ ਸਨ। ਇਨ੍ਹਾਂ ਵੱਲੋਂ ਭੋਲੇ-ਭਾਲੇ ਵਿਅਕਤੀਆਂ ਨੂੰ 2-3 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਖਾਤੇ ਖੁੱਲ੍ਹਵਾਏ ਗਏ ਅਤੇ ਇਨ੍ਹਾਂ ਖਾਤਿਆਂ ਵਿੱਚ ਉਨ੍ਹਾਂ ਵੱਲੋਂ ਵੱਡੇ ਪੱਧਰ ’ਤੇ ਪੈਸਿਆਂ ਦਾ ਲੈਣ ਦੇਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਮਰਜੀਤ ਸਿੰਘ ਉਰਫ ਪੱਪੂ ਵਾਸੀ ਲਾਂਦੜਾ ਨੂੰ ਗ੍ਰਿਫਤਾਰ ਕਰ ਕੇ ਉਸਦੇ ਕਬਜ਼ੇ ਵਿੱਚੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸੇ ਲੜੀ ਤਹਿਤ ਮਹਿਲਾ ਨਸ਼ਾ ਤਸਕਰ ਜਸਵਿੰਦਰ ਕੌਰ ਉਰਫ ਬਿੰਦਰ ਪਤਨੀ ਸਤਨਾਮ ਰਾਮ ਵਾਸੀ ਭਾਰਸਿੰਘਪੁਰਾ ਤੋਂ 5 ਕਿਲੋ ਡੋਡੇ ਅਤੇ 35,000 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।