ਨਕਦੀ ਵਿਵਾਦ: ਸਟੋਰ ’ਚੋਂ ਸ਼ੱਕੀ ਹਾਲਾਤ ਵਿੱਚ ਹਟਾਏ ਸਨ ‘ਨੋਟਾਂ ਦੇ ਬੰਡਲ’
ਉਜਵਲ ਜਲਾਲੀ
ਨਵੀਂ ਦਿੱਲੀ, 19 ਜੂਨ
ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਨਾਲ ਸਬੰਧਤ ਨਕਦੀ ਵਿਵਾਦ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਦਿੱਲੀ ਵਿਚਲੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਦੇ ਸਟੋਰ ’ਚੋਂ ‘ਨਕਦੀ ਦੇ ਬੰਡਲ’ ਬਰਾਮਦ ਹੋਏ ਸਨ ਜਿਨ੍ਹਾਂ ਨੂੰ ਬਾਅਦ ਸ਼ੱਕੀ ਹਾਲਾਤ ’ਚ ਹਟਾਇਆ ਗਿਆ ਸੀ। ਮਾਮਲੇ ਦੀ ਜਾਂਚ ਕਰਨ ਵਾਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਜੀਐੱਸ ਸੰਧਾਵਾਲੀਆ ਤੇ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਅਨੂ ਸ਼ਿਵਾਰਮਨ ’ਤੇ ਆਧਾਰਿਤ ਤਿੰਨ ਮੈਂਬਰੀ ਕਮੇਟੀ ਨੇ ਪਾਇਆ ਕਿ ਨਕਦੀ ਜੋ ਕਥਿਤ ਤੌਰ ’ਤੇ 1.5 ਫੁੱਟ ਉੱਚੇ ਢੇਰ ’ਚ ਸੀ, ਨੂੰ ਸਟੋਰ ’ਚ ਰੱਖਿਆ ਗਿਆ ਸੀ ਅਤੇ 15 ਮਾਰਚ ਦੇ ਤੜਕੇ (ਘਟਨਾ ਤੋਂ ਕੁਝ ਘੰਟੇ ਬਾਅਦ) ਹਟਾ ਦਿੱਤਾ ਗਿਆ ਸੀ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਕਮਰੇ ਤੱਕ ਪਹੁੰਚ ਸਿਰਫ਼ ਜਸਟਿਸ ਵਰਮਾ ਤੇ ਉਸ ਦੇ ਪਰਿਵਾਰ ਕੋਲ ਸੀ। ‘ਦਿ ਟ੍ਰਿਬਿਊਨ’ ਵੱਲੋਂ ਹਾਸਲ ਜਾਂਚ ਰਿਪੋਰਟ ’ਚ ਕਿਹਾ ਗਿਆ ਹੈ, ‘ਕਮੇਟੀ ਦਾ ਮੰਨਣਾ ਹੈ ਕਿ ਭਾਰਤ ਤੇ ਚੀਫ ਜਸਟਿਸ ਦੇ 22 ਮਾਰਚ ਦੇ ਪੱਤਰ ’ਚ ਲਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਲਈ ਲੋੜੀਂਦੇ ਤੱਥ ਹਨ ਅਤੇ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਇਹ ਮਾੜਾ ਵਿਹਾਰ ਇੰਨਾ ਗੰਭੀਰ ਹੈ ਕਿ ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਦੀ ਲੋੜ ਹੈ।’ ਕਮੇਟੀ ਨੇ ਭਾਰਤ ਚੀਫ ਜਸਟਿਸ ਨੂੰ 4 ਮਈ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਸੀ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ 14 ਮਾਰਚ ਨੂੰ ਜਸਟਿਸ ਵਰਮਾ ਦੀ ਤੁਗਲਕ ਰੋਡ ਸਥਿਤ ਰਿਹਾਇਸ਼ ’ਤੇ ਅੱਗ ਲੱਗਣ ਮਗਰੋਂ ਵੱਡੀ ਮਾਤਰਾ ’ਚ ਨੋਟਾਂ ਦੇ ਸੜੇ ਹੋਏ ਬੰਡਲ ਮਿਲੇ ਸਨ।