ਨਕਦੀ ਮਾਮਲਾ: ਐੱਸਡੀਐੱਮ ਕੋਹਲੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ
ਸੰਤੋਖ ਗਿੱਲ
ਰਾਏਕੋਟ, 18 ਜੂਨ
12 ਜੂਨ ਨੂੰ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਦੇ ਸਟੈਨੋ ਜਤਿੰਦਰ ਸਿੰਘ ਨੀਟਾ ਦੀ ਅਲਮਾਰੀ ਵਿੱਚੋਂ 24 ਲੱਖ 6 ਹਜ਼ਾਰ ਰੁਪਏ ਮਿਲਣ ਬਾਅਦ ਐੱਸਡੀਐੱਮ ਕੋਹਲੀ ਨੇ ਕਈ ਦਿਨ ਦੀ ਭੱਜ ਦੌੜ ਬਾਅਦ ਆਖ਼ਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।
ਐੱਸਡੀਐੱਮ ਕੋਹਲੀ ਨੇ ਵਕੀਲ ਪਵਨ ਘਈ ਰਾਹੀਂ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੀਤੀ ਸੁਖੀਜਾ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਚੌਕਸੀ ਵਿਭਾਗ ਨੂੰ ਰਿਕਾਰਡ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 23 ਜੂਨ ਨੂੰ ਨਿਸ਼ਚਿਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਨੀਟਾ ਵੱਲੋਂ ਕੀਤੇ ਖ਼ੁਲਾਸਿਆਂ ਬਾਅਦ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਨੂੰ ਵੀ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ ਸੀ। ਇਸੇ ਮਾਮਲੇ ਵਿੱਚ ਨਾਮਜ਼ਦ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਬੱਗੀ ਵਾਸੀ ਝੋਰੜਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਰਾਏਕੋਟ ਦਾ ਨਵਾਂ ਐੱਸਡੀਐੱਮ ਨਿਯੁਕਤ
ਰਾਏਕੋਟ: 6 ਦਿਨ ਤੋਂ ਐੱਸਡੀਐਮ ਦਫ਼ਤਰ ਰਾਏਕੋਟ ਨੂੰ ਤਾਲੇ ਲੱਗਣ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਅੱਜ ਇੱਥੇ ਨਵੇਂ ਐੱਸਡੀਐੱਮ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜ਼ੀ ਪ੍ਰਬੰਧ ਅਧੀਨ ਜਗਰਾਉਂ ਦੇ ਐੱਸਡੀਐੱਮ ਕਰਨਦੀਪ ਸਿੰਘ ਪੀਸੀਐੱਸ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਦਫ਼ਤਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਨਵੇਂ ਐੱਸਡੀਐੱਮ ਆਮ ਵਾਂਗ ਜ਼ਮੀਨੀ ਮਾਮਲਿਆਂ ਦੀ ਸੁਣਵਾਈ ਕਰਨਗੇ।Advertisement