ਧੂਰੀ ਸ਼ਹਿਰ ਦੀ ਅੰਦਰੂਨੀ ਸੜਕ ਦੇ ਸੁਸਤ ਰਫ਼ਤਾਰ ਕੰਮ ਤੋਂ ਲੋਕ ਪ੍ਰੇਸ਼ਾਨ
ਬੀਰਬਲ ਰਿਸ਼ੀ
ਧੂਰੀ, 16 ਮਈ
ਧੂਰੀ ਦੀ ਸੰਗਰੂਰ-ਮਾਲੇਰਕੋਟਲਾ ਨੂੰ ਦੋਵੇਂ ਪਾਸਿਓ ਜੋੜਦੀ 8.16 ਕਰੋੜ ਦੀ ਲਾਗਤ ਨਾਲ ਬਣ ਰਹੀ ਅੰਦਰੂਨੀ ਸੜਕ ਦੇ ਸੁਸਤ ਰਫ਼ਤਾਰ ਕੰਮ ਤੋਂ ਲੋਕ ਪ੍ਰੇਸ਼ਾਨ ਹਨ। ਸੁੰਦਰੀਕਰਨ ਸਣੇ ਮਹਿਜ ਨੌਂ ਮਹੀਨਿਆਂ ਦੇ ਕਾਰਜਕਾਲ ਵਿੱਚ ਬਣਾਈ ਜਾਣ ਵਾਲੀ ਇਹ ਸੜਕ ਦਾ ਧੀਮੀ ਗਤੀ ਨਾਲ ਕੰਮ ਚਲਦਿਆਂ ਅੱਠ ਮਹੀਨੇ ਬੀਤ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਤੰਬਰ 2024 ਤੋਂ ਚੱਲ ਰਹੇ ਕੰਮ ਦੌਰਾਨ ਹੁਣ ਤੱਕ ਕੁੱਝ ਥਾਵਾਂ ’ਤੇ ਸੜਕ ਨੂੰ ਦੋਵੇਂ ਪਾਸਿਓ ਪੁੱਟ ਕੇ ਰੋੜੀ ਪਾਏ ਜਾਣ, ‘ਬਾਲੀਆ ਹਾਰਟ ਸੈਂਟਰ’ ਨੇੜਿਉਂ ਡਿਵਾਈਡਰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਪਰ ਦੱਸਿਆ ਜਾ ਰਿਹਾ ਹੈ ਤਕਨੀਕੀ ਖਾਮੀਆਂ ਕਾਰਨ ਇਹ ਕੰਮ ਹਾਲੇ ਨੇਪਰੇ ਨਹੀਂ ਚੜ੍ਹ ਸਕਿਆ। ਧੂਰੀ ਸ਼ਹਿਰ ਅੰਦਰਲੀ ਸੜਕ ਦੀ ਖਸਤਾ ਹਾਲਤ ਕਾਰਨ ਕਈ ਸਕੂਟਰ, ਮੋਟਰਸਾਈਕਲ ਸਵਾਰਾਂ ਦੇ ਅਕਸਰ ਸੱਟਾਂ ਲਗਦੀਆਂ ਰਹਿੰਦੀਆਂ ਹਨ। ਬੀਐਂਡਆਰ ਦੇ ਐੱਸਡੀਓ ਮੁਨੀਸ਼ ਕੁਮਾਰ ਨੇ ਦੱਸਿਆ ਕਿ ਪਾਵਰਕੌਮ ਕੋਲ ਉਨ੍ਹਾਂ ਲਾਈਨਾ ਪਿੱਛੇ ਹਟਾਉਣ ਤੇ ਖੰਭਿਆਂ ਦੇ ਬਕਾਇਦਾ ਪੈਸੇ ਭਰੇ ਜਾ ਚੁੱਕੇ ਹਨ ਪਰ ਪਾਵਰਕੌਮ ਨੇ ਧੂਰੀ ਦੇ ਸੰਗਰੂਰ ਵਾਲੇ ਪਾਸਿਉਂ ਸ਼ਹਿਰ ਅੰਦਰਲੇ ਫਾਟਕਾਂ ਤੱਕ ਤਾਂ ਆਪਣਾ ਕੰਮ ਕਰ ਦਿੱਤਾ ਪਰ ਮਾਲੇਰਕੋਟਲਾ ਬਾਈਪਾਸ ਵਾਲੇ ਪਾਸਿਉਂ ਬਾਗੜੀਆ ਚੌਕ ਬੁੱਤ ਤੋਂ ਰੇਲਵੇ ਫਾਟਕਾਂ ਤੱਕ ਕੰਮ ਸਿਰੇ ਨਾ ਚੜ੍ਹਨ ਕਾਰਨ ਸਮੱਸਿਆ ਆ ਰਹੀ ਹੈ। ਇਸੇ ਤਰ੍ਹਾਂ ਐੱਸਡੀਓ ਅਨੁਸਾਰ ਇੱਕ ਕਾਰਨ ਨਾਜਾਇਜ਼ ਕਬਜਿਆਂ ਨੂੰ ਹਟਾਉਣ ਦਾ ਵੀ ਹੈ ਜਿਸ ਸਬੰਧੀ ਉਨ੍ਹਾਂ ਨਗਰ ਕੌਂਸਲ ਨੂੰ ਕੱਢੇ ਗਏ ਕਈ ਪੱਤਰਾਂ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ 16 ਮਈ ਤੋਂ ਲੋਕਾਂ ਨੂੰ ਫਾਟਕਾਂ ਤੋਂ ਸੰਗਰੂਰ ਬਾਈਪਾਸ ਤੱਕ ਪ੍ਰੀਮਿਕਸ ਪਾਏ ਜਾਣ ਦਾ ਕੰਮ ਚਲਦਾ ਵਿਖਾਈ ਦੇਵੇਗਾ। ਦੋਸ਼ ਨਕਾਰਦਿਆਂ ਪਾਵਰਕੌਮ ਦੇ ਐਕਸੀਅਨ ਮਨੋਜ ਕੁਮਾਰ ਨੇ ਕਿਹਾ ਕਿ ਪਿਛਲੇ ਦਿਨੀਂ ਆਏ ਤੂਫ਼ਾਨ ਕਾਰਨ ਟੁੱਟੇ ਹੋਏ ਖੰਭੇ ਤੇ ਹੋਰ ਨੁਕਸਾਨੇ ਸਾਮਾਨ ਨੂੰ ਠੀਕ ਕਰਨ ਲਈ ਬਿਜਲੀ ਕਰਮਚਾਰੀ ਜੁਟੇ ਹੋਏ ਹਨ ਅਤੇ ਘੱਟੋ-ਘੱਟ ਹਾਲੇ 10 ਦਿਨ ਹੋਰ ਲੱਗ ਸਕਦੇ ਹਨ।