ਧੂਰੀ ਦੇ ਬਾਜ਼ਾਰਾਂ ’ਚ ਤਿਰੰਗਾ ਯਾਤਰਾ ਕੱਢੀ
ਧੂਰੀ, 25 ਮਈ
ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਨੂੰ ‘ਅਪਰੇਸ਼ਨ ਸਿੰਧੂਰ’ ਰਾਹੀਂ ਦਿੱਤੇ ਗਏ ਮੂੰਹ ਤੋੜਵੇਂ ਜਵਾਬ ਦੀ ਸਫ਼ਲਤਾ, ਭਾਰਤੀ ਫ਼ੌਜ ਦੇ ਸਨਮਾਨ ਅਤੇ ਪਹਿਲਗਾਮ ’ਚ ਸ਼ਹੀਦ ਹੋਏ ਲੋਕਾਂ ਦੀ ਯਾਦ ਨੂੰ ਸਮਰਪਿਤ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਹਿੰਦੂ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ‘ਤਿਰੰਗਾ ਯਾਤਰਾ’ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਸ਼ੁਮਾਰ ਸਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ ਅਤੇ ਸੂਬਾਈ ਆਗੂ ਸਰਜੀਵਨ ਜਿੰਦਲ ਨੇ ਭਾਰਤੀ ਫ਼ੌਜ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਹੁਣ ਮਜ਼ਬੂਤ ਦੇਸ਼ ਹੈ ਅਤੇ ਇਹ ਕਿਸੇ ਵੀ ਅਤਿਵਾਦੀ ਗਤੀਵਿਧੀ ਦਾ ਢੁੱਕਵਾਂ ਜਵਾਬ ਦੇਣ ਦੇ ਸਮਰੱਥ ਹੈ। ਬੁਲਾਰਿਆਂ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਰਾਹੀਂ ਭਾਰਤੀ ਫ਼ੌਜ ਨੇ ਇੱਕ ਅਜਿਹੇ ਦੇਸ਼ ਨੂੰ ਢੁੱਕਵਾਂ ਜਵਾਬ ਦਿੱਤਾ ਹੈ ਜੋ ਸਾਲਾਂ ਤੋਂ ਭਾਰਤ ਨੂੰ ਪ੍ਰਮਾਣੂ ਯੁੱਧ ਦੀ ਧਮਕੀ ਦੇ ਰਿਹਾ ਸੀ। ਫ਼ੌਜ ਦੀ ਇਸ ਇਤਿਹਾਸਕ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਨਾ ਸਿਰਫ਼ ਇੱਕ ਸ਼ਾਂਤੀ ਪਸੰਦ ਦੇਸ਼ ਹੈ ਸਗੋਂ ਹਰ ਮੋਰਚੇ ’ਤੇ ਆਪਣੀ ਰੱਖਿਆ ਕਰਨ ਦੇ ਸਮਰੱਥ ਵੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦਾ ਮਨੋਬਲ ਹਰ ਨਾਗਰਿਕ ਦੀ ਤਾਕਤ ਹੈ ਅਤੇ ਅਜਿਹੀਆਂ ਤਿਰੰਗਾ ਯਾਤਰਾਵਾਂ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਵੀ ਮਜ਼ਬੂਤ ਬਣਾਉਂਦੀਆਂ ਹਨ। ਇਸ ਮੌਕੇ ਸਵਾਮੀ ਉਮੇਸ਼ਾਨੰਦ ਜੀ ਮਹਾਰਾਜ, ਮੰਡਲ ਪ੍ਰਧਾਨ ਅਰੁਣ ਆਰੀਆ, ਬ੍ਰਿਜੇਸ਼ਵਰ ਗੋਇਲ, ਕੌਂਸਲਰ ਅਸ਼ਵਨੀ ਮਿੱਠੂ, ਭੁਪਿੰਦਰਪਾਲ ਮਿੱਠਾ ਅਤੇ ਜਸਵਿੰਦਰ ਸਿੰਘ ਰਿਖੀ ਆਦਿ ਵੀ ਹਾਜ਼ਰ ਸਨ।