ਧਾਲੀਵਾਲ ਵੱਲੋਂ ਪੰਜ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ
ਰਣਬੀਰ ਮਿੰਟੂ
ਚੇਤਨਪੁਰਾ, 19 ਮਈ
ਹਲਕਾ ਵਿਧਾਇਕ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਉਦਘਾਟਨੀ ਸਮਰੋਹਾਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਡਿਆਲ ਭੜੰਗ ਦੇ 5.79 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਮੱਤੇਨੰਗਲ ਦੇ 13.95 ਲੱਖ ਰੁਪਏ , ਸਰਕਾਰੀ ਹਾਈ ਸਕੂਲ ਡਿਆਲ ਭੜੰਗ ਦੇ 30 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਵਿਛੋਆ ਦੇ 10.89 ਲੱਖ ਰੁਪਏ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਛੋਆ ਦੇ 29.44 ਲੱਖ ਰੁਪਏ ਦੀ ਲਾਗਤ ਨਾਲ ਨੇਪੜੇ ਚੜ੍ਹੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿੱਖਿਆ ਖੇਤਰ ’ਚ ਰੰਗਲੇ ਪੰਜਾਬ ਦੀ ਸਿਰਜਣਾ ਲਈ 730 ਕਰੋੜ ਰੁਪਏ ਦੀ ਲਾਗਤ ਨਾਲ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਿੱਖਿਆ ਕ੍ਰਾਂਤੀ ਮੂੰਹੋਂ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਿਦਿਆਰਥੀਆਂ ਨੂੰ ਪੜ੍ਹਾਈ ’ਚ ਸਮੇਂ ਦੇ ਹਾਣੀ ਬਣਾਉਣ ਲਈ ਉਚੇਚੀ ਦਿਲਚਸਪੀ ਲੈ ਰਹੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ 12064 ਕੈਂਪਸ ਸੁਰੱਖਿਆ ਗਾਰਡ ਅਤੇ 2012 ਚੌਕੀਦਾਰਾਂ ਦੀ ਵੀ ਨਿਯੁੁਕਤੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 13.5 ਕਰੋੜ ਰੁਪਏ ਦੀ ਲਾਗਤ ਨਾਲ 359 ਸਕੂਲਾਂ ’ਚ ਖੇਡ ਮੈਦਾਨਾਂ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਿੱਖਿਆਂ ਕ੍ਰਾਂਤੀ ਦੇ ਤਹਿਤ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਿੰ. ਇਕਬਾਲ ਸਿੰਘ, ਮੁੱਖ ਅਧਿਆਪਕ ਸਰਬਜੋਤ ਸਿੰਘ ਵਿਛੋਆ, ਸਰਬਜੀਤ ਸਿੰਘ, ਰਜਵੰਤ ਕੌਰ, ਤੋਂ ਇਲਾਵਾ ਪੰਚ ਸਰਪੰਚ ਤੇ ਸਕੂਲ ਕਮੇਟੀ ਆਹੁਦੇਦਾਰ ਅਦਿ ਮੌਜੂਦ ਸਨ।