ਧਾਲੀਵਾਲ ਵੱਲੋਂ ਨਸ਼ਾ ਮੁਕਤੀ ਮੁਹਿੰਮ ਤਹਿਤ ਰੈਲੀਆਂ
ਸੁਖਦੇਵ ਸੁਖ
ਅਜਨਾਲਾ, 25 ਮਈ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪਿੰਡ ਸਾਹਲੀਵਾਲ, ਸੈਦਪੁਰ ਖੁਰਦ, ਮਾਝੀਮੀਆਂ, ਸੈਦੋਗਾਜੀ ਅਤੇ ਰਾਏਪੁਰ ਕਲਾਂ ਵਿੱਚ ਨਸ਼ਾ ਮੁਕਤੀ ਮੁਹਿੰਮ ਤਹਿਤ ਰੈਲੀਆਂ ਕੀਤੀਆਂ। ਸਥਾਨਕ ਲੋਕਾਂ ਨੇ ਰੈਲੀਆਂ ’ਚ ਹਿੱਸਾ ਲੈਂਦਿਆਂ ਨਸ਼ੇ ਨੂੰ ਆਪਣੇ ਪਿੰਡਾਂ ਵਿੱਚੋਂ ਖਤਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਲਈ ਪੰਜਾਬ ਵਿੱਚ ਹੁਣ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ,‘ਇਹ ਧੰਦਾ ਪਿਛਲੀਆਂ ਸਰਕਾਰਾਂ ਦੇ ਕੁਝ ਮੰਤਰੀਆਂ, ਵਿਧਾਇਕਾਂ ਦੀ ਮਿਲੀਭੁਗਤ ਨਾਲ ਚੱਲਦਾ ਰਿਹਾ ਹੈ, ਪਰ ਅਸੀਂ ਇਨ੍ਹਾਂ ਲੋਕਾਂ ਨੂੰ ਪੰਜਾਬ ਦੀਆਂ ਜੂਹਾਂ ਛੁਡਾ ਦਿਆਂਗੇ।’ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਸੁਨੇਹਾ ਬਹੁਤ ਸਪਸ਼ਟ ਹੈ ਕਿ ਜਾਂ ਤਾਂ ਇਹ ਲੋਕ ਆਪਣਾ ਕੰਮ ਛੱਡ ਜਾਣ ਜਾਂ ਪੰਜਾਬ ਛੱਡ ਜਾਣ, ਇਸ ਤੋਂ ਵਿਚਾਲੇ ਕੋਈ ਗੱਲ ਨਹੀਂ। ਉਨ੍ਹਾਂ ਕਿਹਾ,‘ਸਾਡੀ ਪਾਰਟੀ ਦਾ ਕੋਈ ਨੇਤਾ, ਕੋਈ ਵਜ਼ੀਰ, ਕੋਈ ਸਰਪੰਚ ਨਸ਼ਾ ਵੇਚਣ ਵਾਲਿਆਂ ਦੀ ਥਾਣੇ ਵਿੱਚ ਜਾਮਨੀ ਨਹੀਂ ਭਰੇਗਾ, ਸਿਫਾਰਿਸ਼ ਤਾਂ ਦੂਰ ਦੀ ਗੱਲ ਹੈ।’