ਧਾਰਮਿਕ ਪ੍ਰੀਖਿਆ ’ਚ ਅੱਵਲ ਵਿਦਿਆਰਥੀਆਂ ਦਾ ਸਨਮਾਨ
ਸਰਬਜੋਤ ਸਿੰਘ ਦੁੱਗਲ/ਸਤਨਾਮ ਸਿੰਘ
ਕੁਰੂਕਸ਼ੇਤਰ/ਸ਼ਾਹਬਾਦ ਮਾਰਕੰਡ, 25 ਮਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਸਤੀ ਦਾਸ ਤੇ ਭਾਈ ਮਤੀ ਦਾਸ, ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ 350 ਸਾਲਾ ਗੁਰਿਆਈ ਸ਼ਤਾਬਦੀ ਨੂੰ ਸਮਰਪਿਤ ਵੱਡੇ ਪੱਧਰ ’ਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਝਾਂਸਾ ਵਿੱਚ ਪਿਛਲੇ ਦਿਨੀਂ ਧਾਰਮਿਕ ਪ੍ਰੀਖਿਆ ਕਰਵਾਈ ਗਈ ਸੀ, ਜਿਸ ਦਾ ਅੱਜ ਨਤੀਜਾ ਐਲਾਨਿਆ ਗਿਆ। ਇਸ ਵਿੱਚ ਪਹਿਲੇ ਦਰਜੇ ਵਿੱਚ ਅਵਨੀਤ ਕੌਰ, ਜਸਮੀਤ ਸਿੰਘ ਤੇ ਏਕਮਪ੍ਰੀਤ ਕੌਰ ਅਤੇ ਦੂਜੇ ਦਰਜੇ ਵਿੱਚ ਹਰਗੁਣ ਸਿੰਘ, ਗੁਰਮਨਦੀਪ ਕੌਰ ਤੇ ਜਸ਼ਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਇਨ੍ਹਾਂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਲਈ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਗਿਆ।