ਚਰਨਜੀਤ ਸਿੰਘ ਢਿੱਲੋਂਜਗਰਾਉਂ, 26 ਦਸੰਬਰਪਿਛਲੇ ਢਾਈ-ਤਿੰਨ ਮਹੀਨਿਆਂ ਤੋਂ ਜਗਰਾਉਂ ਸ਼ਹਿਰ ਵਿੱਚ ਕੂੜਾ ਚੁੱਕਣ ਸਬੰਧੀ ਚੱਲ ਰਹੇ ਵਿਵਾਦ ਕਾਰਨ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ ਹਨ। ਜਿਸ ਕਾਰਨ ਇਕ ਪਾਸੇ ਸ਼ਹਿਰ ’ਚ ਗੰਭੀਰ ਬਿਮਾਰੀਆਂ ਫ਼ੈਲਣ ਦਾ ਡਰ ਸਤਾਉਣ ਲੱਗਾ ਹੈ, ਉੱਥੇ ਹੀ ਡਿਸਪੋਸਲ ਰੋਡ ’ਤੇ ਧਾਰਮਿਕ ਅਸਥਾਨਾਂ ਤੇ ਗਊਸ਼ਾਲਾ ਕੋਲ ਕੂੜੇ ਦੇ ਲੱਗੇ ਵੱਡੇ ਅੰਬਾਰਾਂ ਕਾਰਨ ਵੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਂਵਾ ਬਾਰੇ ਸ਼ਹਿਰ ਦੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਮੁੱਖ ਆਗੂਆਂ ਨੇ ਨਗਰ ਕੌਂਸਲ ਦੀ ਲਾਪ੍ਰਵਾਹੀ ਅਤੇ ਢਿੱਲੀ ਕਾਰਵਾਈ ’ਤੇ ਸਵਾਲ ਖੜ੍ਹੇ ਕਰਦਿਆਂ ਨਾਅਰੇਬਾਜ਼ੀ ਕੀਤੀ ਤੇ ਰੋਸ ਪਰਗਟਾਇਆ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਪ੍ਰਧਾਨ ਅਤੇ ਕਾਰਜ-ਸਾਧਕ ਅਫ਼ਸਰ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆਂ।ਮੰਗ ਪੱਤਰ ਰਾਂਹੀ ਵਫ਼ਦ ਨੇ ਨਗਰ ਕੌਂਸਲ ਨੂੰ ਸ਼ਹਿਰ ਦੇ ਮਾੜੇ ਹਾਲਾਤ ਬਾਰੇ ਦੱਸਿਆ ਕਿ ਡਿਸਪੋਸਲ ਰੋਡ ਦੀ ਪਛਾਣ ਹੁਣ ਕੂੜੇ ਵਾਲੀ ਸੜਕ ਵਜੋਂ ਹੋਣ ਲੱਗ ਪਈ ਹੈ ਜਦਕਿ ਇਸ ਸੜਕ ’ਤੇ ਕ੍ਰਿਸ਼ਨਾ ਗਊਸ਼ਾਲਾ, ਦਵਾਰਕਦੀਸ਼ ਮੰਦਰ, ਗੁਰਦੁਆਰਾ ਸਾਹਿਬ, ਸ਼ਨੀ ਮੰਦਰ, ਖਾਟੂ ਸ਼ਿਆਮ ਮੰਦਰ ਵੀ ਸਥਿਤ ਹੈ। ਇਸ ਕੂੜੇ ਕਰਕੇ ਸ਼ਰਧਾਲੂਆਂ ਤੇ ਹੋਰ ਰਾਹਗੀਰਾਂ ਲਈ ਦਿੱਕਤਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਤੋਂ ਬਿਨਾਂ ਇਸ ਸੜਕ ’ਤੇ ਸ਼ਾਸਤਰੀ ਨਗਰ, ਮਧੂਬਨ ਐਨਕਲੇਵ, ਅਗਵਾੜ ਖਵਾਜਾ ਬਾਜੂ ਆਦਿ ਵਿੱਚ ਵੱਡੀ ਗਿਣਤੀ ਲੋਕ ਰਹਿੰਦੇ ਹਨ। ਵਫ਼ਦ ਨੇ ਰੋਸ ਜਤਾਉਂਦਿਆਂ ਦੱਸਿਆ ਕਿ ਜਦੋਂ ਮੰਗ ਪੱਤਰ ਦੇਣ ਲਈ ਉਹ ਨਗਰ ਕੌਂਸਲ ਦਫ਼ਤਰ ਪਹੁੰਚੇ ਤਾਂ ਉੱਥੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ ਤੇ ਦਫ਼ਤਰ ’ਚ ਮੌਜੂਦ ਇਕਲੌਤੇ ਇੰਸਪੈਕਟਰ ਨੂੰ ਵਾਰ-ਵਾਰ ਸੱਦਣ ਮਗਰੋਂ ਉਸ ਨੇ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਨਗਰ ਕੌਂਸਲ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਢੁੱਕਵਾਂ ਹੱਲ ਨਾ ਕੱਢਿਆ ਗਿਆ ਤਾਂ ਸਥਾਨਕ ਵਸਨੀਕਾਂ ਨੂੰ ਨਾਲ ਲੈ ਕੇ ਸਘੰਰਸ਼ ਵਿੱਢਿਆ ਜਾਵੇਗਾ।